ਬਹੁਤ ਸਾਲ ਪਹਿਲਾਂ ਮੈਂ ਸਕੂਲ ਦੇ ਬੱਚਿਆਂ ਨਾਲ ਮਸੂਰੀ ਟੂਰ ਤੇ ਗਿਆ। ਉਹ ਪਹਾੜੀ ਸਟੇਸ਼ਨ ਹੈ। ਓਥੇ ਆਮ ਰਿਕਸ਼ਾ ਨਹੀਂ ਸਪੈਸ਼ਲ ਰਿਕਸ਼ਾ ਚਲਦਾ ਸੀ। ਜਿਸਨੂੰ ਆਦਮੀ ਇਧਰਲੀ ਰੇਹੜੀ ਵਾੰਗੂ ਅੱਗੋਂ ਖਿੱਚਦਾ ਸੀ। ਮੋਢੇ ਵਿੱਚ ਪਟਾ ਪਾਕੇ। ਜਿਵੇਂ ਮੈਦਾਨ ਇਲਾਕਿਆਂ ਵਿੱਚ ਅਸੀਂ ਮੂਹਰੇ ਪਸ਼ੂ ਜੋੜਦੇ ਹਾਂ। ਇੱਕ ਆਦਮੀ ਮੁਹਰੋਂ ਖਿੱਚਦਾ ਹੈ ਤੇ ਦੂਸਰਾ ਉਸ ਰਿਕਸ਼ੇ ਨੂੰ ਪਿੱਛੋਂ ਧੱਕਾ ਲਾਉਂਦਾ ਹੈ। ਬਾਜ਼ਾਰ ਜਾਣ ਲਈ ਮੈਂ ਅਤੇ ਮੇਰੀ ਕੁਲੀਗ ਨੇ ਉਹ ਰਿਕਸ਼ਾ ਪੰਜ ਰੁਪਏ ਵਿੱਚ ਕਿਰਾਏ ਤੇ ਕਰ ਲਿਆ। ਪਰ ਆਦਮੀ ਨੂੰ ਪਸ਼ੂ ਵਾੰਗੂ ਮੂਹਰੇ ਜੁਤੇ ਨੂੰ ਦੇਖਕੇ ਮੇਰੀ ਰੂਹ ਕੰਬ ਗਈ। ਮੈਨੂੰ ਆਪਣੇ ਆਪ ਤੇ ਗਲਾਨੀ ਜਿਹੀ ਮਹਿਸੂਸ ਹੋਈ ਤੇ ਅਸੀ ਉਸਨੂੰ ਪੰਜ ਰੁਪਏ ਦੇਕੇ ਉਸ ਰਿਕਸ਼ੇ ਤੋਂ ਉਤਰ ਗਏ ਤੇ ਇੰਜ ਸੁਰਖਰੂ ਮਹਿਸੂਸ ਕੀਤਾ ਜਿਵੇ ਅਸੀਂ ਬਹੁਤ ਵੱਡੇ ਪਾਪ ਕਰਨ ਤੋਂ ਬਚ ਗਏ ਹੋਈਏ। ਬੰਦਾ ਬੰਦੇ ਦਾ ਬੋਝ ਢੋਂਵੇ ਚੰਗਾ ਨਹੀਂ ਲੱਗਦਾ।
ਇਸੇ ਤਰਾਂ ਹੀ ਇੱਕ ਵਾਰੀ ਅਸੀਂ ਫੈਮਿਲੀ ਟੂਰ ਤੇ ਕੁੱਲੂ ਮਨਾਲੀ ਗਏ ਤੇ ਬਰਫ ਦੇਖਣ ਲਈ ਰੋਹਤਾਂਗ ਪਾਸ ਚਲੇ ਗਏ। ਬਰਫ ਤੇ ਘੁੰਮਣ ਲਈ ਬਣੀਆਂ ਬਿਨਾਂ ਪਹੀਏ ਵਾਲੀਆਂ ਰੇਹੜੀਆਂ ਨੂੰ ਆਦਮੀ ਖਿੱਚਦੇ ਹਨ। ਬਰਫ ਤੇ ਪੈਂਦੀ ਧੁੱਪ ਸੇਕ ਕਾਰਨ ਓਹਨਾ ਦੇ ਚੇਹਰੇ ਮੱਚੇ ਹੋਏ ਹੁੰਦੇ ਹਨ। ਉਹ ਇੱਕ ਜੋੜੀ ਨੂੰ ਸ਼ੈਰ ਕਰਾਉਣ ਦਾ ਚਾਰ ਪੰਜ ਸੌ ਰੁਪਏ ਲੈਂਦੇ ਸਨ। ਉਹਨਾਂ ਨੂੰ ਔਖੇ ਹੁੰਦਿਆਂ ਵੇਖਕੇ ਅਸੀਂ ਦੋਨੇ ਉਸ ਰੇਹੜੀ ਤੋਂ ਉਤਰ ਗਏ। ਭਾਵੇ ਓਥੇ ਆਕਸੀਜਨ ਦੀ ਕਮੀ ਹੋਣ ਕਰਕੇ ਸਾਨੂੰ ਸਾਂਹ ਲੈਣ ਵਿੱਚ ਵੀ ਮੁਸਕਿਲ ਆ ਰਹੀ ਸੀ। ਪਰ ਫਿਰ ਵੀ ਉਹਨਾਂ ਨੂੰ ਔਖੇ ਹੁੰਦੇ ਵੇਖਕੇ ਸਾਡੇ ਤੋਂ ਜਰ ਨਹੀਂ ਹੋਇਆ। ਓਹਨਾ ਤੇ ਸਾਨੂੰ ਬਹੁਤ ਤਰਸ ਆਇਆ।ਫਿਰ ਉਹਨਾਂ ਨੂੰ ਲੱਗਿਆ ਕਿ ਓਹਨਾ ਦੇ ਗ੍ਰਾਹਕ ਨਾਰਾਜ਼ ਹੋ ਗਏ ਤੇ ਪੈਸੇ ਦਾ ਨੁਕਸਾਨ ਵੀ ਹੋ ਗਿਆ। ਅਸੀਂ ਉਹਨਾਂ ਦੀ ਮਜ਼ਦੂਰੀ ਦੇਕੇ ਹੋਲੀ ਹੋਲੀ ਥੱਲੇ ਆ ਗਏ। ਉਹ ਮਿਹਨਤੀ ਲੋਕ ਬਰਫਬਾਰੀ ਦੇ ਦੌਰਾਨ ਵੀ ਰਾਤ ਨੂੰ ਵੀ ਓਥੇ ਹੀ ਸੌਂਦੇ ਹਨ ਤੇ ਪੇਟ ਦੀ ਅੱਗ ਬੁਝਾਉਣ ਲਈ ਸਿਰਫ ਉਬਲੇ ਹੋਏ ਚੌਲ਼ ਹੀ ਖਾਂਦੇ ਹਨ। ਬੜੀ ਮੁਸ਼ਕਿਲ ਨਾਲ ਪੰਜ ਸੱਤ ਸੌ ਦਿਹਾੜੀ ਦਾ ਕਮਾਉਂਦੇ ਹਨ। ਇਨਸਾਨ ਨੂੰ ਪੇਟ ਲਈ ਕੀ ਕੁਝ ਕਰਨਾ ਪੈਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
ਬਹੁਤ ਭਾਵੁਕ ਲਿਖਤ ਐ ਜੀ