ਧੀ ਭੈਣ ਭੂਆ | dhee bhen bhua

ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸੀ ਤੇ ਭਰਾ ਕੋਈ ਨਹੀਂ ਸੀ। ਜਿੰਨਾ ਨੂੰ ਅਸੀਂ ਭੂਆ ਸਾਵੋ, ਭੂਆ ਸੋਧਾਂ, ਭੂਆ ਭਗਵਾਨ ਕੁਰ ਤੇ ਭੂਆ ਰਾਜ ਕੁਰ ਆਖਦੇ ਸੀ। ਇਹ ਚਾਰੇ ਮੇਰੇ ਦਾਦਾ ਜੀ ਨੂੰ ਬਾਈ ਆਖਕੇ ਬੁਲਾਉਂਦੀਆਂ ਸਨ। ਪੰਜਾਬੀ ਵਿੱਚ ਜੇ ਬਾਈ ਦਾ ਮਤਲਬ ਵੀਹ ਤੇ ਦੋ ਹੁੰਦਾ ਹੈ ਤਾਂ ਇਸ ਦਾ ਅਰਥ ਵੱਡਾ ਭਰਾ ਵੀ ਹੁੰਦਾ ਹੈ। ਬਾਈ ਬਹੁਤ ਅਦਬ ਦਾ ਸ਼ਬਦ ਹੈ। ਪੰਜਾਬੀਆਂ ਨੇ ਜਦੋਂ ਕਿਸੇ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਹੈ ਤਾਂ ਕਹਿੰਦੇ ਹਨ “ਬਾਈ ਬਣਕੇ ਇਹ ਕੰਮ ਕਰਦੇ।” ਬਾਈ ਆਖਣ ਤੋਂ ਬਾਅਦ ਕਿਸੇ ਦੀ ਜੁਰਅਤ ਨਹੀਂ ਪੈਂਦੀ ਕਿ ਉਹ ਕਿਸੇ ਦਾ ਕੰਮ ਨਾ ਕਰੇ। ਚਾਰੇ ਭੈਣਾਂ ਆਪਣੇ ਬਾਈ ਤੋਂ ਡਰਦੀਆਂ ਵੀ ਬਹੁਤ ਸਨ। ਫਿਰ ਮੇਰੇ ਦੋ ਭੂਆ ਹੋਈਆਂ। ਵੱਡੀ ਸਰੁਸਤੀ ਤੇ ਛੋਟੀ ਮਾਇਆ। ਇਹ ਦੋਨੋ ਵੀ ਆਪਣੇ ਪਿਓ ਨੂੰ ਆਪਣੀਆਂ ਭੂਆਂ ਦੀ ਰੀਸ ਨਾਲ ਬਾਈ ਹੀ ਆਖਕੇ ਬੁਲਾਉਂਦੀਆਂ। ਤੇ ਇਸੇ ਕਾਰਨ ਮੇਰੇ ਪਾਪਾ ਜੀ ਤੇ ਚਾਚਾ ਜੀ ਮੇਰੇ ਦਾਦਾ ਜੀ ਨੂੰ ਬਾਈ ਆਖਣ ਲੱਗ ਪਏ। ਗੱਲ ਇੱਥੇ ਹੀ ਖਤਮ ਨਹੀਂ ਹੋਈ। ਮੇਰੇ ਦੋਨੇ ਫੁਫੜ ਵੀ ਮੇਰੇ ਦਾਦਾ ਜੀ ਨੂੰ ਬਾਈ ਆਖਦੇ ਤੇ ਮੇਰੀ ਮਾਂ ਤੇ ਮੇਰੀ ਚਾਚੀ ਜੀ ਵੀ ਆਪਣੇ ਸੋਹਰੇ ਨੂੰ ਬਾਈ ਆਖਦੀਆਂ ਸਨ। ਜਿਵੇਂ ਕਈ ਜੁਆਕ ਆਪਣੇ ਚਾਚੇ ਤੇ ਭੂਆ ਦੀ ਰੀਸ ਨਾਲ ਆਪਣੀ ਮਾਂ ਨੂੰ ਭਾਬੀ ਆਖਦੇ ਹਨ। ਤੇ ਕਈ ਜੁਆਕ ਆਪਣੇ ਪਿਓ ਨੂੰ ਇਸ ਲਈ ਚਾਚਾ ਆਖਕੇ ਬਲਾਉਂਦੇ ਹਨ ਕਿਉਕਿ ਉਹਨਾਂ ਦੇ ਤਾਏ ਦੇ ਮੁੰਡੇ ਚਾਚਾ ਹੀ ਆਖਦੇ ਸਨ।
ਪਰ ਪੰਜਾਬੀ ਦਾ ਬਾਈ ਸ਼ਬਦ ਆਪਣੇ ਆਪ ਵਿੱਚ ਬਹੁਤ ਕੁਝ ਸਮੇਟੀ ਬੈਠਾ ਹੈ। ਇਹ ਬਹੁਤ ਪਿਆਰਾ ਸ਼ਬਦ ਹੈ ਜੋ ਤੁਸੀਂ ਆਪਣੇ ਹਮ ਉਮਰ ਲਈ ਬੜੀ ਖੁਸ਼ੀ ਨਾਲ ਵਰਤ ਸਕਦੇ ਹੋ। ਇਹ ਗੱਲ ਮੰਨ ਕੇ ਚਲਿਓ ਕਿ ਬਾਈ 2022 ਇੱਕਲਾ ਟਵੈਂਟੀ ਟੂ ਹੀ ਨਹੀਂ ਹੁੰਦਾ। ਸਗੋਂ ਵੱਡਾ ਭਰਾ ਵੀ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *