ਅੱਸੀ ਦੇ ਦਹਾਕੇ ਵਿੱਚ ਮੈਂ ਤੇ ਮੇਰਾ ਦੋਸਤ ਬੀ ਆਰ ਬੀ ਦਾ ਟੈਸਟ ਦੇਣ ਲਈ ਲੁਧਿਆਣਾ ਗਏ। ਉਥੇ ਅਸੀਂ ਕਿਚਲੂ ਨਗਰ ਵਿੱਚ ਰਹਿੰਦੀ ਮੇਰੀ ਕੁਲੀਗ ਮੈਡਮ ਕੁਲਦੀਪ ਕੰਡਾ ਦੀ ਭੈਣ ਦੇ ਘਰੇ ਰਾਤ ਰੁਕੇ। ਉਸਦੀ ਭੈਣ ਦਾ ਦੇਵਰ ਯੂਥ ਕਾਂਗਰਸ ਦਾ ਕੋਈ ਵੱਡਾ ਆਗੂ ਸੀ। ਜਿਸਦੇ ਗਿਆਨੀ ਜੈਲ ਸਿੰਘ ਜੀ ਨਾਲ ਨਜ਼ਦੀਕੀ ਸਬੰਧ ਸਨ। ਉਹਨਾਂ ਦਾ ਘਰ ਕਾਫੀ ਚੰਗਾ ਸੀ। ਸਾਨੂੰ ਬਾਹਰਲੀ ਬੈਠਕ ਵਿੱਚ ਠਹਿਰਾਇਆ ਗਿਆ। ਜਿਸ ਨਾਲ ਮਾਡਰਨ ਬਾਥਰੂਮ ਅਟੈਚ ਸੀ। ਜੋ ਅਸੀਂ ਪਹਿਲੀ ਵਾਰੀ ਵੇਖਿਆ ਸੀ। ਇੱਥੇ ਹੀ ਬੱਸ ਨਹੀਂ ਬਾਥਰੂਮ ਵਿੱਚ ਵੈਸਟਨ ਸੀਟ ਲੱਗੀ ਹੋਈ ਸੀ। ਜਿਸ ਨੂੰ ਵਰਤਣ ਲਈ ਅਸੀਂ ਕਾਫੀ ਦੇਰ ਆਸਨ ਬਦਲਦੇ ਰਹੇ। ਸਾਨੂੰ ਉਹ ਸੀਟ ਵਰਤਣ ਦਾ ਹਿਸਾਬ ਜਿਹਾ ਨਹੀਂ ਆਇਆ। ਖੈਰ ਸਾਡੇ ਬਣੇ ਪ੍ਰੈੱਸਰ ਕਰਕੇ ਅਸੀਂ ਉਹ ਸੀਟ ਵਰਤਣ ਵਿੱਚ ਸਫਲ ਹੋ ਹੀ ਗਏ। ਉਸ ਮੁਸੀਬਤ ਤੋਂ ਖਹਿੜਾ ਛੁਟਿਆ ਤਾਂ ਨਹਾਉਣ ਲਈ ਟੂਟੀਆਂ ਦਾ ਰੱਫੜ ਪੈ ਗਿਆ। ਉਹਨਾਂ ਦੇ ਬਾਥਰੂਮ ਵਿੱਚ ਟੈਲੀਫੋਨ ਵਾਲਾ ਫੁਹਾਰੇ ਵਾਲਾ ਮਿਕਸਰ ਲੱਗਿਆ ਹੋਇਆ ਸੀ। ਗਰਮ ਤੇ ਠੰਡੇ ਪਾਣੀ ਨੂੰ ਨਹਾਉਣ ਯੋਗ ਬਣਾਉਣ ਲਈ ਸਾਡੀ ਵਾਹਵਾ ਖੱਜਲ ਖੁਆਰੀ ਹੋਈ । ਅਸੀਂ ਦੋਨੇ ਘਰੇ ਚੁੱਲ੍ਹੇ ਤੇ ਪਾਣੀ ਗਰਮ ਕਰਕੇ ਬਾਲਟੀ ਭਰਕੇ ਨਹਾਉਣ ਗਿੱਝੇ ਸੀ। ਖੈਰ ਔਖੇ ਸੌਖੇ ਹੋਕੇ ਅਸੀਂ ਠੰਡੇ ਤੱਤੇ ਪਾਣੀ ਨਾਲ ਨਹਾਉਣ ਦੀ ਕਾਰਵਾਈ ਪੂਰੀ ਕੀਤੀ।
ਉਸੇ ਦਿਨ ਸਾਨੂੰ ਉਸ ਕਾਂਗਰਸੀ ਆਗੂ ਨੇ ਆਪਣਾ ਛੋਟਾ ਜਿਹਾ ਰਿਵਾਲਵਰ ਵੀ ਦਿਖਾਇਆ ਜਿਸ ਤੇ ਸਾਈਲੈਂਸਰ ਲੱਗਿਆ ਹੋਇਆ ਸੀ। ਉਸਦੇ ਦੱਸਣ ਮੁਤਾਬਿਕ ਇਹ ਚੱਲਣ ਵੇਲੇ ਭੋਰਾ ਵੀ ਆਵਾਜ਼ ਨਹੀਂ ਸੀ ਕਰਦਾ। ਇਸ ਤਰਾਂ ਨਾਲ ਸਾਨੂੰ ਇੱਕ ਰਾਤ ਵਿੱਚ ਕਈ ਨਵੀਆਂ ਚੀਜ਼ਾਂ ਵੇਖਣ ਦਾ ਮੌਕਾ ਮਿਲਿਆ ਜੋ ਯਾਦਗਾਰੀ ਬਣੀਆਂ।
ਅੱਜ ਕੱਲ੍ਹ ਤਾਂ ਇਹ ਚੀਜ਼ਾਂ ਆਮ ਹੋ ਗਈਆਂ ਹਨ। ਤਕਰੀਬਨ ਹਰ ਘਰ ਵਿੱਚ ਵੈਸਟਨ ਸੀਟ ਅਤੇ ਮਿਕਸਰ ਲੱਗਿਆ ਹੋਇਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।