ਮੈਂ ਰੂਹੀ ਹਾਂ, ਰੂਹੀ ਜਾਨ। ਲੋਕ ਕਹਿੰਦੇ ਕਿ ਮੈਂ ਬਹੁਤ ਸੋਹਣੀ ਹਾਂ। ਸ਼ੀਸ਼ਾ ਦੇਖ ਮੈਨੂੰ ਵੀ ਲੱਗਦਾ ਕਿ ਮੈਂ ਬਹੁਤ ਸੋਹਣੀ ਹਾਂ ਪਰ ਜੇ ਇਹ ਸ਼ੀਸ਼ਾ ਨਾ ਹੋਵੇ ਤਾਂ ਮੈਂ ਸੋਹਣੀ ਨਹੀਂ ਬਣ ਸਕਦੀ। ਸ਼ੀਸ਼ਾ ਦੇਖ ਦੇਖ ਹੀ ਮੈਨੂੰ ਸੋਹਣੀ ਬਨਣਾ ਆਉਂਦਾ ਹੈ। ਦਸ ਦਸ ਵਾਰ ਤਾਂ ਮੈਂ ਮੇਕਅੱਪ ਕਰਦੀ ਹਾਂ।
ਤੇ… ਤੇ. . . ਸ਼ਾਇਦ ਓਨੀ ਦੇਰ ਤੱਕ ਕਰਦੀ ਰਹਿੰਦੀ ਹਾਂ ਜਦ ਤੱਕ ਮੈਨੂੰ ਮੇਰਾ ਮਨ ਚਾਹਿਆ ਰੂਪ ਨਜ਼ਰ ਨਹੀਂ ਆਉਣ ਲੱਗ ਜਾਂਦਾ ਪਰ ਇਹ ਗੱਲ ਤਾਂ ਮੈਨੂੰ ਹੀ ਪਤਾ ਹੈ ਲੋਕਾਂ ਨੂੰ ਨਹੀਂ ।
ਮੇਰਾ ਤਾਂ ਦਰਜ਼ੀ ਵੀ ਮੇਰੇ ਤੋਂ ਔਖਾ ਹੋ ਜਾਂਦਾ ਹੈ। ਪਤਾ ਕਿਉਂ ??? ਜੇ ਸੂਟ ਫਿੱਟ ਨਾ ਆਵੇ ਤਾਂ ਵੀਹ ਆਰੀ ਦਿੜ•ਾਉਂਦੀ ਹਾਂ ਪਰ. . . ਉਸ ਮਨ ਚਾਹੇ ਲਿਬਾਸ ਦਾ ਕੀ ਕਰਾਂ ਜੋ ਮੈਨੂੰ ਕਦੇ ਫਿੱਟ ਆ ਹੀ ਨਹੀਂ ਸਕਦਾ। ਉੱਧੜ ਵੀ ਨਹੀਂ ਸਕਦਾ ਨਹੀਂ ਤਾਂ. . . .
ਖੈਰ! ਮੈਂ ਦੱਸ ਦੇਵਾਂ ਕਿ ਮੈਂ ਡਾਂਸਰ ਹਾਂ। ਇੱਕ ਧਰਮ ਨਿਰਪੱਖ ਦੇਸ਼ ‘ਚ ਇੱਕ ਧਰਮ ਨਿਰਪੱਖ ਡਾਂਸਰ। ਜਦ ਕਦੇ ਦੇਵੀ ਮਾਂ ਦੇ ਦਰਬਾਰ ਵਿੱਚ ਨੱਚਣਾ ਹੋਵੇ ਤਾਂ ਲਹਿੰਗਾ ਚੋਲੀ ਪਾ ਲੈਂਦੀ ਹਾਂ। ਤਲੀਆਂ ਤੇ ਅਲਤਾ ਅਤੇ ਹਥੇਲੀਆਂ ਤੇ ਮਹਿੰਦੀ ਚਾਅ ਨਾਲ ਲਾਉਂਦੀ ਹਾਂ। ਜੇ ਕਦੇ ਕਿਸੇ ਸੂਫ਼ੀ ਦਰਗਾਹ ਤੇ ਚੌਂਕੀ ਭਰਨੀ ਹੋਵੇ ਤਾਂ ਪੈਰਾਂ ਵਿੱਚ ਘੁੰਗਰੂ ਬੰਨ• ਹੱਥਾਂ ਵਿੱਚ ਖੜਤਾਲ ਫੜ• ਸੁਲਫੇ ਦੇ ਸੂਟੇ ਦਾ ਪ੍ਰਸਾਦ ਲੈ ਸੁਲਤਾਨ ਬਾਹੂ ਦੀਆਂ ਕਵਾਲੀਆਂ ਤੇ ਵੀ ਖੂਬ ਝੂਮਦੀ ਹਾਂ। ਮੇਰਾ ਕੀ ਹੈ ਮੈਂ ਤਾਂ ਜਾਗੋ ਤੇ ਵੀ ਕਦੇ ਨਾਨਕੇ ਮੇਲ ‘ਚ ਰਲ ਛੱਜ ਭੰਨ ਆਉਂਦੀ ਹਾਂ ਤੇ ਕਦੇ ਦਾਦਕੀ ਬਣ ਨਾਨਕੀਆਂ ਦੀ ਰੇਲ ਬਣਾ ਆਉਂਦੀ ਹਾਂ। ਕਦੇ ਮੈਂ ਪਾਰਬਤੀ ਬਣ ਕੇ ਸ਼ਿਵ ਦੀ ਅਰਾਧਨਾ ਵਿੱਚ ਲੀਨ ਹੁੰਦੀ ਹਾਂ ਤੇ ਕਦੇ ਰਾਜਿਆਂ ਦੀ ਕੁੜੀ ਬਣ ਹੱਥ ਵਿੱਚ ਤੂੰਬਾ ਚੱਕ ਗੁਰੂ ਗਾਨ ਕਰਦੀ ਹੋਈ ਥਿਰਕਦੀ ਹੁੰਦੀ ਹਾਂ। ਸੱਚੀਂ ਮੇਰਾ ਕੋਈ ਧਰਮ ਨਹੀਂ। ਮੈਂ ਤਾਂ ਕਿਸੇ ਮੁਜਰੇ ਦੀ ਕੰਜਰੀ ਵੀ ਹੁੰਦੀ ਹਾਂ ਤੇ ਕਦੇ ਮਸਤਾਂ ਦੇ ਡੇਰੇ ਵਿੱਚ ਲਾਲ ਸੁਰਖ ਧੁਖਦੇ ਧੂਣੇ ਦੀ ਅੱਗ ਨੂੰ ਆਪਣੀਆਂ ਤਲੀਆਂ ਨਾਲ ਨੱਚ ਨੱਚ ਕੇ ਬੁਝਾ ਰਹੀ ਹੁੰਦੀ ਹਾਂ। ਬੇਸ਼ੱਕ ਉਦੋਂ ਮਰਦਾਨਾ ਲਿਬਾਸ ਪਹਿਨਿਆ ਹੁੰਦਾ ਹੈ।
ਮੈਂ. . . ਮੈਂ. . . ਇਹ ਸਭ ਕੁਝ ਫਿੱਟ ਰੱਖਦੀ ਹਾਂ। ਸਿਵਾ ਉਸ ਇੱਕ ਮਨ ਚਾਹੇ ਲਿਬਾਸ ਦੇ। ਉੱਫਫਫ!!! ਉਹ ਲਿਬਾਸ. . .
ਪਤਾ ਤੁਹਾਨੂੰ ਮੈਂ ਪਿਛਲੇ ਤੇਤੀ ਦਿਨਾਂ ਤੋਂ ਨਜ਼ਰਬੰਦ ਹਾਂ। ਓਹ ਹੋ!! ਮੈਂ ਤਾਂ ਭੁੱਲ ਹੀ ਗਈ ਕਿ ਤੁਸੀਂ ਸਾਰੇ ਵੀ ਤਾਂ ਨਜ਼ਰ ਬੰਦ ਹੀ ਹੋ। ਦੇਸ਼ ਵਿੱਚ ਤਾਲਾਬੰਦੀ ਜੋ ਚੱਲ ਰਹੀ ਹੈ। ਪਤਾ ਨਹੀਂ ਤੁਸੀਂ ਕੀ ਕਰ ਰਹੇ ਹੋਵੋਗੇ ਪਰ ਮੈਂ ਕਿਰਾਏ ਦੇ ਇਕਲੌਤੇ ਚੁਬਾਰੇ ‘ਚ ਹਾਂ। ਇੱਕ ਲੋਹੇ ਦਾ ਫੋਲਡਿੰਗ ਮੰਜਾ, ਇੱਕ ਅਲਮਾਰੀ, ਇੱਕ ਆਦਮਕੱਦ ਡਰੈਸਿੰਗ ਟੇਬਲ, ਇਕ ਰੇਡੂ ਬੈਗ, ਇੱਕ ਮਿਊਜ਼ਿਕ ਸਿਸਟਮ ਤੋਂ ਬਿਨਾਂ ਇੱਕ ਚੁੱਲੇ ਵਾਲਾ ਗੈਸ, ਦੋ ਸਿਲੰਡਰ, ਕੁਝ ਭਾਂਡੇ ਤੇ ਮੇਰੇ ਕਿੰਨੇ ਸਾਰੇ ਸੂਟ, ਜੋ ਅਲਮਾਰੀ ਵਿੱਚ ਹਨ। ਤੇ ਮੈਂ. . .
ਕਮਰੇ ਦੀਆਂ ਤਿੰਨਾਂ ਕੰਧਾਂ ਨਾਲ ਲਾ ਕੇ ਰੱਖੇ ਸਾਮਾਨ ਦੀ ਥਾਂ ਮੈਂ ਬਦਲਦੀ ਰਹਿੰਦੀ ਹਾਂ। ਪਿਛਲੇ ਤੇਤੀ ਦਿਨਾਂ ਚ ਮੈਂ ਘੱਟੋ ਘੱਟ ਵੀਹ ਆਰੀ ਇਹ ਅਦਲਾ ਬਦਲੀ ਕੀਤੀ ਹੈ ਪਰ ਜੇ ਨਹੀਂ ਬਦਲਿਆ ਤਾਂ, ਉਹ ਸਾਹਮਣੇ ਕਾਰਨਰ ਚ ਇੱਕ ਸਟੈਂਡ ਤੇ ਰੱਖਿਆ ਟੀ. ਵੀ. ਨਹੀਂ ਬਦਲਿਆ। ਇਹ ਮਕਾਨ ਮਾਲਕਣ ਦਾ ਹੈ। ਵੈਸੇ ਤਾਂ ਪਿਛਲੇ ਤੇਤੀ ਦਿਨਾਂ ਤੋਂ ਇਸ ਦੇ ਚੈਨਲਾਂ ਤੇ ਚੱਲਦੀਆਂ ਖ਼ਬਰਾਂ ਦਾ ਵਿਸ਼ਾ ਵੀ ਨਹੀਂ ਬਦਲਿਆ। ਇਸ ਲਈ ਕਿ ਇਹ ਦੋਵੇਂ ਗੱਲਾਂ ਮੇਰੇ ਹੱਥ ‘ਚ ਨਹੀਂ। ਮੇਰੇ ਵੱਸ ਤਾਂ ਉਸ ਲਿਬਾਸ ਨੂੰ ਬਦਲਣਾ ਵੀ ਨਹੀਂ ਹੈ।
ਜਦ ਮੈਂ ਪਹਿਲੀ ਵਾਰ ਉਸ ਲਿਬਾਸ ਨੂੰ ਪਹਿਨਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਸਜ਼ਾ ਮਿਲੀ ਜੋ ਆਦਮ ਅਤੇ ਹੱਵਾ ਨੂੰ ਬਹਿਸ਼ਤ ਦਾ ਉਹ ਵਰਜਿਤ ਫਲ ਚੱਖਣ ਦੀ ਮਿਲੀ ਸੀ ਪਰ ਮੇਰਾ ਦਿਲ ਉਸੇ ਲਿਬਾਸ ਤੇ ਹੈ. . .
ਲੋਕ ਕਹਿੰਦੇ ਆ ਕਿ ਮੇਰੇ ਤਨ ਤੇ ਹਰ ਲਿਬਾਸ ਜੱਚਦਾ ਹੈ ਭਾਵੇਂ ਉਸ ਲਿਬਾਸ ਦਾ ਕੱਪੜਾ ਘੱਟ ਹੀ ਕਿਉਂ ਨਾ ਹੋਵੇ। ਸਗੋਂ ਘੱਟ ਕੱਪੜੇ ਦੇ ਲਿਬਾਸ ਵਾਲੀ ਰਾਤ ਤਾਂ ਮੇਰਾ ਪਰਸ ਨੋਟਾਂ ਨਾਲ ਵੱਧ ਭਰਿਆ ਹੁੰਦਾ ਹੈ। ਸਹੇਲੀਆਂ ਕਹਿੰਦੀਆਂ ਕਿ ਰੂਹੀ ਜਾਨ ਕੋਲ ਤਾਂ ਬਹੁਤ ਪੈਸਾ ਹੈ। ਹੈਗਾ ਵੀ ਅ ਪਰ ਰਹਿੰਦਾ ਨਹੀਂ। ਇਸ ਕੰਬਖ਼ਤ ਦਿਲ ਕਰਕੇ. . .
