ਓਹਨਾ ਦਿਨਾਂ ਵਿੱਚ Lions Club ਸ਼ਹਿਰ ਦੇ ਅਮੀਰ ਲੋਕਾਂ ਦਾ ਜਮਾਵੜਾ ਹੁੰਦਾ ਸੀ। ਨਵੇਂ ਨਵੇਂ ਅਮੀਰ ਬਣੇ ਲੋਕਾਂ ਦੇ ਜਵਾਨ ਮੁੰਡੇ ਇਸ ਦੇ ਮੇਂਬਰ ਹੁੰਦੇ ਸਨ। ਸਮਾਜ ਸੇਵਾ ਘੱਟ ਤੇ ਐਸ਼ਪ੍ਰਸਤੀ ਜਿਆਦਾ ਹੁੰਦੀ ਸੀ।ਐਸ ਡੀ ਐੱਮ , ਈ ਟੀਂ ਓ ਅਤੇ ਸਰਕਾਰੀ ਡਾਕਟਰ ਨਾਲ ਨਜ਼ਦੀਕੀ ਵਧਾਉਣ ਲਈ ਓਹਨਾ ਨੂ ਮੁਫ਼ਤ ਵਿੱਚ ਕਲੱਬ ਦਾ ਮੇਂਬਰ ਬਣਾਇਆ ਜਾਂਦਾ ਸੀ। ਸਾਡੀ ਮੰਡੀ ਵਿੱਚ ਉਸ ਸਮੇ ਕਾਮਰੇ ਲੂਣੇ ਫੈਕਟਰੀ ਵਾਲੇ, ਸੇਠੀਆਂ ਚੋੰ ਰਾਮ ਧੰਨ ਸੇਠੀ ਦੇ ਪੁੱਤਰ ਅਤੇ ਪੰਜ ਚਾਰ ਹੋਰ ਅਮੀਰ ਲੋਕ ਇਸ ਕਲੱਬ ਦੇ ਕਰਤਾ ਧਰਤਾ ਸਨ। ਸਮਾਜ ਸੇਵਾ ਦੇ ਨਾਮ ਤੇ ਇੱਕ ਅੱਖਾਂ ਦਾ ਕੈਂਪ ਲਾ ਕੇ ਬਾਕੀ ਸਾਰਾ ਸਾਲ ਏਹ੍ਹ ਆਪਣੇ ਪੈਸੇ ਨਾਲ ਐਸ਼ ਕਰਦੇ ਸਨ। ਡਿਨਰ ਪਾਰਟੀਆਂ ਤੇ ਡਿਸਕੋ ਕੋਕ ਟੇਲ ਪਾਰਟੀਆਂ ਦੇ ਨਾਮ ਤੇ ਐਸ਼ ਹੁੰਦੀ ਸੀ। ਉਹਨਾਂ ਦਿਨਾਂ ਵਿਚ ਪੱਤਰਕਾਰੀ ਵਾਲਾ ਕੀੜਾ ਮੇਰੇ ਵੀ ਸੀ। ਮੈਂ ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਸ਼ਾਂਤ ਦੇ ਇੱਕ ਲੋਕਲ ਅਖਬਾਰ ਦਾ ਆਨਰੇਰੀ ਐਡੀਟਰ ਸੀ। ਪਤਰਕਾਰ ਤੇ ਰਿਸ਼ਤੇ ਵਿੱਚ ਮਸੇਰ ਹੋਣ ਕਰਕੇ ਮੇਰੇ ਕਜਨ ਹਰਬੰਸ ਸੇਠੀ ਨੇ ਇੱਕ ਫ਼ੰਕਸ਼ਨ ਦਾ ਸੱਦਾ ਪੱਤਰ ਮੈਨੂੰ ਵੀ ਦਿੱਤਾ। ਮੇਰੇ ਲਈ ਏਹ੍ਹ ਬਹੁਤ ਵੱਡੀ ਗੱਲ ਸੀ। ਮੈਨੂੰ ਅਮੀਰਾਂ ਦੀ ਮਹਿਫ਼ਿਲ ਦਾ ਆਨੰਦ ਮਾਨਣ ਦਾ ਸੁਨਿਹਰੀ ਮੌਕਾ ਜੋ ਮਿਲਿਆ ਸੀ। ਪਿੰਡ ਘੁਮਿਆਰੇ ਵਾਲੇ ਪੈਂਡੂ ਹੋਣ ਦਾ ਰੰਗ ਅਜੇ ਪੂਰੀ ਤਰਾਂ ਲੱਥਿਆ ਵੀ ਨਹੀਂ ਸੀ। ਡਿਨਰ ਤੋਂ ਪਹਿਲਾਂ ਨਵੀ ਗੀਤ ਕਾਰ ਮਿਲਣ ਸਿੰਘ ਦਾ ਕੰਜਰਲ ਪ੍ਰੋਗਰਾਮ ਵੀ ਸੀ। ਕੰਜਰਲ ਇਸ ਲਈ ਕਿ ਪ੍ਰੋਗਰਾਮ ਵਿੱਚ ਇਹਨਾਂ ਅਮੀਰਯਾਦਿਆਂ ਨੇ ਖੂਬ ਗੰਦ ਪਾਇਆ। ਜਦੋ ਡਿਨਰ ਸ਼ੁਰੂ ਹੋਇਆ ਤਾਂ ਨਜ਼ਾਰਾ ਵੇਖਣ ਵਾਲਾ ਸੀ। ਏਹ੍ਹ ਸਾਰੇ ਸਫੇਦ ਪੋਸ਼ ਲੋਕ ਭੁਖਿਆ ਵਾਂਗੂ ਰੋਟੀ ਨੂੰ ਟੁੱਟ ਕੇ ਪੈ ਗਏ। ਹੱਥ ਵਿੱਚ ਫੁਲ ਪਲੇਟ ਤੇ ਚਮਚ ਫੜੀ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਰਿਹਾ। ਇੱਕ ਪੈਂਡੂ ਦੂਜਾ ਮੱਧ ਵਰਗੀ ਪਰਿਵਾਰ ਤੇ ਤੀਜਾ ਘਰੋਂ ਮਿਲੀ ਸਬਰ ਦੀ ਸਿਖਿਆ। ਰੋਟੀ ਚਾਵਲ ਸ਼ਬਜ਼ੀ ਦਹੀ ਸਲਾਦ ਦੀ ਲੁੱਟਾ ਖੋਈ ਕੋਈ ਘੱਟ ਨਹੀਂ ਸੀ ਪਰ ਸ਼ਰੇਆਮ ਮਿਲਦੀ ਆਈਸ ਕ੍ਰੀਮ ਨੇ ਤਾਂ ਇਹਨਾਂ ਅਮੀਰ ਸ਼ੇਰਾਂ ਨੂੰ ਪਾਗਲ ਕਰ ਦਿੱਤਾ। ਇੱਕ ਦੂਜੇ ਦੇ ਉਪਰ ਚੜ ਕੇ ਆਈਸ ਕ੍ਰੀਮ ਦੀਆਂ ਪਲੇਟਾਂ ਭਰੀ ਇਹ ਲੋਕ ਕਿਸੇ ਜੰਗ ਜਿੱਤਣ ਜਿੰਨੀ ਖੁਸ਼ੀ ਮਨਾ ਰਹੇ ਸਨ। ਮੇਰੀ ਮਾਸੀ ਦਾ ਮੁੰਡਾ ਜੋ ਉਸ ਸਾਲ ਪ੍ਰਧਾਨ ਬਣਿਆ ਸੀ ਤੇ ਜਿਸ ਨੇ ਏਹ੍ਹ ਅਖੌਤੀ ਜਸ਼ਨ ਯ ਲੁੱਟ ਦਾ ਪ੍ਰੋਗਰਾਮ ਆਪਣੇ ਸਿਨੇਮੇ ਵਿੱਚ ਕਰਵਾਇਆ ਸੀ ਤੇ ਮੈਨੂੰ ਆਪਣੀ ਅਮੀਰੀ ਦਾ ਅੰਗ ਪ੍ਰਦਰਸ਼ਨ ਵਿਖਾਉਣ ਦਾ ਸੱਦਾ ਦਿੱਤਾ ਸੀ। ਇਸ ਹੂ ਹੱਲੇ ਵਿੱਚ ਮੇਰੇ ਕੰਮ ਆਇਆ। ਉਸਨੇ ਆਪਣੇ ਕਿਸੇ ਨੌਕਰ ਨੂੰ ਕਿਹ ਕੇ ਮੇਰੇ ਲਈ ਇੱਕ ਕੜਛੀ ਚਾਵਲ ਤੇ ਸ਼ਬਜ਼ੀ ਦਾ ਜੁਗਾੜ ਕਰਵਾਇਆ। ਰਾਤੀ ਦਸ ਵਜੇ ਜਦੋ ਅੱਧ ਭੁੱਖੇ ਨੇ ਆਪਣੀ ਮਾਂ ਕੋਲੋ ਰੋਟੀ ਮੰਗੀ ਤਾਂ ਉਹ ਮੇਰੀ ਕਹਾਣੀ ਸੁਣ ਕੇ ਹੈਰਾਨ ਹੋ ਗਈ। ਬਾਕੀ ਬਚੀ ਦਾਲ ਤੇ ਬਚੀਆਂ ਰੋਟੀਆਂ ਨੇ ਮੈਨੂੰ ਸੋਣ ਜੋਗਾ ਕਰ ਦਿੱਤਾ।
ਸ਼ੇਰਾਂ ਦੀ ਪਾਰਟੀ ਵਿੱਚ ਗਿੱਦੜ ਭੁੱਖੇ ਹੀ ਮਰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।