ਮੈ ਪਿੰਡ ਰਹਿੰਦਾ ਸੀ ਤੇ ਛੇਵੀਂ ਚ ਪੜ੍ਹਦਾ ਸੀ। ਰੋਜ਼ ਦੀ ਤਰਾਂ ਮੱਝਾਂ ਨਹਾਉਣ ਗਿਆ ਛੱਪੜ ਤੇ ਗਿਆ। ਦੋ ਮੱਝਾਂ ਹੁੰਦੀਆਂ ਸਨ ਸਾਡੇ ਕੋਲ। ਇੱਕ ਤਾਂ ਸਾਡੇ ਸ਼ੁਰੂ ਤੋ ਹੀ ਸਾਡੇ ਕੋਲ ਸੀ। ਚਾਰ ਪੰਜ ਸੂਏ ਆਪਣੇ ਘਰੇ ਹੀ ਸੂਈ ਸੀ। ਤੇ ਦੂਜੀ ਤੋਕੜ ਜਿਹੀ ਸਸਤੀ ਹੀ ਲਿਆਂਦੀ ਸੀ। ਓਹ ਉਂਜ ਵੀ ਲਿੱਸੀ ਜਿਹੀ ਸੀ। ਘਰ ਵਾਪਿਸੀ ਤੇ ਮੇਰੇ ਸ਼ਰਾਰਤੀ ਦਿਮਾਗ ਨੂੰ ਪਤਾ ਨਹੀ ਕੀ ਸੁੱਝੀ ਕਿ ਮੈ ਦੋਹਾਂ ਮੱਝਾਂ ਦੀਆਂ ਪੂਛਾਂ ਆਪਸ ਵਿੱਚ ਬੰਨ ਦਿੱਤੀਆਂ। ਓਹ ਦੋਵੇਂ ਘਰੇ ਇੱਕਠੀਆਂ ਹੀ ਤੁਰੀਆਂ ਆਈਆਂ। ਮੈਂ ਸੋਚਿਆ ਇਹ ਪੂਛਾਂ ਆਪੇ ਖੁੱਲ ਜਾਣਗੀਆਂ। ਮਾੜੀ ਕਿਸਮਤ ਨੂੰ ਜਦੋ ਮੱਝਾਂ ਅੱਗੇ ਪਿੱਛੇ ਹੋਈਆਂ ਤਾਂ ਉਸ ਲਿੱਸੀ ਜਿਹੀ ਮੱਝ ਦੀ ਪੂਛ੍ਹ ਜੜ੍ਹ ਤੋਂ ਟੁੱਟ ਗਈ। ਲਹੂ ਦੇ ਘਰਾਲੇ ਚੱਲ ਪਏ। ਚਲੋ ਕਿਵੇਂ ਨਾ ਕਿਵੇਂ ਪੱਟੀ ਬੰਨਕੇ ਖੂਨ ਬੰਦ ਕੀਤਾ ਗਿਆ। ਪਰ ਮੱਝ ਲੰਡੀ ਹੋ ਗਈ। “ਏਹਨੇ ਮੱਝਾਂ ਦਾ ਟੋਚਨ ਕਰਤਾ।” ਉਹ ਮੱਝ ਸਾਡੇ ਘਰੇ ਚਾਰ ਪੰਜ ਸਾਲ ਰਹੀ। ਉਸ ਦਿਨ ਮੇਰੀ ਮਾਂ ਨੇ ਮੇਰੀ ਖੂਬ ਸੇਵਾ ਕੀਤੀ। ਅਜੇ ਤੱਕ ਯਾਦ ਹੈ। ਉਸ ਦਿਨ ਹਕੀਕਤ ਵਿੱਚ ਪਤਾ ਚੱਲਿਆ ਕਿ ਛਿਤਰੋਲ ਕੀ ਹੁੰਦੀ ਹੈ। ਓਹ ਮੱਝ ਫਿਰ ਅਸੀਂ ਮਸਾਂ ਹੀ ਵੇਚੀ। ਪਤਾ ਨਹੀਂ ਸੀ ਕਿ ਛੋਟੀ ਜਿਹੀ ਸ਼ਰਾਰਤ ਇੰਨੀ ਵੱਡੀ ਗਲਤੀ ਬਣ ਜਾਵੇਗੀ।
ਪਿੰਡ ਵਾਲੇ ਕਈ ਸਾਲ ਮੇਰੇ ਉਸ ਕਿੱਸੇ ਨੂੰ ਯਾਦ ਕਰਕੇ ਮੇਰੇ ਤੇ ਹੱਸਦੇ ਰਹੇ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।