ਲਾਕ ਡਾਉਨ ਤੋਂ ਹਫ਼ਤਾ ਪਹਿਲਾਂ ਦੀ ਗੱਲ ਸੁਣ ਲੋ। ਜੋਤੀ ਭਾਬੀ ਦਾ ਫੋਨ ਆਇਆ, ‘ਅਖੇ ਜਾਨ! ਤੇਰੀਓ ਰੱਖਣ ਦੀ ਹਾਂ। ਮੁੰਡੇ ਦੇ ਦਸਵੀਂ ਦੇ ਪੱਕੇ ਪੇਪਰ ਆ ਤੇ ਬਿਜਲੀ ਵਾਲੇ ਮੀਟਰ ਕੱਟ ਗਏ। ਤੈਨੂੰ ਪਤੈ ਕਿ ਦਿਨੇ ਤਾਂ ਵਿਚਾਰਾ ਪਹਿਲਾਂ ਸਕੂਲ ਜਾਂਦਾ ਤੇ ਫੇਰ ਲਾਂਡਰੀ ਕੱਪੜੇ ਪ੍ਰੈੱਸ ਕਰਨ। ਰਾਤ ਹੀ ਹੁੰਦੀ ਹੈ ਉਸ ਕੋਲ ਪੜਨ ਲਈ। ਤੇਰੇ ਵੀਰ ਨੂੰ ਤਾਂ ਮੇਰੀਆਂ ਸੌਂਕਣਾਂ ਤੋਂ ਹੀ ਫੁਰਸਤ ਨਹੀਂ ਮਿਲਦੀ। ਮਹੀਨੇ ਵਿੱਚ ਕਈ ਵਾਰੀ ਤੇਰੇ ਭਤੀਜੇ ਨੂੰ ਵੀ ਡੀ.ਜੇ. ਨਾਲ ਜਾਣਾ ਪੈਂਦਾ ਹੈ, ਸਟੇਜ ਤੋਂ ਭੱਜ ਭੱਜ ਕੇ ਪੈਸੇ ਜੋ ਚੁੱਕਣੇ ਹੁੰਦੇ ਆ ਮਾਲਕ ਦੀ ਜੇਬ ਵਿੱਚ ਪਾਉਣ ਲਈ। ਤੇਰੇ ਵੀਰ ਦਾ ਤਾਂ ਤੈਨੂੰ ਪਤਾ ਹੀ ਹੈ। ਲੋਕ ਤਾਂ ਕਹਿੰਦੇ ਕਿ ਬਥੇਰਾ ਕਮਿਸ਼ਨ ਖਾਂਦੈ। ਬਥੇਰੀਆਂ ਸੋਹਣੀਆਂ ਡਾਂਸਰਾਂ ਏਸੇ ਦੇ ਸੰਪਰਕ ਵਿੱਚ ਹੁੰਦੀਆਂ ਪਰ ਬਿੱਲ ਭਰਿਆ ਨਹੀਂ ਗਿਆ। ਵੀਹ ਹਜ਼ਾਰ ਹੋ ਗਿਆ ਸੀ। ਅਗਲੇ ਮੀਟਰ ਕੱਟ ਗਏ।’ ਜੋਤੀ ਭਾਬੀ ਵਾਰ ਵਾਰ ਗੱਚ ਭਰਦੀ ਇਹ ਸਭ ਕਹਿ ਰਹੀ ਸੀ ਕਿ ਤੇਰੇ ਭਤੀਜੇ ਤੇ ਹੀ ਆਸ ਹੈ ਜੇ ਕਿਤੇ ਇਸ ਦੀ ਜ਼ਿੰਦਗੀ ਸੁਧਰ ਜੇ। ਇਸੇ ਪਿੱਛੇ ਤਾਂ ਮੈਂ ਅੱਕ ਚੱਬਿਆ ਸੀ।
ਜੋਤੀ ਦਾ ਦੁੱਖ ਝੱਲਿਆ ਨਹੀਂ ਗਿਆ। ਅਲਮਾਰੀ ਚੋਂ ਕੱਢਿਆ ਵੀਹ ਹਜ਼ਾਰ ਅਤੇ ਤੁਰ ਗਈ ਫੜਾਉਣ। ਇਹ ਤੱਕ ਭੁੱਲ ਗਈ ਕਿ ਜੋਤੀ ਉਸੇ ਦੀ ਘਰ ਵਾਲੀ ਹੈ, ਜਿਸ ਨੇ ਮੇਰੇ ਨਾਲ ਧੋਖਾ ਕੀਤਾ ਸੀ। ਮੇਰੇ ਢਿੱਡ ਤੇ ਲੱਤ ਮਾਰੀ ਸੀ। ਮੇਰੇ ਤੋਂ ਰੁਜ਼ਗਾਰ ਖੋਹ ਕੇ ਉਸ ਨੂੰ ਦੇ ਦਿੱਤਾ ਸੀ ਜਿਸ ਨੂੰ ਸਿਰਫ ਅੱਠ ਦਿਨਾਂ ਲਈ ਆਪਣੀ ਥਾਂ ਤੇ ਭੇਜਿਆ ਸੀ। ਪਿਓ ਬਿਮਾਰ ਸੀ ਮੇਰਾ, ਭਰਾ ਹੋਇਆ ਨਾ ਹੋਇਆ ਇੱਕ ਬਰਾਬਰ। ਸਿਰੇ ਦਾ ਨਸ਼ੇੜੀ ਪਰ ਇਲਜ਼ਾਮ ਮੇਰੇ ਤੇ, ਕਿ ਤੇਰੇ ਕਰਕੇ ਘਰ ਬਰਬਾਦ ਹੋਇਆ ਹੈ। ਤੇਰੇ ਕਰਕੇ ਹੀ ਵੱਡਾ ਨਸ਼ਿਆਂ ਦੇ ਰਾਹ ਤੁਰਿਆ ਹੈ। ਤੂੰ ਹੀ ਇਸ ਘਰ ਦੀ ਬਰਬਾਦੀ ਦਾ ਕਾਰਨ ਹੈ! ਤੇ ਮੈਂ.. . ਘਰ ਦੀ ਬਰਬਾਦੀ ਨੂੰ ਅਕਸਰ ਖੁਸ਼ਹਾਲੀ ਵਿੱਚ ਬਦਲਣ ਜਾਂਦੀ ਹਾਂ। ਉਹ ਵੀ ਅੱਧੀ ਰਾਤ ਘਰ ਵੜਦੀ ਹਾਂ। ਸਾਰੀ ਜਮ•ਾ ਪੂੰਜੀ ਮਾਂ ਦੇ ਹੱਥ ਫੜਾ ਮੂੰਹ ‘ਨੇਰੇ ਨਿਕਲ ਆਉਂਦੀ ਹਾਂ ਘਰੋਂ। ਅਖੇ ਜੇ ਕਿਸੇ ਦੇ ਮੱਥੇ ਲੱਗ ਗਈ ਤਾਂ ਸ਼ਰੀਕੇ ਵਿਚ ਨੱਕ ਵੱਢਿਆ ਜਾਊ। ਗੁੱਸਾ ਤਾਂ ਬਹੁਤ ਆਉਂਦਾ ਪਰ ਉਸ ਮਾਂ ਤੇ ਤਰਸ ਵੀ ਆਉਂਦਾ ਹੈ ਜੀਹਨੇ ਚੰਗੇ ਦਿਨਾਂ ਦੀ ਆਸ ਵਿੱਚ ਹੀ ਜਵਾਨ ਕੀਤਾ ਸੀ ਸਾਨੂੰ। ਜਦ ਮੈਂ ਕੁਝ ਹੋਰ ਹੀ ਠੀਕਰਾ ਉਹਨਾਂ ਦੇ ਸਿਰ ਭੰਨ ਦਿੱਤਾ ਤਾਂ ਉਹ ਛਾਤੀ ਪਿੱਟਦੀ, ਕਦੇ ਢਿੱਡ ਵਿਚ ਮੁੱਕੀਆਂ ਮਾਰਦੀ। ਕਦੇ ਆਪਣੀ ਕੁੱਖ ਨੂੰ ਗਾਹਲਾਂ ਕੱਢਦੀ, ਕਦੇ ਆਪਣੇ ਫਿੱਟੇ ਦੁੱਧ ਨੂੰ। ਤੇ ਪਿਓ ਨੇ ਪੈਰੀਂ ਰੁਲਦੀ ਨੂੰ ਵੀ ਠੁੱਡਾ ਮਾਰ ਕੇ ਬਾਹਰ ਕੱਢ ਦਿੱਤਾ ਸੀ। ਬਾਰਵੀਂ ਤੱਕ ਪੜ੍ਹਾਉਣ ਅਤੇ ਉਦੋਂ ਤੱਕ ਪਾਲਣ ਪੋਸ਼ਣ ਦੀ ਕਿਸ਼ਤ ਮੰਗ ਲਈ। ਮੇਰੀ ਤਾਂ ਪੌਣੀ ਕਮਾਈ ਉਸੇ ਕਿਸ਼ਤ ਵਿੱਚ ਕੱਟੀ ਜਾਂਦੀ ਹੈ।
ਚੌਥਾ ਹਿੱਸਾ ਮੇਰੇ ਲਈ ਹੁੰਦਾ ਜ਼ਰੂਰ ਹੈ ਪਰ ਮੈਂ ਉਸ ਨੂੰ ਰਿਸ਼ਤੇ, ਪਿਆਰ ਅਤੇ ਮੇਕਅੱਪ ਖਰੀਦਣ ਤੇ ਉਡਾਅ ਦਿੰਦੀ ਹਾਂ। ਫਿਰ ਵੀ ਮੈਨੂੰ ਉਹ ਸਭ ਅਸਲੀ ਰੂਪ ਨਹੀਂ ਮਿਲਦਾ ਕਿਉਂਕਿ ਮੇਰੇ ਕੋਲ ਉਹ ਲਿਬਾਸ ਜੋ ਨਹੀਂ ਹੈ। ਉਹ ਲਿਬਾਸ ਜੋ ਮੇਰੀ ਰੂਹ ਨੂੰ ਫਿੱਟ ਹੈ ਮੇਰੇ ਤਨ ਨੂੰ ਨਹੀਂ। ਇਸੇ ਲਈ ਤਾਂ ਮੇਰਾ ਕੋਈ ਪਛਾਣ ਪੱਤਰ ਨਹੀਂ, ‘ਅਡੈਂਟੀ’ ਕਾਰਡ ਨਹੀਂ। ਕਿਉਂਕਿ ‘ਅਡੈਂਟੀ ਕਾਰਡ’ ਤਾਂ ਤਨ ਦੇ ਫਿੰਗਰ ਪ੍ਰਿੰਟ ਨਾਲ ਬਣ ਸਕਦੈ। ਤੇ ਰੂਹ ਦਾ ਕੋਈ ਫਿੰਗਰਪ੍ਰਿੰਟ ਹੁਣ ਕੌਣ ਲਵੇ???
