“ਰੋਕਿਓ ਰੋਕਿਓ ਗੱਡੀ ਰੋਕਿਓ।” ਨਾਲ ਬੈਠੀ ਨੇ ਇੱਕ ਦਮ ਕਿਹਾ।
“ਕੀ ਹੋ ਗਿਆ ਹੁਣ?” ਮੈਂ ਰੇਲਵੇ ਫਾਟਕ ਨੇੜੇ ਟਰੈਫਿਕ ਦੇ ਝੁੰਜਲਾਏ ਨੇ ਕਿਹਾ।
“ਛੋਲੂਆ ਪੁੱਛਿਓ ਕੀ ਭਾਅ ਦਿੰਦੇ ਹਨ।” ਉਸਨੇ ਸਾਹਮਣੇ ਰੇਲਵੇ ਦੀ ਕੰਧ ਨਾਲ ਭੁੰਜੇ ਬੈਠੇ ਕੁਝ ਲੋਕਾਂ ਨੂੰ ਵੇਖਕੇ ਕਿਹਾ। ਉਹਨਾਂ ਲੋਕਾਂ ਵਿੱਚ ਬੱਚੇ ਬਜ਼ੁਰਗ ਮਰਦ ਤੇ ਔਰਤਾਂ ਵੀ ਸਨ ਜੋ ਹੱਡ ਭੰਨਵੀ ਠੰਡ ਵਿੱਚ ਪਤਲੇ ਕਪੜੇ ਪਾਈ ਛੋਲੀਆ ਕੱਢ ਰਹੇ ਸਨ।
“ਕਿਵੇਂ ਲਾਇਆ?” ਮੈਂ ਇੱਕ ਬਜ਼ੁਰਗ ਜਿਹੇ ਆਦਮੀ ਨੂੰ ਪੁੱਛਿਆ।
“ਅੱਸੀ ਰੁਪਈਏ ਪਾਈਆ।” ਉਸਨੇ ਥੋੜੇ ਸ਼ਬਦਾਂ ਵਿੱਚ ਕਿਹਾ।
“ਚੱਲ ਪਾਈਆ ਤੋਲਦੇ।” ਕਹਿਕੇ ਮੈਂ ਉਸਨੂੰ ਦਸ ਦਸ ਦੇ ਅੱਠ ਨੋਟ ਦੇ ਦਿੱਤੇ।
“ਇਹ ਸਸਤਾ ਕਦੋਂ ਹੋਵੇਗਾ।” ਮੈਂ ਮਜ਼ਾਕ ਨਾਲ ਪੁੱਛਿਆ।
“ਬਸ ਬਾਊ ਜੀ ਇਹ ਚਾਲੀ ਤੇ ਆਕੇ ਟਿੱਕ ਜਾਵੇਗਾ।” ਉਸਨੇ ਕਿਹਾ ਤੇ ਉਹ ਹੱਸ ਪਿਆ।
ਇੰਨੀ ਠੰਡ ਵਿੱਚ ਠੰਡੀ ਜਮੀਨ ਤੇ ਬੈਠਕੇ ਦਾਣਾ ਦਾਣਾ ਕੱਢਣਾ ਕੋਈ ਸੁਖਾਲਾ ਕੰਮ ਨਹੀਂ ਹੁੰਦਾ। ਪਾਈਆ ਦਾਣੇ ਕੱਢਣ ਲਈ ਵੀ ਕਿੰਨੀ ਮੇਹਨਤ ਕਰਨੀ ਪੈਂਦੀ ਹੈ। ਪਰ ਢਿੱਡ ਦੀ ਅੱਗ ਬੁਝਾਉਣ ਲਈ ਗਰਮੀ ਸਰਦੀ ਪਿੰਡੇ ਤੇ ਹੰਢਾਉਣੀ ਪੈਂਦੀ ਹੈ। ਇਹ ਲੋਕ ਮੰਗਕੇ ਵੀ ਗੁਜ਼ਾਰਾ ਕਰ ਸਕਦੇ ਹਨ। ਪਰ ਮੇਹਨਤ ਕਰਨ ਦੀ ਆਦਤ ਇੰਨਾ ਨੂੰ ਕਿਰਤ ਕਰਨ ਲਈ ਮਜਬੂਰ ਕਰਦੀ ਹੈ। ਮੈਂ ਕਾਰ ਦਾ ਸ਼ੀਸ਼ਾ ਬੰਦ ਕਰ ਲੈਂਦਾ ਹਾਂ ਕਿਉਂਕਿ ਅੰਦਰ ਬਲੋਅਰ ਚੱਲ ਰਿਹਾ ਸੀ। ਰੱਬਾ ਕਿਰਤ ਤੇ ਅਣਖ ਦੀ ਰੋਟੀ ਸਭ ਨੂੰ ਦੇਈਂ। ਇਹ ਊਂ ਗੱਲ ਆ ਇੱਕ ਨਹੀਂ। ਬੱਸ ਇਹੋ ਹੀ ਇੱਕ ਗੱਲ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।