ਪੁਰਾਣੀ ਗੱਲ ਹੈ ਪ੍ਰਿੰਸੀਪਲ ਸੈਣੀ ਸਾਹਿਬ ਸਕੂਲ ਲਈ ਕੁਝ ਪੌਦੇ ਮਲੇਰਕੋਟਲਾ ਨਰਸਰੀ ਤੋਂ ਲਿਆਏ ਤੇ ਇੱਕ ਵਧੀਆ ਪੌਦਾ ਉਹਨਾਂ ਨੇ ਸਕੂਲ ਦੀ ਪੋਰਚ ਦੇ ਨਜ਼ਦੀਕ ਪੌੜ੍ਹੀਆਂ ਦੇ ਨਾਲ ਜਮੀਨ ਚ ਬਣੇ ਗਮਲੇ ਵਿੱਚ ਲਗਵਾ ਦਿੱਤਾ। ਇਸਦੇ ਉੱਪਰ ਕੈਮਿਸਟਰੀ ਲੈਬ ਦੀ ਪਹਿਲੀ ਖਿੜਕੀ ਸੀ। ਸੈਣੀ ਸਾਹਿਬ ਰਾਊਂਡ ਤੇ ਜਾਂਦੇ ਗਾਹੇ ਬਿਹਾਏ ਇਸ ਪੌਦੇ ਤੇ ਆਪਣੀ ਨਜ਼ਰ ਪਾਉਂਦੇ ਤੇ ਇਸ ਨੂੰ ਵਧਦਾ ਵੇਖਦੇ। ਉਂਜ ਉਹ ਸਕੂਲ ਵਿੱਚ ਲੱਗੇ ਹਰ ਪੌਦੇ ਦਾ ਖਿਆਲ ਰੱਖਦੇ ਸੀ। ਇੱਕ ਦਿਨ ਗੋਡੀ ਕਰਦੇ ਸਕੂਲ ਦੇ ਮਾਲੀ ਸ਼ੈਲਾ ਸਿੰਘ ਤੋਂ ਗਲਤੀ ਨਾਲ ਉਹ ਪੌਦਾ ਕੱਟਿਆ ਗਿਆ ਤੇ ਉਸਨੇ ਉਸ ਪੌਦੇ ਨੂੰ ਕੂੜੇ ਨਾਲ ਹੀ ਬਾਹਰ ਸੁੱਟ ਦਿੱਤਾ। ਅਗਲੇ ਦਿਨ ਸੈਣੀ ਸਾਹਿਬ ਨੇ ਉਹ ਪੌਦਾ ਓਥੇ ਨਾ ਵੇਖਕੇ ਸਭ ਨੂੰ ਤਲਬ ਕਰ ਲਿਆ। ਕੋਈ ਮੰਨਣ ਨੂੰ ਤਿਆਰ ਨਾ ਹੋਇਆ ਕਿ ਉਹ ਪੌਦਾ ਕਿਸੇ ਨੇ ਪੁੱਟਿਆ ਹੈ। ਖੈਰ ਪਿਛਲੇ ਦਿਨ ਵਾਲੇ ਕੂੜੇ ਨੂੰ ਫਰੋਲਿਆ ਗਿਆ ਤੇ ਉਹ ਪੌਦਾ ਮਿਲ ਗਿਆ। ਸੈਣੀ ਸਾਹਿਬ ਨੂੰ ਵੀ ਸਕੂਨ ਜਿਹਾ ਆ ਗਿਆ ਕਿ ਪੌਦਾ ਚੋਰੀ ਨਹੀਂ ਹੋਇਆ ਗਲਤੀ ਨਾਲ ਕੱਟਿਆ ਗਿਆ ਹੈ। ਮੈਂ ਵੀ ਪੌਦੇ ਬਾਰੇ ਸੈਣੀ ਸਾਹਿਬ ਨਾਲ ਗੱਲ ਕੀਤੀ।
“ਸੇਠੀ ਤੈਨੂੰ ਨਹੀਂ ਪਤਾ ਹੱਥੀ ਲਾਏ ਪੌਦੇ ਨਾਲ ਕਿੰਨਾ ਲਗਾਵ ਹੁੰਦਾ ਹੈ। ਉਸਦੇ ਜਾਣ ਤੇ ਕਿੰਨਾ ਦੁੱਖ ਹੁੰਦਾ ਹੈ।” ਮੈਨੂੰ ਸੈਣੀ ਸਾਹਿਬ ਦੀ ਗੱਲ ਵਿੱਚ ਬਹੁਤਾ ਵਜ਼ਨ ਨਾ ਲੱਗਿਆ। ਕਿਉਂਕਿ ਮੇਰੀ ਫਿਤਰਤ ਕੁਝ ਹੋਰ ਸੀ ਤੇ ਇੰਨਾ ਤਜ਼ੁਰਬਾ ਵੀ ਨਹੀਂ ਸੀ।