ਤੇ ਮੈਂ ਉਸ ਦੇਸ਼ ਵਿੱਚ ਰਹਿੰਦੀ ਹਾਂ ਜਿਸ ਦਾ ਵਾਸੀ ਹੋਣ ਦਾ ਪ੍ਰਮਾਣ ਪੱਤਰ ਦੇਣਾ ਹੀ ਪੈਂਦਾ ਹੈ। ਤਾਂ ਹੀ ਰਾਸ਼ਨ ਕਾਰਡ ਬਣਦਾ, ਤਾਂ ਹੀ ਬੈਂਕ ਖਾਤਾ ਖੁਲ੍ਹਦਾ, ਤਾਂ ਹੀ ਗੈਸ ਸਿਲੰਡਰ ਮਿਲਦੇ ਤੇ ਤਾਂ ਹੀ ਵੋਟਰ ਕਾਰਡ ਬਣਦਾ।
ਨਹੀਂ ਤਾਂ ਕੋਈ ਕਿਰਾਏ ਤੇ ਘਰ ਵੀ ਨਹੀਂ ਦਿੰਦਾ। ਆਹ ਮੇਰੀ ਮਕਾਨ ਮਾਲਕਣ ਨੇ ਵੀ ਮਜਬੂਰੀ ਚ ਦਿੱਤਾ। ਵਿਧਵਾ ਔਰਤ ਹੈ। ਪੁੱਤ ਇਸ ਦਾ ਫੌਜ ਵਿੱਚ। ਮੇਰੇ ਨਾਲ ਵੀ ਇਸ ਨੇ ਇਹੀ ਸ਼ਰਤ ਰੱਖੀ ਸੀ ਕਿ ਤੇਰੇ ਪਿੱਛੇ ਹੋਰ ਕੋਈ ਲਗੌੜ ਨਹੀਂ ਆਉਣੀ ਚਾਹੀਦੀ। ਤੇਰੇ ਅਰਗੇ ਮਲੂਕ ਜਿਹੇ ਲੌਂਡੇ ਨੂੰ ਮਸ਼ੂਕ ਬਣਨ ਦੀ ਗੰਦੀ ਆਦਤ ਹੁੰਦੀ ਹੈ ਪਰ ਮੈਂ ਪੂਰੇ ਯਕੀਨ ਨਾਲ ਕਿਹਾ ‘ਨਾ ਆਂਟੀ ਨਾ। ਮੇਰਾ ਇਹ ਚਾਅ ਵੀ ਲੱਥ ਚੁੱਕਾ ਹੈ। ਜਾਣ ਲਿਆ ਹੈ ਮੈਂ ਕਿ ਮੈਂ ਸਿਰਫ ਰਾਤ ਭਰ ਦੀ ਮਸ਼ੂਕ ਹੀ ਹੋ ਸਕਦੀ ਹਾਂ। ਉੱਫਫਫਫਫ!!! ਕੀ ਯਾਦ ਆ ਗਿਆ???
ਜਦੋਂ ਹੀ ਮੈਂ ਰੂਹ ਵਾਲਾ ਲਿਬਾਸ ਤਨ ਤੇ ਪਾਇਆ ਤਾਂ ਮੇਰੇ ਪੈਰ ਆਪ ਮੁਹਾਰੇ ਹੀ ਥਿਰਕ ਪਏ। ਮੈਂ ਕਿਤੋਂ ਨਹੀਂ ਸਿੱਖਿਆ ਨੱਚਣਾ ਬੱਸ ਜਿਵੇਂ ਬੀਨ ਤੇ ਕੋਈ ਨਾਗਣ ਮਸਤ ਹੋ ਉੱਠਦੀ ਹੈ ਤੇ ਆਪ ਮੁਹਾਰੇ ਹੀ ਸਪੇਰੇ ਦੇ ਹੱਥੀਂ ਆ ਜਾਂਦੀ ਹੈ ਉਵੇਂ ਹੀ ਹੋਇਆ। ਮੈਂ ਘਰੋਂ ਨਿਕਲੀ ਤਾਂ ਚੌਂਕ ਵਿੱਚ ਕਿਸੇ ਦੀ ਘੋੜੀ ਕੱਢੀ ਜਾ ਰਹੀ ਸੀ। ਬੈਂਡ ਦੀ ਧੁਨ ਨੇ ਮੈਨੂੰ ਨਾਗਣ ਵਾਂਗ ਮਸਤ ਕਰ ਖਿੱਚ ਲਿਆ। ਮੈਂ ਬੇਖ਼ੁਦੀ ਚ ਖਿੱਚੀ ਹੋਈ ਨੱਚਣ ਲੱਗੀ ਤੇ ਉਸ ਰਾਤ ਮੇਰੇ ਤੇ ਨੋਟਾਂ ਦੀ ਹੋਈ ਬਰਸਾਤ ਨੇ ਮੇਰੇ ਪੈਰਾਂ ਲਈ ਨਵਾਂ ਰਾਹ ਬਣਾ ਦਿੱਤਾ ਸੀ। ਕਿੰਨਾ ਚਿਰ ਮੈਂ ਫੁੱਟਪਾਥ ਤੇ ਸੋਂਦੀ ਤੇ ਕੋਈ ਨਾ ਕੋਈ ਬਰਾਤ ਜਾਂ ਘੋੜੀ ਨਿਕਲਣ ਦੀ ਉਡੀਕ ਕਰਦੀ। ਵਿਆਹਾਂ ਦਾ ਹੀ ਮੌਸਮ ਸੀ ਉਹ ਤੇ ਫਿਰ ਇੱਕ ਦਿਨ ਇਸੇ ਜੋਤੀ ਭਾਬੀ ਦੇ ਘਰ ਵਾਲੇ ਦੇ ਸੰਪਰਕ ਵਿੱਚ ਆਈ ਤਾਂ ਜ਼ਿੰਦਗ਼ੀ ਰੁੜ ਪਈ। ਕਿਰਾਏ ਤੇ ਘਰ ਲਿਆ, ਕਾਫੀ ਸਾਰਾ ਸਾਮਾਨ ਕਿਸ਼ਤਾਂ ਤੇ ਬਣਾ ਲਿਆ ਸੀ। ਪੂਰਾ ਪੰਜ ਲੱਖ ਰੁਪਿਆ ਮੇਰੀਆਂ ਮਹੀਨਿਆਂ ਚ ਹੀ ਕਮਾ ਲਿਆ। ਹਰ ਰਾਤ ਹੀ ਦੋ ਦੋ ਪ੍ਰੋਗਰਾਮ ਆਏ ਰਹਿੰਦੇ।
ਤੇ ਇੱਕ ਰਾਤ ਮਸਤਾਂ ਦੀ ਕਿਸੇ ਮਹਿਫ਼ਲ ਵਿੱਚ ਮਸਤ ਹੋ ਕੇ ਨੱਚਦੀ ਹੋਈ ਮੈਂ ਉਸ ਨੂੰ ਬਹੁਤ ਪਸੰਦ ਆ ਗਈ। ਉਸ ਨੇ ਪੈਰੀਂ ਹਥੇਲੀਆਂ ਵਿਛਾ ਦਿੱਤੀਆਂ ਮਨ ਦੀ ਤਪਦੀ ਜ਼ਮੀਨ ਤੇ ਉਹਦੇ ਪਿਆਰ ਦੀਆਂ ਪਈਆਂ ਕੁਝ ਛਿੱਟਾਂ ਹੀ ਮੈਨੂੰ ਰਾਹਤ ਦੇ ਗਈਆਂ। ਮੈਂ ਦੁਨੀਆਂ ਤੇ ਸਭ ਤੋਂ ਵੱਧ ਖੁਸ਼ਕਿਸਮਤ ਮਹਿਸੂਸ ਕਰ ਰਹੀ ਸਾਂ। ਕਿਸੇ ਨੂੰ ਵੀ ਰੱਜ ਜਾਣ ਦੇ ਲਈ ਪਿਆਰ ਤੇ ਪੈਸਾ ਦੋਵੇਂ ਹੀ ਚਾਹੀਦੇ ਹਨ। ਤੇ ਮੈਨੂੰ ਉਹ ਮਿਲ ਚੁੱਕੇ ਸਨ ਪਰ ਮੇਰੀ ਕਿਸਮਤ. . .
