ਕਹਿੰਦੇ ਹਨ ਹਰ ਕਾਮਜਾਬ ਆਦਮੀ ਦੀ ਕਾਮਜਾਬੀ ਪਿੱਛੇ ਔਰਤ ਦਾ ਹੱਥ ਹੁੰਦਾ ਹੈ।
ਮੇਰੇ ਗੁਆਂਢੀ ਸ੍ਰੀ Surinder Kumar Mittal ਦੀ ਅੱਜ ਸੇਵਾ ਮੁਕਤੀ ਪਾਰਟੀ ਸੀ। ਮੈਨੂੰ ਕੁਝ ਦਿਨ ਪਹਿਲਾ ਹੈ ਮਿੱਤਲ ਸਾਬ ਨੇ ਚਾਰ ਸ਼ਬਦ ਉਸ ਮੌਕੇ ਤੇ ਬੋਲਣ ਲਈ ਕਿਹਾ। ਮੈ ਕਦੇ ਸਟੇਜ ਤੇ ਨਹੀਂ ਚੜਿਆ। ਬਸ ਐਵੇ ਹਿੱਚ ਜਿਹੀ ਹੈ।
“ਸਾਰੀ ਦੁਨੀਆ ਬੋਲ ਲੈਂਦੀ ਹੈ ਜਦੋ ਇੰਨਾ ਲਿਖ ਲੈਂਦੇ ਹੋ ਤਾਂ ਚਾਰ ਸ਼ਬਦ ਬੋਲਣ ਲਗਿਆ ਕੀ ਗੋਲੀ ਪੈਂਦੀ ਹੈ।” ਉਸਨੇ ਹੌਸਲਾ ਵੀ ਦਿੱਤਾ ਤੇ ਟੋਕਰ ਵੀ ਮਾਰੀ। ਫਿਰ ਭਾਈ ਔਖੇ ਸੋਖੇ ਨੇ ਚਾਰ ਲਾਈਨਾਂ ਲਿਖ ਲਈਆਂ ਕਾਗਜ ਤੇ। ਸਟੇਜ ਤੇ ਬੋਲਣ ਦਾ ਸੋਚਕੇ ਹੀ ਦਿਲ ਦੀ ਧੜਕਣ ਵੱਧ ਜਾਵੇ। ਉਹ ਯਾਨੀ ਮੇਰੀ ਪ੍ਰੇਰਨਾ ਸਰੋਤ ਬੈਠੀ ਵੀ ਮੇਰੇ ਨਾਲ ਦੀ ਸੀਟ ਤੇ ਹੀ ਸੀ। ਉਸਨੇ ਕਾਹਲੀ ਨਾਲ ਮੇਰਾ ਨਾਮ ਬੁਲਾਰਿਆਂ ਦੀ ਲਿਸਟ ਵਿੱਚ ਲਿਖਵਾ ਦਿੱਤਾ।
ਸਟੇਜ ਸੈਕਟਰੀ ਦੇ ਬਲਾਉਣ ਤੇ ਮੈਂ ਬੋਲਣ ਲਈ ਡਾਇਸ ਤੇ ਚਲਾ ਗਿਆ। ਲਗਦਾ ਸੀ ਸ਼ਬਦ ਹੀ ਨਹੀਂ ਨਿਕਲਣੇ ਮੇਰੀ ਜ਼ੁਬਾਨ ਚੋ। ਪਰ ਸਾਹਮਣੇ ਉਹ ਬੈਠੀ ਸੀ ਜਿਸ ਨੂੰ ਮੇਰੀ ਕਾਮਜਾਬੀ ਦਾ ਕਰੈਡਿਟ ਮਿਲਣਾ ਸੀ। ਪਰ ਉਸ ਵੱਲੋਂ ਹੌਸਲਾ ਵੀ ਸੀ। ਤੇ ਬੇਇੱਜਤੀ ਵਾਲਾ ਡਰ ਵੀ। “ਜਿਥੇ ਮਿੱਤਲ ਸਾਹਿਬ ਨੂੰ ਇਸ ਉਚੇ ਮੁਕਾਮ ਤੇ ਪਹੁੰਚਾਉਣ ਦਾ ਸੇਹਰਾ ਮਿੱਤਲ ਸਾਬ ਦੇ ਮਾਂ ਪਿਓ ਤੇ ਖੁਦ ਦੀ ਮੇਹਨਤ ਨੂੰ ਜਾਂਦਾ ਹੈ ਓਥੇ ਮਿਸਿਜ਼ ਮਿੱਤਲ ਦਾ ਰੋਲ ਵੀ ਕੋਈ ਘੱਟ ਨਹੀਂ। ਜਿਵੇ ਇਸ ਡਾਇਸ ਤੇ ਪਹੁੰਚਉਣ ਲਈ ਮੇਰੀ ਮਿਸਿਜ਼ ਦਾ ਹੱਥ ਹੈ ਯ ਡਰ ਹੈ।” ਮੇਰੇ ਲਿਖੇ ਹੋਏ ਸ਼ਬਦਾਂ ਵਿੱਚ ਜਾਨ ਸੀ ਪਰ ਬੋਲਣ ਦਾ ਹੌਸਲਾ ਉਸ ਔਰਤ ਨੇ ਦਿੱਤਾ ਜਿੰਨਾ ਨੂੰ ਅਸੀਂ ਆਖਦੇ ਹਨ ਕਿ ਇਹ ਬੰਦੇ ਨੀ ਕੁਸਕਨ ਨਹੀਂ ਦਿੰਦੀਆਂ। ਮੇਰੇ ਹਰ ਫਿਕਰੇ ਤੇ ਖੂਬ ਤਾੜੀਆਂ ਵੱਜਦੀਆਂ। ਤੇ ਸਰੋਤੇ ਵੀ ਮੁੜ ਮੁੜ ਕੇ ਕਦੇ ਮੇਰੇ ਵੱਲ ਤੇ ਕਦੇ ਮੈਨੂੰ ਹੌਸਲਾ ਦੇਣ ਵਾਲੀ ਵੱਲ ਝਾਕਣ।
ਉਸਦੇ ਦਿੱਤੇ ਹੌਸਲੇ ਨਾਲ ਮੈਂ ਆਪਣੇ ਚਾਰ ਸ਼ਬਦ ਪੂਰੇ ਕਰ ਆਇਆ। ਜਿਸ ਨਾਲ ਮੇਰਾ ਇੱਕ ਬੁਲਾਰੇ ਵਾਲਾ ਕੀੜਾ ਵੀ ਜਾਗ ਪਿਆ। ਹੁਣ ਜਦੋਂ ਵੀ ਕਿਸੇ ਸਟੇਜ ਤੇ ਚੜਦਾ ਹਾਂ ਤਾਂ ਹੌਸਲਾ ਦੇਣ ਵਾਲੀ ਨੂੰ ਯਾਦ ਕਰ ਲੈਂਦਾ ਹਾਂ। ਜੇ ਮਾਂ ਨੇ ਮੈਨੂੰ ਬੋਲਣਾ ਸਿਖਾਇਆ ਤਾਂ ਜੁਆਕਾਂ ਦੀ ਮਾਂ ਨੇ ਮੈਨੂੰ ਸਟੇਜ ਤੱਕ ਪਹੁੰਚਾਇਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