2016 ਦੀ ਗੱਲ ਹੈ ਕਿ ਮੈਂ ਗੁਰਦੁਆਰਾ ਸਾਹਿਬ ਰੈਡਿੰਗ ਆਪਣੇ ਲੈਕਚਰ ਦੇਣ ਵਾਸਤੇ ਗਿਆ ਸੀ । ਜਿੱਥੇ ਚਰਚ ਦੇ ਵਿਚੋਂ ਕੁਝ ਇਸਾਈ ਭਾਈਚਾਰੇ ਦੇ ਲੋਕ ਸਿੱਖ ਸਿਧਾਂਤਾਂ ਤੇ ਸਿੱਖੀ ਪ੍ਰੰਪਰਾਵਾਂ ਆਦਿ ਦੀ ਵਿਲੱਖਣਤਾ ਦੇ ਬਾਰੇ ਜਾਨਣ ਲਈ ਬੜੀ ਉਤਸੁਕਤਾ ਨਾਲ ਆਏ ਹੋਏ ਸਨ । ਸਭ ਤੋਂ ਪਹਿਲਾਂ ਆਉਂਦਿਆਂ ਅਸੀਂ ਉਨ੍ਹਾਂ ਨੂੰ ਜੀ ਆਇਆ ਕਿਹਾ ਅਤੇ ਫਿਰ ਗੁਰੂਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਉਹਨਾਂ ਨਾਲ ਗੁਰਮਤਿ ਵਿਚਾਰਾਂ ਤੇ ਸਿੱਖੀ ਦੀ ਨਿਆਰੇਪਣ ਬਾਰੇ ਵਿਚਾਰ ਸਾਂਝ ਕੀਤੀ ਤੇ
ਉਨ੍ਹਾਂ ਦੇ ਕੁਝ ਸਵਾਲਾਂ ਦੇ ਵਾਜਿਬ ਜਵਾਬ ਦਿਤੇ। ਉਹ ਸੁਣ ਕੇ ਬਹੁਤ ਖੁਸ਼ ਤੇ ਹੈਰਾਨ ਵੀ ਸਨ l ਫਿਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਉਹ ਥੱਲੇ ਲੰਗਰ ਛਕਣ ਵਾਸਤੇ ਆਏ ਇਸ ਸਮੇਂ ਲਾਂਗਰੀ ਸਿੰਘ ਇਕੱਲਾ ਸੀ ਜਿਸ ਕਰਕੇ ਮੈਂ ਵੀ ਉਸ ਸਿੰਘ ਦੇ ਨਾਲ ਇਸਾਈਆਂ ਦੇ ਵਫ਼ਦ ਨੂੰ ਲੰਗਰ ਪਾਣੀ ਛਕਾਇਆ ਅਤੇ ਬਾਅਦ ਵਿਚ ਉਨ੍ਹਾਂ ਦੇ ਜੂਠੇ ਬਰਤਨ ਵੀ ਸਾਫ ਕੀਤੇ l ਸਾਡੀ ਸੇਵਾ ਭਾਵਨਾ ਨੂੰ ਵੇਖ ਕੇ ਉਹ ਲੋਕ ਬੜੇ ਪ੍ਰਭਾਵਿਤ ਤੇ ਖੁਸ਼ ਹੋਏ l
ਉਹਨਾਂ ਵਿਚੋਂ ਇਕ ਇਸਾਈ ਬੀਬੀ ਨੇ ਬੜੇ ਬੈਰਾਗ ਭਰੇ ਮਨ ਨਾਲ ਇਹ ਗੱਲ ਕਹੀ ਕਿ ਇਸ ਜਨਮ ਚ ਪਤਾ ਨਹੀਂ ਪਰ ਅਗਲੇ ਜਨਮ ਵਿਚ ਮੈਂ ਜ਼ਰੂਰ ਸਿੱਖ ਬਨਣਾ ਚਾਹਾਂਗੀ ਕਿਉਂਕਿ ਤੁਹਾਡਾ ਧਰਮ ਬਹੁਤ ਮਹਾਨ ਹੈ ।
ਖੈਰ! ਅਸੀਂ ਸ਼ਾਇਦ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਭਾਵੇਂ ਸਿੱਖੀ ਦੇ ਇਨ੍ਹਾਂ ਸ਼ੁਭ ਗੁਣਾਂ ਨੂੰ ਨਾ ਜਾਣਦੇ ਹੋਈਏ ਪਰ ਦੁਨੀਆਂ ਦੇ ਬਹੁ ਗੈਰ ਸਿੱਖ ਸਾਡੇ ਲੰਗਰਾਂ ਦੀ ਸੇਵਾ ਤੇ ਸਿੱਖੀ ਦੇ ਸਿਧਾਂਤ ਤੋਂ ਬਹੁਤ ਪ੍ਰਭਾਵਿਤ ਹਨ l ਉਹ ਆਪ ਮੁਹਾਰੇ ਸਿੱਖ ਵੀ ਬਣਨਾ ਚਾਹੁੰਦੇ ਨੇ ਅਤੇ ਸਿੱਖੀ ਨਾਲ ਅਥਾਹ ਪਿਆਰ ਵੀ ਕਰਦੇ ਹਨ । ਪਰ ਅਸੀਂ ਕਿੱਥੇ ਖੜੇ ਹਾਂ ? ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਸਿੱਖੀ ਨੂੰ ਸਮਝਣ ਤੇ ਅਪਨਾਉਣ ਲਈ ਪੂਰੀ ਸੁਹਿਰਦਤਾ ਨਾਲ ਅਜੇ ਤਕ ਅਸੀਂ ਠੀਕ ਢੰਗ ਨਾਲ ਤਿਆਰ ਵੀ ਨਹੀ ਹੋ ਰਹੇ ਵਾਹਿਗੁਰੂ ਭਲੀ ਕਰੇ!
ਭੁੱਲ ਚੁੱਕ ਦੀ ਖਿਮਾ।
ਨਿਰਮਲਜੀਤ ਸਿੰਘ