ਮਕਾਨ ਮਾਲਕ ਨੂੰ ਪਤਾ ਸੀ ਕਿ ਮੇਰਾ ਕੋਈ ਬੈਂਕ ਖਾਤਾ ਨਹੀਂ। ਤੇ ਇੱਕ ਦਿਨ ਪ੍ਰੋਗਰਾਮ ਤੇ ਗਈ ਨੂੰ ਫੋਨ ਗਿਆ ਕਿ ਤੇਰੇ ਕਮਰੇ ਵਿੱਚ ਅੱਗ ਲੱਗ ਗਈ। ਸਰਕਟ ਸ਼ਾਟ ਹੋ ਗਿਆ। ਮੁੜੀ ਤਾਂ ਦੇਖਿਆ ਸਿਰਫ ਮੇਰੀ ਅਲਮਾਰੀ ਹੀ ਸੜੀ ਸੀ। ਮਾਲਕ ਕਹਿੰਦਾ ਸ਼ਾਇਦ ਗਲਤੀ ਨਾਲ ਮੈਂ ਗਰਮ ਪ੍ਰੈੱਸ ਹੀ ਅਲਮਾਰੀ ਵਿੱਚ ਰੱਖ ਦਿੱਤੀ। ਲੁੱਟੀ ਗਈ ਮੈਂ ਤਾਂ. . ਪਰ . . . ਪਰ . . ਕਿਸੇ ਨੂੰ ਕੋਈ ਸਬੂਤ ਕਿਵੇਂ ਦਿੰਦੀ।
ਇਸ ਔਖੀ ਘੜੀ, ਉਹ ਆਪਣੀ ਮਾਂ ਤੇ ਭੈਣ ਨਾਲ ਆਇਆ। ਬੜੇ ਹੌਂਸਲੇ ਨਾਲ ਘਰ ਲੈ ਕੇ ਗਿਆ। ਪੂਰਾ ਹਫ਼ਤਾ ਮੈਨੂੰ ਉਹ ਪਿਆਰ ਦਿੱਤਾ ਕਿ ਮੈਂ ਆਪਣਾ ਨੁਕਸਾਨ ਭੁੱਲ ਗਈ। ਵੈਸੇ ਵੀ ਮੈਂ ਪੈਸੇ ਨੂੰ ਹੱਥਾਂ ਦੀ ਥਾਂ ਪੈਰਾਂ ਦੀ ਮੈਲ ਸਮਝ ਕੇ ਖੁਦ ਨੂੰ ਦਿਲਾਸਾ ਦੇ ਹੀ ਲਿਆ।
ਇੱਕ ਦਿਨ ਉਸ ਦੀ ਮਾਂ ਨੇ ਕਿਹਾ ਕਿ ਘਰ ਦੇ ਕੰਮਾਂ ਵਿੱਚ ਹੱਥ ਵਟਾਵਾਂ ਤਾਂ ਕਿ ਮੇਰਾ ਮਨ ਲੱਗਿਆ ਰਹੇ ਪਰ ਹੱਥ ਵਟਾਉਂਦੀ ਦੇ ਸਭ ‘ਹੱਥੀਂ ਪੈ ਗਿਆ’ ਕੁਝ ਦੇਰ ਤਾਂ ਸੱਜ ਵਿਆਹੀ ਮਹਿਸੂਸ ਕੀਤਾ। ਸੇਜ ਵੀ ਮਾਣੀ ਤੇ ਸ਼ਿੰਗਾਰ ਵੀ ਪਰ ਉਹ ਬੇਗਾਨੀ ਜ਼ਿੰਦਗ਼ੀ ਨਾਸੂਰ ਬਣ ਗਈ। ਗੁਲਾਮੀ ਦੀ ਕਗਾਰ ਤੇ ਆ ਗਈ। ਪ੍ਰੋਗਰਾਮ ਤੇ ਜਾਂਦੀ ਤਾਂ ਪਰਸ ਬਰਾਂਡੇ ਚ ਰੱਖਣ ਦਾ ਹੁਕਮ ਹੁੰਦਾ। ਤਿੰਨ ਪਹਿਰ ਸੇਜ ਸਜਾਉਣ ਦੀ ਹੁਕਮ ਅਦੂਲੀ ਦੀ ਸਜ਼ਾ ਮੇਰੇ ਤਨ ਤੇ ਉੱਕਰੀ ਜਾਂਦੀ। ਨੱਚਿਆ ਨਾ ਜਾਂਦਾ, ਲੱਕ ਮਟਕਾਉਣਾ ਤਾਂ ਦੂਰ ਲੱਕ ਸਿੱਧਾ ਵੀ ਨਾ ਹੁੰਦਾ। ਤੇ ਇੱਕ ਦਿਨ ਮੈਂ ਆਪਣੇ ਸਿਰ ਤੋਂ ਉਸ ਓਪਰੀ ਰੂਹ ਦਾ ਸਾਇਆ ਉਤਾਰ ਦਿੱਤਾ ਜਾਂ ਇਹ ਕਹੋ ਕਿ ਉਤਾਰਨਾ ਪਿਆ।
