ਪਿੰਡ ਸਾਡੇ ਘਰ ਦੇ ਨੇੜੇ ਇੱਕ #ਹਰ_ਕੁਰ ਨਾਮ ਦੀ ਅੰਮਾਂ ਰਹਿੰਦੀ ਸੀ। ਉਸਨੂੰ ਕੋਈਂ ਇਸ ਨਾਮ ਨਾਲ ਨਹੀਂ ਸੀ ਜਾਣਦਾ। ਪਰ ਉਸਦੀ ਸੱਜੀ ਬਾਂਹ ਤੇ ਹਰ ਕੁਰ ਨਾਮ ਖੁਦਿਆ ਹੋਇਆ ਸੀ। ਮੈਨੂੰ ਵੀ ਉਸਦੀ ਬਾਂਹ ਤੋਂ ਪੜ੍ਹਕੇ ਹੀ ਉਸ ਦਾ ਨਾਮ ਪਤਾ ਲੱਗਿਆ ਸੀ। ਉਸ ਦਾ ਕੱਦ ਮਸਾਂ ਹੀ ਚਾਰ ਕੁ ਫੁੱਟ ਸੀ ਇਸ ਲਈ ਸਾਰੇ ਉਸਨੂੰ #ਅੰਬੋ_ਬੌਣੀ ਆਖਦੇ ਸਨ। ਉਹ ਆਪਣੇ ਘਰ ਦੇ ਮੂਹਰਲੇ ਦਰਵਾਜੇ ਵਿੱਚ ਬਣੀ ਡਬਲ ਸਟੋਰੀ ਕੋਠੜੀ ਵਿੱਚ ਰਹਿੰਦੀ ਸੀ। ਜਿਸ ਨੂੰ ਹਮੇਸ਼ਾ ਉਹ ਤਾਲੀ ਲਗਾਕੇ ਰੱਖਦੀ। ਉਸ ਨੂੰ ਰਿਸ਼ਤੇ ਕਰਾਉਣ ਦਾ ਚਸਕਾ ਸੀ ਜਿਸ ਕਰਕੇ ਉਸਨੂੰ ਕਈ ਵਾਰੀ ਝਿੜਕਾਂ ਵੀ ਮਿਲੀਆਂ। ਉਸ ਦੇ ਤਿੰਨੇ ਪੋਤੇ ਮੇਰੇ ਬੇਲੀ ਸਨ। ਅਸੀ ਸਾਰਾ ਦਿਨ ਦੁਪਹਿਰ ਤੇ ਸ਼ਾਮੀ ਉਹਨਾਂ ਦੇ ਦਰਵਾਜੇ ਵਿੱਚ ਹੀ ਖੇਡਦੇ ਰਹਿੰਦੇ। ਅੰਬੋ ਬੌਣੀ ਅਕਸਰ ਹੀ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਉਂਦੀ। ਉਹ ਕਦੇ ਕਦੇ ਅੱਧੀ ਅੱਧੀ ਪਿੰਨੀ ਸਾਨੂੰ ਦੋਹਾਂ ਭਰਾਵਾਂ ਨੂੰ ਖਾਣ ਨੂੰ ਦੇ ਦਿੰਦੀ। ਮੈਨੂੰ ਇਹ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਹੁਤ ਸੁਆਦ ਲੱਗਦੀਆਂ। ਘਰੇ ਆਕੇ ਮੈਂ ਮੇਰੀ ਮਾਂ ਨੂੰ ਇਹ ਪਿੰਨੀਆਂ ਬਣਾਉਣ ਨੂੰ ਕਹਿੰਦਾ । ਪਰ ਉਸਨੇ ਕਦੇ ਨਾ ਬਣਾਈਆਂ। ਪਤਾ ਨਹੀਂ ਉਸਨੂੰ ਬਣਾਉਣੀਆਂ ਨਹੀਂ ਸੀ ਆਉਂਦੀਆਂ ਯ ਉਹ ਇਹ੍ਹਨਾਂ ਨੂੰ ਚੰਗਾ ਨਹੀਂ ਸੀ ਸਮਝਦੀ। ਜਦੋਂ ਕਿ ਘਰੇ ਰੱਬ ਦਾ ਦਿੱਤਾ ਸਭ ਕੁਝ ਸੀ। ਫਿਰ ਮੈਂ ਇਹ੍ਹਨਾਂ ਪਿੰਨੀਆਂ ਨੂੰ ਭੁੱਲ ਹੀ ਗਿਆ।
ਪਿਛਲੇ ਐਤਵਾਰ ਮੇਰੀ ਹਮਸਫਰ ਦੀ ਸਹੇਲੀ Birinder Kaur Rangi ਉਸ ਨੂੰ ਮਿਲਣ ਆਈ। ਉਹ ਚੌਲਾਂ ਦੀਆਂ ਪਿੰਨੀਆਂ ਬਣਾਕੇ ਲਿਆਈ। ਬਹੁਤ ਸੁਆਦ ਸਨ ਉਹ ਪਿੰਨੀਆਂ। ਪਿੰਨੀਆਂ ਖਾਕੇ ਮੈਨੂੰ ਮੇਰਾ ਬਚਪਨ ਤੇ ਅੰਬੋ ਬੌਣੀ ਯਾਦ ਆ ਗਈ। ਖੋਰੇ ਕਦੇ ਘਰੇ ਹੀ ਕੜਾਹੀ ਫੇਰ ਰੱਖੀ ਜਾਵੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