ਵਾਹਵਾ ਪੁਰਾਣੀ ਗੱਲ ਹੈ। ਓਦੋਂ ਪਿੰਡ ਬਾਦਲ ਫਰੀਦਕੋਟ ਜ਼ਿਲ੍ਹੇ ਅਧੀਨ ਹੁੰਦਾ ਸੀ। ਅਤੇ ਫਰੀਦਕੋਟ ਜ਼ਿਲ੍ਹੇ ਦੇ ਡੀਸੀ ਸਾਹਿਬ ਸਕੂਲ ਦੀ ਐੱਲ ਐਮ ਸੀ ਦੇ ਚੇਅਰਮੈਨ ਸਨ। ਡੀਸੀ ਸਾਹਿਬ ਲੰਬੀ ਹਲਕੇ ਦੇ ਪਿੰਡ ਸਿੰਘੇਵਾਲੇ ਕਿਸੇ ਪ੍ਰੋਗਰਾਮ ਤੇ ਆਏ ਸਨ ਤੇ ਅਚਾਨਕ ਹੀ ਸਕੂਲ ਦੌਰੇ ਤੇ ਵੀ ਆ ਗਏ। ਉਸ ਦਿਨ ਸ਼ਨੀਵਾਰ ਸੀ ਤੇ ਸਕੂਲ ਪ੍ਰਿੰਸੀਪਲ ਸ੍ਰੀ ਹਰਬੰਸ ਸਿੰਘ ਸੈਣੀ ਆਪਣੇ ਜੱਦੀ ਹਲਕੇ ਖੰਨਾ ਗਏ ਹੋਏ ਸਨ। ਸ਼ਾਮੀ ਚਾਰ ਪੰਜ ਵਜੇ ਦਾ ਸਮਾਂ ਸੀ। ਅਸੀਂ ਤਿੰਨ ਚਾਰ ਸਟਾਫ ਮੈਂਬਰ ਹੀ ਸਕੂਲ ਵਿੱਚ ਹਾਜਰ ਸੀ। ਡੀਸੀ ਸਾਹਿਬ ਨੇ ਸਕੂਲ ਰਿਕਾਰਡ ਤੋਂ ਇਲਾਵਾ ਆਸੇ ਪਾਸੇ ਵੀ ਗੇੜਾ ਮਾਰਿਆ। ਉਹ ਸਕੂਲ ਦੇ ਹੋਸਟਲ ਤੇ ਮੈੱਸ ਵਿੱਚ ਵੀ ਗਏ। ਹਰ ਕੰਮ ਨੂੰ ਬਰੀਕੀ ਨਾਲ ਘੋਖਿਆ। ਤੇ ਕੁਝ ਕਮੀਆਂ ਵੀ ਕੱਢੀਆਂ। ਸੋਮਵਾਰ ਨੂੰ ਸ੍ਰੀ ਸੈਣੀ ਸਾਹਿਬ ਵਾਪਿਸ ਬਾਦਲ ਆਏ ਤਾਂ ਅਸੀਂ ਚੈਕਿੰਗ ਵਾਲੀ ਸਾਰੀ ਗੱਲ ਦੱਸੀ। ਜਿਥੋਂ ਤੱਕ ਮੇਰੇ ਯਾਦ ਹੈ ਡੀਸੀ ਸਾਹਿਬ ਦਾ ਨਾਮ ਸ਼ਾਇਦ ਸ੍ਰੀ ਵਿਜੈ ਕੈਨ ਸੀ। ਮੰਗਲਵਾਰ ਨੂੰ ਸੈਣੀ ਸਾਹਿਬ ਡੀਸੀ ਸਾਹਿਬ ਜੋ ਸਕੂਲ ਦੇ ਚੇਅਰਮੈਨ ਸਨ ਨੂੰ ਮਿਲਣ ਅਤੇ ਆਪਣਾ ਪੱਖ ਰੱਖਣ ਫਰੀਦਕੋਟ ਗਏ। ਪਰ ਡੀਸੀ ਸਾਹਿਬ ਸੋਮਵਾਰ ਨੂੰ ਸ਼ਾਮੀ ਹੀ ਘੁੜਸਵਾਰੀ ਕਰਦੇ ਹੋਏ ਡਿੱਗ ਪਏ ਸਨ। ਡੀਸੀ ਸਾਹਿਬ ਨੇ ਉਸ ਚੈਕਿੰਗ ਬਾਰੇ ਬਹੁਤਾ ਕੁਝ ਨਹੀਂ ਕਿਹਾ। ਗੱਲ ਆਈ ਗਈ ਹੋ ਗਈ। ਪਰ ਦਸ ਕੁ ਦਿਨਾਂ ਅੰਦਰ ਹੀ ਡੀਸੀ ਸਾਹਿਬ ਦਾ ਤਬਾਦਲਾ ਹੋ ਗਿਆ। ਉਸ ਸਮੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਸੀ ਤੇ ਸ੍ਰੀ ਵਰਿੰਦਰ ਵਰਮਾ ਪੰਜਾਬ ਦੇ ਰਾਜਪਾਲ ਸਨ। ਉਸ ਤਬਾਦਲੇ ਦੀ ਫਰੀਦਕੋਟ ਜਿਲ੍ਹੇ ਵਿੱਚ ਖੂਬ ਚਰਚਾ ਹੋਈ। ਜ਼ਿਲ੍ਹੇ ਦੇ ਅਫਸਰ ਸਮਝਦੇ ਸਨ ਕਿ ਪ੍ਰਿੰਸੀਪਲ ਸੈਣੀ ਜੀ ਨੇ ਵੱਡੇ ਬਾਦਲ ਸਾਹਿਬ ਤੋਂ ਕਹਾਕੇ ਡੀਸੀ ਸਾਹਿਬ ਦਾ ਤਬਾਦਲਾ ਕਰਵਾ ਦਿੱਤਾ। ਕਿਉਂਕਿ ਇਸ ਗੱਲ ਦੀ ਕਾਫੀ ਚਰਚਾ ਸੀ ਕਿ ਬਾਦਲ ਸਾਹਿਬ ਰਾਜਪਾਲ ਵਰਿੰਦਰ ਵਰਮਾ ਦੇ ਕਾਫ਼ੀ ਨਜ਼ਦੀਕ ਹਨ। ਇਸ ਪ੍ਰਕਾਰ ਸੈਣੀ ਸਾਹਿਬ ਦਾ ਜ਼ਿਲ੍ਹੇ ਦੀ ਅਫਸਰਸ਼ਾਹੀ ਵਿੱਚ ਕਾਫ਼ੀ ਨਾਮ ਹੋ ਗਿਆ ਸੀ। ਜਦੋਂ ਕਿ ਉਹ ਆਮ ਰੂਟੀਨ ਦਾ ਤਬਾਦਲਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।