ਕੱਲ੍ਹ ਇਸ ਤਰ੍ਹਾਂ ਹੀ ਮੇਰੇ ਨਾਲ ਹੋਇਆ। ਹੱਥੀ ਲਗਾਏ ਬੂਟੇ ਦੇ ਅਚਾਨਕ ਜਾਣ ਦਾ ਦੁੱਖ। ਗੱਲ ਇਹ ਨਹੀਂ ਕਿ ਉਸ ਪੌਦੇ ਨੇ ਤੁਹਾਨੂੰ ਫੁੱਲਾਂ ਦੀ ਖੁਸ਼ਬੋ ਦਿੱਤੀ ਯ ਕੰਡਿਆਂ ਦਾ ਦਰਦ। ਦਰਦ ਤੇ ਖੁਸ਼ਬੋ ਉਸ ਪੌਦੇ ਦੇ ਆਚਰਣ ਤੇ ਨਿਰਭਰ ਕਰਦਾ ਹੈ। ਪਰ ਦੁੱਖ ਹੱਥੀ ਲਗਾਏ ਪੌਦੇ ਦੇ ਤੁਰ ਜਾਣ ਦਾ ਹੁੰਦਾ ਹੀ ਹੈ। ਕੰਡਿਆਂ ਦਾ ਦਰਦ ਦੇਣ ਵਾਲੇ ਪੌਦੇ ਦਾ ਵੀ ਦੁੱਖ ਹੁੰਦਾ ਹੈ। ਉਸਨੂੰ ਅਚਨਚੇਤ ਗਮਲੇ ਤੋਂ ਪੁੱਟ ਦੇਣ ਦਾ ਦੁੱਖ। ਕੋਈ ਪੌਦਾ ਲਗਾਉਣ ਵਾਲਾ ਹੀ ਸਮਝ ਸਕਦਾ ਹੈ। ਕਿਉਂਕਿ ਇਸ ਪੌਦੇ ਨੂੰ ਮੈਂ ਬੜੀਆਂ ਉਮੀਦਾਂ ਤੇ ਰੀਝਾਂ ਨਾਲ ਲਗਵਾਇਆ ਸੀ। ਪਰ ਇਹ ਜਾਣਾ ਦੁਨੀਆ ਦਾ ਦਸਤੂਰ ਹੈ। “ਪਿੱਪਲ ਦਿਆ ਪੱਤਿਆਂ ਕਿਉਂ ਖੜਖੜ ਲਾਈ ਹੈ। ਪੁਰਾਣੇ ਝੜ ਗਏ ਰੁੱਤ ਨਵਿਆਂ ਦੀ ਆਈ ਹੈ।”
ਮਾਲੀ ਨੇ ਉਹ ਪੌਦਾ ਪੁੱਟਕੇ ਜੋ ਨਵਾਂ ਪੌਦਾ ਲਾਇਆ ਹੈ ਉਹ ਜਵਾਨ ਹੈ। ਯੋਗ ਹੈ। ਸ਼ਕਤੀਵਾਨ ਹੈ। ਤਰੁੰਤ ਫੈਸਲਾ ਲੈਣ ਦੇ ਕਾਬਿਲ ਹੈ। ਗੱਲ ਨੂੰ ਲਮਕਾਉਣ ਦੀ ਬਜਾਇ ਦੋ ਟੁੱਕ ਫੈਸਲਾ ਕਰਨ ਦੀ ਸਮਰੱਥਾ ਰੱਖਦਾ ਹੈ। ਸਭ ਤੋਂ ਵੱਡੀ ਖੂਬੀ ਇਹ ਲੰਮੀ ਪਾਰੀ ਦਾ ਘੋੜਾ ਹੈ। ਜੋ ਸ਼ਾਇਦ ਸੈਣੀ ਸਾਹਿਬ ਵਾਂਗ ਦੋ ਢਾਈ ਦਹਾਕੇ ਕੰਮ ਕਰੂ। ਇਹ ਕੋਈ ਚੜ੍ਹਦੇ ਸੂਰਜ ਨੂੰ ਸਲਾਮ ਵਾਲੀ ਗੱਲ ਨਹੀਂ। ਲੰਮੀਆਂ ਨੀਤੀਆਂ ਬਣਾਕੇ ਕੰਮ ਕਰਨ ਵਾਲਾ ਲੰਮੀ ਹੀ ਸੋਚਦਾ ਹੈ। ਉਹ ਆਪਣੀ ਸੇਵਾਮੁਕਤੀ ਨਹੀਂ ਉਡੀਕਦਾ ਸਗੋਂ ਕੁਝ ਕਰਨ ਅਤੇ ਕਰਕੇ ਵਿਖਾਉਣ ਲਈ ਕੰਮ ਕਰਦਾ ਹੈ। ਕਮੀਆਂ ਹਰ ਇਨਸਾਨ ਵਿੱਚ ਹੁੰਦੀਆਂ ਹਨ ਪਰ ਕਮੀਆਂ ਨੂੰ ਕੰਮਜ਼ੋਰੀ ਨਾ ਬਣਨ ਦੇਣਾ ਹੀ ਚੰਗੇ ਐਡਮੀਨਸਟਰੇਟਰ ਦੇ ਗੁਣਾਂ ਵਿੱਚ ਸ਼ੁਮਾਰ ਹੁੰਦਾ ਹੈ। ਸਭ ਨੂੰ ਨਾਲ ਲੈਕੇ ਚਲਣ ਦਾ ਹੁਨਰ ਵੀ ਕਾਮਜਾਬੀ ਦੀ ਪੌੜੀ ਬਣਦਾ ਹੈ। ਖੁਦ ਕੰਮ ਕਰਨ ਅਤੇ ਦੂਸਰਿਆਂ ਤੋਂ ਕੰਮ ਲੈਣ ਦਾ ਗੁਣ ਇਸ ਮੌਜੂਦਾ ਮੁਖੀ ਦੀ ਕਾਬਲੀਅਤ ਹੈ। “ਸੁਣੋ ਸਭ ਦੀ ਤੇ ਕਰੋ ਮਨ ਦੀ” ਦਾ ਸਿਧਾਂਤ ਵਧੀਆ ਹੈ। ਰਾਏ ਲੈਣ ਵਿੱਚ ਕੋਈ ਹਰਜ ਨਹੀਂ ਹੁੰਦਾ। ਕਹਿੰਦੇ ਰਾਏ ਤਾਂ ਕੰਧ ਕੋਲੋ ਵੀ ਲੈ ਲੈਣੀ ਚਾਹੀਦੀ ਹੈ। ਸੰਸਥਾ ਇੱਕ ਪਰਿਵਾਰ ਹੁੰਦੀ ਹੈ ਤੇ ਘਰ ਪਰਿਵਾਰ ਅਲੱਗ ਹੁੰਦਾ ਹੈ। ਘਰਦਿਆਂ ਦੀ ਦਖਲ ਅੰਦਾਜ਼ੀ ਨੂੰ ਸੰਸਥਾ ਦੇ ਕੰਮਾਂ ਤੋਂ ਦੂਰ ਰੱਖਣ ਵਿੱਚ ਭਲਾਈ ਹੁੰਦੀ ਹੈ। ਆਸਿਫ਼ ਅਲੀ ਜ਼ਰਦਾਰੀ ਦੇ ਰੋਲ ਨੂੰ ਕਦੇ ਨਹੀਂ ਭੁਲਣਾ ਚਾਹੀਦਾ।
ਇੱਥੇ ਮੇਰਾ ਮਕਸਦ ਕਿਸੇ ਨੂੰ ਦੁੱਖ ਪਹੁੰਚਾਉਣਾ ਯ ਕਿਸੇ ਤੇ ਕੋਈ ਤੰਜ ਕਸਨਾ ਨਹੀਂ। ਬਸ ਸੰਸਥਾ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੋਇਆ ਬਦਲੇ ਹਲਾਤਾਂ ਦਾ ਖੈਰ ਮੁਕਦਮ ਕਰਦਾ ਹਾਂ। ਪ੍ਰਬੰਧਕਾਂ ਤੇ ਹਿਤੈਸ਼ੀਆਂ ਦੇ ਅਸ਼ੀਰਵਾਦ ਤੇ ਮਾਰਗ ਦਰਸ਼ਨ ਨਾਲ ਅਸੀਂ ਨਵੀ ਇਬਾਦਤ ਲਿਖਣ ਵਿੱਚ ਸਫਲ ਹੋਵਾਂਗੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।