ਤੇ ਫਿਰ ਇੱਕ ਲੰਮੀ ਹੱਥੋਂ ਪਾਈ ਅਤੇ ਲਹੂ ਵੀਟਵੀਂ ਖਿੱਚੋਤਾਣ ਨਾਲ ਮੇਰੀ ਉਹ ਗੁਲਾਮੀ ਟੁੱਟੀ। ਹੁਣ ਲੱਾਕ ਡਾਊਨ ਤੋਂ ਪਹਿਲਾਂ ਤੱਕ ਪੂਰੀ ਆਜ਼ਾਦ ਸਾਂ, ਮਟ ਚਾਹਿਆ ਲਿਬਾਸ ਵੀ ਪਾਉਂਦਹ ਸਾਂ। ਖੁਸ਼ ਸਾਂ ਕਿਸੇ ਵੀ ਦੋਸਤ ਦਾ ਦੁੱਖ ਦੇਖਣਾ ਦੁੱਭਰ ਸੀ ਮੈਨੂੰ। ਹਾਲੇ ਲੱਾਕ ਡਾਊਨ ਤੋਂ ਦੋ ਦਿਨ ਪਹਿਲਾਂ ਹੀ ਰਵੀ ਦਾ ਫੋਨ ਆਇਆ ਤੇ ਮੈਂ ਅਲਮਾਰੀ ਵਿੱਚ ਪਏ ਤੇਰਾਂ ਹਜ਼ਾਰ ਵਿੱਚੋਂ ਦਸ ਹਜ਼ਾਰ ਰੁਪਏ ਰਵੀ ਨੂੰ ਦੇ ਦਿੱਤੇ ਸਨ ਕਿਉਂਕਿ ਪ੍ਰਾਈਵੇਟ ਨਰਸਿੰਗ ਹੋਮ ਵਾਲੇ ਉਸ ਦੀ ਆਪ੍ਰੇਸ਼ਨ ਨਾਲ ਹੋਈ ਧੀ ਅਤੇ ਵਹੁਟੀ ਨੂੰ ਛੁੱਟੀ ਨਹੀਂ ਸੀ ਦੇ ਰਹੇ।
. . . ਤੇ ਠੀਕ ਓਦੋਂ ਹੀ ਇਕ ਦਿਨ ਦੇ ‘ਸਵੈ ਅਨੁਸ਼ਾਸਨ’ ਦੀ ਨਵੀਂ ਅਚੰਭੇ ਭਰੀ ਖੇਡ ਵਿੱਚ ਸਭ ਨੂੰ ਸ਼ਾਮਲ ਹੋਣ ਦਾ ਸੱਦਾ ਮਿਲਿਆ। ਕਿੰਨਾ ਚਾਅ ਸੀ ਮੈਨੂੰ ਉਸ ਇੱਕ ਦਿਨ ਦੀ ਖੇਡ ਦਾ। ਮੈਂ ਸ਼ਾਮ ਨੂੰ ਚੁਬਾਰੇ ਚੜ ਖੂਬ ਥਾਲੀ ਖੜਕਾਈ ਸੀ ਕਿਉਂਕਿ ਮੇਰੀ ਥਾਲੀ ‘ਚ ਆਉਣ ਵਾਲੇ ਵੀਹ ਦਿਨਾਂ ਦੇ ਪ੍ਰੋਗਰਾਮ ਤਾਂ ਪਹਿਲਾਂ ਹੀ ਪਰੋਸੇ ਹੋਏ ਸਨ।
ਨਹੀਂ ਸਾਂ ਜਾਣਦਾ ਕਿ ਥਾਲੀ ਖੜਕਾਉਣ ਦਾ ਮਤਲਬ ਮੇਰੇ ਲਈ ਵੀ ਉਹੀ ਹੋ ਜਾਵੇਗਾ ਜੋ ਨਾਲ ਦੇ ਘਰ ਦੀ ਬੁੱਢੀ ਆਂਟੀ ਵੱਲੋਂ ਰੋਜ਼ ਦੋ ਟਾਈਮ ‘ਥਾਲੀ ਖੜਕਾਉਣਾ’ ਹੁੰਦਾ ਸੀ। ਨਹੀਂ ਸਾਂ ਜਾਣਦੀ ਕਿ ਆਂਟੀ ਵਰਗੀ ਫੀਲਿੰਗ ਤਨ ਤੇ ਹੰਢਾਉਣੀ ਪਵੇਗੀ ਕਿਉਂਕਿ ਦੂਜੇ ਦਿਨ ਦਾ ਐਲਾਨ ਸੁਣ ਤਾਂ ਮਾਲਕਣ ਆਂਟੀ ਨੇ ਵੀ ਮਹੀਨੇ ਦਾ ਕਿਰਾਇਆ ਅਡਵਾਂਸ ਮੰਗ ਲਿਆ ਤੇ ਬਿਲਕੁਲ ਉਸੇ ਸਮੇਂ ਨਾਲ ਵਾਲੀ ਆਂਟੀ ਨੇ ਥਾਲੀ ਖੜਕਾਉਣੀ ਸ਼ੁਰੂ ਕਰ ਦਿੱਤੀ ਸੀ। ਉਸ ਦਾ ਚੂਕਣਾ ਟੁੱਟਿਆ ਹੋਣ ਕਾਰਨ ਉਹ ਸਿਰਫ ਕਮਰੇ ਚ ਹੀ ਮੰਜੇ ਤੇ ਪਈ ਰਹਿੰਦੀ ਹੈ। ਜਦ ਉਸ ਨੂੰ ਭੁੱਖ ਲੱਗਦੀ ਹੈ ਤਾਂ ਥਾਲੀ ਖੜਕਾ ਦਿੰਦੀ ਹੈ। ਹਾਲ ਮੇਰਾ ਵੀ ਉਹੀ ਹੈ ਪਰ ਮੇਰੀ ‘ਖੜਕਦੀ ਥਾਲੀ’ ਕੋਈ ਨਹੀਂ ਸੁਣੇਗਾ??
