ਵਾਹਵਾ ਪੁਰਾਣੀ ਗੱਲ ਹੈ ਮੇਰੇ ਨਜ਼ਦੀਕੀ ਮਾਮਾ ਜੀ ਦਾ ਦੁੱਧ ਦਾ ਸੈਪਲ ਫੇਲ ਆ ਗਿਆ। ਜਿਸ ਦਾ ਕੇਸ ਨਿਕਲੀ ਅਦਾਲਤ ਵਿੱਚ ਚੱਲਿਆ ਤੇ ਅਦਾਲਤ ਤੋਂ ਉਹਨਾਂ ਨੂੰ ਸਜ਼ਾ ਹੋ ਗਈ ਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ। ਭਾਵੇਂ ਉਪਰਲੀ ਅਦਾਲਤ ਵਿੱਚ ਅਪੀਲ ਤੋਂ ਬਾਅਦ ਜ਼ਮਾਨਤ ਲਈ ਅਰਜ਼ੀ ਪਾਈ ਗਈ। ਜੇਲ ਵਿੱਚ ਬੰਦ ਮਾਮਾ ਜੀ ਤੇ ਉਸਦੇ ਨਾਲਦੇ ਸਾਥੀ ਪੰਛੀਆਂ ਨੂੰ ਖੂਬ ਦਾਣੇ ਪਾਉਂਦੇ। ਪਰ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਲੇਟ ਤੋਂ ਲੇਟ ਹੁੰਦੀ ਰਹੀ।
“ਯਾਰ ਆਪਾਂ ਨੂੰ ਇਹ ਪੰਛੀ ਹੀ ਬਾਹਰ ਨਹੀਂ ਜਾਣ ਦਿੰਦੇ। ਕਹਿੰਦੇ ਜੇ ਇਹ ਬਾਹਰ ਚਲੇ ਗਏ ਤਾਂ ਸਾਨੂੰ ਦਾਣੇ ਕੌਣ ਪਾਊ?” ਮਾਮਾ ਜੀ ਦੇ ਨਾਲਦੇ ਸਾਥੀ ਨੇ ਕਿਹਾ।
“ਨਹੀਂ ਯਾਰ ਜ਼ਮਾਨਤ ਹੋਵੇ ਨਾ ਹੋਵੇ ਆਪਾਂ ਇਹ ਭਲੇ ਦਾ ਕੰਮ ਨਹੀਂ ਛੱਡਣਾ।” ਮਾਮਾ ਜੀ ਨੇ ਕਿਹਾ।
ਫ਼ਿਰ ਓਹਨਾ ਦੀ ਜ਼ਮਾਨਤ ਹੋ ਗਈ ਤੇ ਉਹ ਬਾਹਰ ਆ ਗਏ।
ਕਈ ਵਾਰੀ ਮੈਨੂੰ ਲਗਦਾ ਹੈ ਕਿ ਕਿਸਾਨ ਅੰਦੋਲਨ ਵਿਚ ਲਗਦੇ ਲੰਗਰ ਜਿਸ ਨਾਲ ਕਿਸਾਨਾਂ ਤੋਂ ਇਲਾਵਾ ਦਿੱਲੀ ਦੇ ਲੱਖਾਂ ਲੋੜਵੰਦ ਬਸ਼ਿੰਦੇ ਪੇਟ ਭਰਦੇ ਹਨ ਉਹਨਾਂ ਦੀਆਂ ਦੁਆਵਾਂ ਅਸੀਸਾਂ ਕਿਸਾਨ ਅੰਦੋਲਨ ਖਤਮ ਨਹੀਂ ਹੋਣ ਦਿੰਦਿਆਂ। ਜੇ ਅੰਦੋਲਨ ਖਤਮ ਹੋ ਗਿਆ ਤਾਂ ਲੰਗਰ ਬੰਦ ਹੋ ਜਾਣਗੇ। ਤੇ ਲੱਖਾਂ ਲੋਕ ਫ਼ਿਰ ਰੋਟੀ ਨੂੰ ਤਰਸਣਗੇ। ਸ਼ਾਇਦ ਉਹਨਾਂ ਗਰੀਬਾਂ ਦੇ ਭਲੇ ਦੁਆਵਾਂ ਕਰਕੇ ਹੀ ਅੰਦੋਲਨ ਲਟਕ ਰਿਹਾ ਹੈ। ਫ਼ਿਰ ਮਾਮਾ ਜੀ ਦੀ ਗੱਲ ਯਾਦ ਆ ਜਾਂਦੀ ਹੈ ਕਿ ਜ਼ਮਾਨਤ ਹੋਵੇ ਨਾ ਹੋਵੇ ਆਪਾਂ ਇਹ ਭਲੇ ਦਾ ਕੰਮ ਨਹੀਂ ਛੱਡਣਾ। ਮਤਲਬ ਅੰਦੋਲਨ ਦਾ ਹੱਲ ਨਿਕਲੇ ਨਾ ਨਿਕਲੇ ਇਹ ਲੰਗਰ ਬੰਦ ਨਹੀਂ ਹੋਣਗੇ। ਇਹ ਬਾਬੇ ਨਾਨਕ ਦਾ ਲੰਗਰ ਹੈ। ਜੋ 550 ਸਾਲ ਤੋਂ ਚੱਲ ਰਿਹਾ ਹੈ। ਤੇ ਚਲਦਾ ਰਹੇਗਾ। ਕਨੂੰਨ ਰੱਦ ਹੋਣਗੇ ਹੀ ਇੱਕ ਦਿਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।