“ਪਾਪਾ ਸਸਕਾਰ ਤੇ ਰੋਟੀ ਵਾਲੇ ਕਿੰਨੇ ਕੁ ਜਣੇ ਹੋ ਜਾਣਗੇ। ਐਂਕਲ ਪੁੱਛਦੇ ਸੀ।” ਕੈਂਸਰ ਦੀ ਲੰਮੀ ਬਿਮਾਰੀ ਪਿੱਛੋਂ ਮਰੀ ਆਪਣੀ ਪਤਨੀ ਦੇ ਸੱਥਰ ਤੇ ਬੈਠੇ ਨੂੰ ਉਸਦੇ ਬੇਟੇ ਨੇ ਪੁੱਛਿਆ। ਉਹ ਆਪਣੀ ਪਤਨੀ ਬਾਰੇ ਹੀ ਸੋਚ ਰਿਹਾ ਸੀ। ਅਜੇ ਤਿੰਨ ਕੁ ਮਹੀਨੇ ਪਹਿਲਾਂ ਹੀ ਉਸਦੀ ਬਿਮਾਰੀ ਜਾਹਿਰ ਹੋਈ ਸੀ। ਫਿਰ ਉਸਦੇ ਇਲਾਜ ਲਈ ਉਹਨਾਂ ਨੇ ਏਮਜ, ਪੀ ਜੀ ਆਈ ਤੇ ਕੋਈਂ ਪ੍ਰਾਈਵੇਟ ਹਸਪਤਾਲ ਨਹੀਂ ਛੱਡਿਆ। ਉਸ ਦਿਨ ਤੋਂ ਬਾਅਦ ਤਾਂ ਉਸਨੇ ਦੁਕਾਨ ਵੀ ਨਹੀਂ ਖੋਲ੍ਹੀ। ਆਪਣੀ ਜਮਾਂਪੂੰਜੀ, ਸੋਨਾ ਤੇ ਹੋਰ ਜੋ ਕੁਝ ਵੀ ਕੋਲ੍ਹ ਸੀ ਸਭ ਪਤਨੀ ਦੇ ਇਲਾਜ ਤੇ ਲਗਾ ਦਿੱਤਾ। ਰਿਸ਼ਤੇਦਾਰਾਂ ਵੱਲੋਂ ਕੀਤੀ ਮੱਦਦ ਵੀ ਉਸ ਉਪਰ ਕਰਜ਼ਾ ਹੀ ਸੀ। ਜੋ ਮੋੜਣਾ ਹੀ ਪਵੇਗਾ।
“ਅੰਦਾਜ਼ਾ ਸੌ ਕੁ ਜਣਾ ਹੋ ਹੀ ਜਾਵੇਗਾ।” ਉਸਨੇ ਜਵਾਬ ਦੇ ਇੰਤਜ਼ਾਰ ਵਿੱਚ ਖਡ਼ੇ ਆਪਣੇ ਬੇਟੇ ਨੂੰ ਜਵਾਬ ਦਿੱਤਾ।
ਘਟੋ ਘੱਟ ਪੰਜਾਹ ਕੁ ਜਣੇ ਤਾਂ ਫੁੱਲਾਂ ਵਾਲੇ ਦਿਨ ਵੀ ਹੋ ਜਾਣਗੇ ਤੇ ਭੋਗ ਵਾਲੇ ਦਿਨ ਤਾਂ ਪੰਜ ਸੌ ਤੋਂ ਉੱਪਰ। ਉਸਨੇ ਮਨ ਹੀ ਮਨ ਵਿੱਚ ਸੋਚਿਆ। ਹਲਵਾਈ, ਟੈਂਟ, ਵੇਟਰ, ਕੌਫ਼ੀ ਦੇ ਖਰਚੇ ਸੋਚਕੇ ਉਹ ਹੋਰ ਵੀ ਪ੍ਰੇਸ਼ਾਨ ਹੋ ਗਿਆ। ਨੱਕ ਰੱਖਣ ਲਈ ਸਭ ਕੁੱਝ ਕਰਨਾ ਹੀ ਪਵੇਗਾ। ਇਸ ਤੋਂ ਇਲਾਵਾ ਹੋਰ ਕੋਈਂ ਹੱਲ ਵੀ ਤਾਂ ਨਹੀਂ। ਹੁਣ ਸ਼ਾਇਦ ਉਹ ਪਤਨੀ ਦੀ ਮੌਤ ਨਾਲੋਂ ਅੱਗੇ ਦਾ ਸੋਚਕੇ ਵਧੇਰੇ ਚਿੰਤਤ ਸੀ। ਇਹ ਇੱਕ ਘਰ ਦੀ ਕਹਾਣੀ ਨਹੀਂ। ਇਹ ਸਾਰੇ ਸਮਾਜ ਦਾ ਦਰਦ ਹੈ। ਜਾਣ ਵਾਲੇ ਨਾਲੋਂ ਉਸਨੂੰ ਸਮੇਟਣ ਦੇ ਖਰਚੇ ਦਾ ਫਿਕਰ ਬਹੁਤੇ ਪਰਿਵਾਰਾਂ ਨੂੰ ਤੋੜ ਦਿੰਦਾ ਹੈ। ਸਮੂਹਿਕ ਭੋਜ ਵਿਆਹਾਂ ਵਿੱਚ ਵੀ ਹੁੰਦੇ ਹਨ। ਪਰ ਓਹ ਪਹਿਲਾਂ ਤੋਂ ਹੀ ਨਿਰਧਾਰਤ ਹੁੰਦੇ ਹਨ। ਯਾਨੀ ਪ੍ਰੀ ਪਲਾਨਡ। ਬੰਦਾ ਆਪਣੀ ਖੁਸ਼ੀ ਲਈ ਪਹਿਲਾਂ ਤੋਂ ਪੈਸੇ ਜੋੜਕੇ ਰੱਖਦਾ ਹੈ। ਪਰ ਮਰਗ ਦੇ ਭੋਗ ਤੇ ਕੀਤੇ ਜਾਣ ਵਾਲੇ ਖ਼ਰਚੇ ਉਸਦੀ ਮਜਬੂਰੀ ਹੁੰਦੇ ਹਨ ਤੇ ਇਹ ਅਚਨਚੇਤੀ ਹੁੰਦੇ ਹਨ। ਉਸ ਤੋਂ ਪਹਿਲਾਂ ਪਤਾ ਨਹੀਂ ਪੀੜਤ ਕਿੰਨਾ ਕੁ ਛਿੱਲਿਆ ਜਾ ਚੁੱਕਿਆ ਹੁੰਦਾ ਹੈ। ਪਰ ਫਿਰ ਵੀ ਉਸ ਪਰਿਵਾਰ ਨੂੰ ਸਮਾਜ ਖਾਤਰ ਇਹ ਸਭ ਕੁਝ ਕਰਨਾ ਪੈਂਦਾ ਹੈ। ਜਿੱਥੇ ਵਿਆਹ ਦੇ ਸਮਾਰੋਹਾਂ ਵਿੱਚ ਖੁਸ਼ੀਆਂ ਹੁੰਦੀਆਂ ਹਨ ਉੱਥੇ ਮਰਗ ਦੇ ਭੋਗ ਦੇ ਖਾਣੇ ਵਿੱਚ ਆਹਾਂ, ਹੌਂਕੇ ਤੇ ਦਰਦ ਹੁੰਦਾ ਹੈ। ਖਾਣਾ ਦਰਦ ਨਾਲ ਖਵਾਇਆ ਜਾਂਦਾ ਹੈ। ਜਵਾਨ ਮੌਤ ਤੋਂ ਬਾਅਦ ਵੀ ਪਰਿਵਾਰ ਹੱਥ ਜੋੜਦਾ ਹੈ ਕਿ ਪ੍ਰਸ਼ਾਦਾ ਛੱਕਕੇ ਜਾਇਓ। ਇੱਥੇ ਸਮਾਜਕ ਮਜਬੂਰੀ ਝਲਕਦੀ ਹੈ। ਇਹ ਅੱਜ ਹੀ ਨਹੀਂ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਹੈ। ਪਰ ਪਹਿਲਾਂ ਇਸਤਰਾਂ ਦਾ ਸ਼ਾਹੀ ਖਾਣਾ, ਸਵੀਟ ਡਿਸ਼ ਨਹੀਂ ਸੀ ਹੁੰਦੀ। ਰੋਟੀ ਸਾਦੀ ਹੁੰਦੀ ਸੀ ਉਹ ਵੀ ਸਰੀਕੇ ਕਬੀਲੇ ਵੱਲੋਂ ਕੀਤੀ ਜਾਂਦੀ ਸੀ। ਕਹਿੰਦੇ ਪਹਿਲਾਂ ਮਰਗ ਵਾਲੇ ਘਰੇ ਦਾਲ ਸਬਜ਼ੀ ਵਿੱਚ ਹਲਦੀ ਵੀ ਨਹੀਂ ਸੀ ਪਾਈ ਜਾਂਦੀ। ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਮਰਗ ਦੇ ਭੋਗ ਤੇ ਵੀ ਚਾਵਲ, ਰਾਇਤਾ, ਤਿੰਨ ਸਬਜ਼ੀਆਂ, ਸਲਾਦ ਤੇ ਮੂੰਗ ਦਾਲ ਦੇ ਹਲਵੇ ਨਾਲ ਢਿੱਡ ਭਰਕੇ ਵੀ ਮੇਰੇ ਅਰਗਾ ਕਹਿ ਦਿੰਦਾ ਹੈ, “ਬਾਕੀ ਤਾਂ ਠੀਕ ਸੀ। ਬੱਸ ਦਾਲ ਵਿੱਚ ਨਮਕ ਜਿਆਦਾ ਸੀ।”
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