ਸਭ ਕਹਿੰਦੇ ਨੇ ਕਿ ਰੂਹੀ ਜਾਨ ਕੋਲ ਬਹੁਤ ਪੈਸਾ ਹੈ। ਹਰ ਰਾਤ ਪਰਸ ਭਰਦੀ ਹੈ ਪਰ ਹੁਣ ਰਾਤ ਤਾਂ ਆਉਂਦੀ ਹੈ। ਮੈਂ ਨੱਚਦੀ ਵੀ ਹਾਂ ਪਰ ਪਰਸ ਭਰਨ ਲਈ ਨਹੀਂ. . . ਖੁਦ ਨੂੰ ਥਕਾਉਣ ਲਈ ਦੇਰ ਰਾਤ ਤੱਕ ਨੱਚਦੀ ਹਾਂ ਤੇ ਪਾਣੀ ਦਾ ਗਿਲਾਸ ਪੀ ਸੌਂ ਜਾਂਦੀ ਹਾਂ। ਦੁਪਹਿਰ ਤੱਕ ਉੱਠਦੀ ਹਾਂ ਤਾਂ ਕਿ ਰਾਸ਼ਨ ਬੱਚਿਆ ਰਹੇ। ਮੈਂ ਇੱਕੋ ਡੰਗ ਦੇ ਖਾਣੇ ਨਾਲ ਪੇਟ ਭਰ ਸਾਰਦੀ ਹਾਂ। ਜਿਨ੍ਹਾਂ ਦੀ ਇੱਕ ਫੋਨ ਕੱਾਲ ਤੇ ਪੈਸੇ ਭੇਜ ਦਿੰਦੀ ਸਾਂ ਉਨ੍ਹਾਂ ਤੋਂ ਇਨ੍ਹਾਂ ਹਾਲਾਤਾਂ ਵਿੱਚ ਕਿਵੇਂ ਮੰਗਾਂ?? ਸਾਰੇ ਹੀ ਮੇਰੇ ਵਰਗੇ ਨੇ। ਵੀਰੋ ਮਹੰਤ ਕਦੋਂ ਦੀ ਕਹਿੰਦੀ ਆ ਕੇ ਮੇਰੇ ਕੋਲ ਆ ਜਾ ਪਰ ਹਾਅ ‘ਲਮਕਦਾ ਬੋਝ ਲੁਹਾ ਕੇ’ ਆਈਂ।
ਮੇਰੇ ਵਰਗੀ ਦੂਹਰੀ ਰੂਹ ਵਾਲੇ ਵੀ ਆਖਦੇ ਨੇ ਆ ਜਾ ਹੋਰ ਨਹੀਂ ਤਾਂ ‘ਖਾਂਜ਼ਰਾ’ ਕਰ ਕੇ ਖਾਵਾਂਗੇ। ਜਾਣਦੀ ਹਾਂ ਵੱਡੇ ਚਲਾਕਾਂ ਨੂੰ ਇਸੇ ਕਰਕੇ ਹੀ ਕਈ ਮਰਨ ਕੰਢੇ ਪਹੁੰਚੇ ਹੋਏ ਆ। ਡੰਕੇ ਦੀ ਚੋਟ ਤੇ ਕਹਿੰਦੀ ਹਾਂ ਕਿ ਮੈਂ ਖਾਂਜ਼ਰਾ ਨਹੀਂ ਕਰਾਂਗੀ। ਉਹ ਲੇਖਿਕਾ ਸਹੇਲੀ ਕਹਿੰਦੀ ਹੈ ਕਿ ਮੈਂ ਮੁੰਡਾ ਹਾਂ ਤਾਂ ਮੁੰਡਾ ਬਣ ਕੇ ਰਹਿ ਲਵਾਂ। ਉਸ ਨੂੰ ਇਹ ਨਹੀਂ ਪਤਾ ਕਿ ਜਨਾਨਾ ਚਾਲ ਢਾਲ ਤੇ ਹਰਕਤਾਂ ਸਿਰਫ ਜਨਾਨਾ ਲਿਬਾਸ ਦੀ ਸ਼ੋਭਾ ਹੀ ਹਨ। ਮਰਦ ਲਿਬਾਸ ਚ ਇਹ ਸਭ ਹੋਰ ਵੀ ਅਸੁਰੱਖਿਅਤ ਕਰ ਦਿੰਦਾ ਹੈ ਮੈਨੂੰ। ਮੈਂ ਆਪਣੀ ਇੱਜ਼ਤ ਬਚਾਉਣ ਲਈ ਹੀ ਤਾਂ ਜਨਾਨਾ ਲਿਬਾਸ ਪਾਇਆ ਹੈ, ਜੋ ਮੇਰੀ ਰੂਹ ਦਾ ਲਿਬਾਸ ਹੈ। ਉਸ ਲੇਖਿਕਾ ਨੂੰ ਇਹ ਨਹੀਂ ਪਤਾ ਕਿ ਮੈਨੂੰ ਮੱਦਦ ਮਿਲਦੀ ਨਹੀਂ, ਖਰੀਦਣੀ ਪੈਂਦੀ ਆ। ਆਪਣੇ ਪੇਟ ਦੀ ਗਰਾਹੀ ਲਈ ਕਿਸੇ ਦੇ ਤਨ ਦੀ ਗਰਾਹੀ ਮੈਂ ਨਹੀਂ ਬਣਾਂਗੀ ਪਰ ਮੈਂ ਜੀਵਾਂਗੀ। ਮੰਨਾਂਗੀ ਹੁਕਮ ਦੇਸ਼ ਦੀ ਸਰਕਾਰ ਨੇ ਭਾਵੇਂ ਕਿ ਉਹ ਮੈਨੂੰ ਨਾ ਤਿੰਨਾਂ ‘ਚ ਨਾ ਇੱਕ ਸੌ ਪੈਂਤੀ ਕਰੋੜ ‘ਚ, ਕਿਤੇ ਵੀ ਨਹੀਂ ਮੰਨਦੀ। ਫਿਰ ਵੀ ਮੈਂ ਜੀਆਂਗੀ ਉਦੋਂ ਤੱਕ. . . ਜਦ ਤੱਕ ਮੈਂ ਸ਼ੀਸ਼ੇ ਮੂਹਰੇ ਖੜ ਸੋਹਣੀ ਬਣ ਸਕਦੀ ਹਾਂ ਜਦ ਤੱਕ ਮੇਰੀ ਅੱਡੀ ਦੀ ਧਮਕ, ਮੇਰੇ ਲੱਕ ਦੀ ਲਚਕ, ਮੇਰੀ ਅੱਖ ਦੀ ਮਟਕ ਤੇ ਮੇਰੀਆਂ ਗੱਲ੍ਹਾਂ ਦੀ ਚਟਕ ਬਾਕੀ ਹੈ. . . .
ਮੈਂ ਜੀਆਂਗੀ. . . ਤੇ ਖੁਸ਼ੀ ਨਾਲ ਜੀਆਂਗੀ। ਮੈਂ ਟ੍ਰਾਂਸ ਵੂਮਨ ਜੋ ਹਾਂ.. . ਲਾਕ ਡਾਊਨ ਖੁੱਲਣ ਦੀ ਆਸ ਨਾਲ ਜੀਆਂਗੀ, ਕਿਉਂਕਿ ਮੈਂ ਟ੍ਰਾਂਸ ਵੂਮਨ ਜੋ ਹਾਂ. . . ਰੂਹੀ ਜਾਨ ਜੋ ਹਾਂ
ਹਰਪਿੰਦਰ ਰਾਣਾ
9501009177