ਮੁਟਿਆਰ ਦੀ ਸ਼ਾਨ ਅਤੇ ਸ਼ਰਮ,ਹਯਾ,ਅਣਖ ਦਾ ਗਹਿਣਾ ਚੁੰਨੀ ਹੈ । ਚੁੰਨੀ ਵੇਖਣ ਨੂੰ ਤਾਂ ਦੋ ਮੀਟਰ ਕੱਪੜਾ ਅਤੇ ਛੋਟਾ ਜਿਹਾ ਸ਼ਬਦ ਹੈ , ਪਰ ਜੇ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਸ ਦੇ ਅਰਥ ਬਹੁਤ ਹੀ ਡੂੰਘੇ ਹਨ । ਚੁੰਨੀ ਔਰਤ ਦੇ ਸਿਰ ਢੱਕਣ ਲਈ ਦੋ ਮੀਟਰ ਦਾ ਕੱਪੜਾ ਨਾ ਸਮਝੋ , ਸਗੋਂ ਇਹ ਪੰਜਾਬੀ ਔਰਤ ਦੀ ਅਣਖ ਅਤੇ ਖਾਨਦਾਨ ਦੀ ਇੱਜ਼ਤ ਦੀ ਪ੍ਰਤੀਕ ਹੈ । ਜਿਸ ਦੀ ਅਹਿਮੀਅਤ ਮਰਦ ਦੀ ਪੱਗ ਦੇ ਬਰਾਬਰ ਹੈ । ਚੁੰਨੀ ਗਲ ਵਿੱਚ ਪਾਉਣ ਵਾਸਤੇ ਨਹੀਂ ਬਲਕਿ ਨਿੱਘੀ ਛਾਂ ਹੈ , ਸਿਰ ਉੱਤੇ ਹੀ ਲਈ ਚੁੰਨੀ ਸਾਡੀ ਅਣਖ ਦੀ ਪ੍ਰਤੀਕ ਬਣਦੀ ਹੈ । ਚੁੰਨੀ ਦੇ ਕਈ ਰੰਗ ਰੂਪ ਹਨ ਜਿਵੇਂ ਦੁਪੱਟਾ, ਡੋਰੀਆ, ਸਾਲੂ, ਫੁੱਲਕਾਰੀ , ਰੂਪ ਰੰਗ ਦੇ ਅਕਾਰ ਪ੍ਰਕਾਰ ਹਨ । ਚੁੰਨੀ ਹਮੇਸ਼ਾ ਸਾਡੀ ਇੱਜ਼ਤ ਦਾ ਖਿਆਲ ਰੱਖਦੀ ਹੈ ਅਤੇ ਦਾਜ ਮੰਗਣ ਵਾਲਿਆਂ ਤੋਂ ਡਰਦੀ ਹੈ । ਜਦੋ ਵਿਆਹ ਵਾਲੀ ਕੁੜੀ ਇੱਕ ਲਾਲ ਰੰਗ ਦੀ ਫੁੱਲਕਾਰੀ ਜਾਂ ਚੁੰਨੀ ਓੜਦੀ ਹੈ , ਉਦੋਂ ਸਾਡੀ ਨੰਨੀ ਛਾਂ ਇਕ ਪਰੀ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ।ਬਿਨਾਂ ਕਿਸੇ ਡਰ ਭੈਹ ਤੋਂ ਚੁੰਨੀ ਚੜਾਕੇ ਵਿਆਹ ਵੀ ਕਰ ਦਿੱਤਾ ਜਾਂਦਾ ਹੈ ।ਸਹੁਰੇ ਘਰ ਜਾਕੇ ਤਾਂ ਚੁੰਨੀ ਦੀ ਮੁਰਿਆਦਾ ਹੋਰ ਵੀ ਵੱਧ ਜਾਂਦੀ ਹੈ ਹਰ ਔਰਤ ਸਿਰ ਤੇ ਚੁੰਨੀ ਲੈਣੀ ਆਪਣੀ ਸ਼ਾਨ ਸਮਝਦੀ ਹੈ ।
ਜਿਥੇ ਚੁੰਨੀ ਔਰਤ ਦੀ ਸ਼ਾਨ ਬਣਦੀ ਹੈ ਉੱਥੇ ਉਸਦੇ ਮਨ ਦੀਆਂ ਰੀਝਾਂ, ਆਸਾਂ ਅਤੇ ਖ਼ਹਿਸਾਂ ਦਾ ਸੁਮੇਲ ਹੈ ਉੱਥੇ ਉਸਦੇ ਰੰਗ ਬਰੰਗੇ ਸੁਨਹਿਰੇ ਸੁਪਨਿਆ ਦਾ ਸਾਧਨ ਵੀ ਬਣਦੀ ਹੈ । ਕਿਸੇ ਸਮੇ ਦੀ ਗੱਲ ਹੈ ਸਿਰ ਦੀ ਚੁੰਨੀ ਲਹਿ ਜਾਣ ਨੂੰ ਬਹੁਤ ਹੀ ਮਾੜਾ ਸਮਝਿਆ ਜਾਂਦਾ ਸੀ । ਕੋਈ ਮਜ਼ਬੂਰੀ ਕਾਰਨ ਕਿਸੇ ਦੀ ਮਿੰਨਤ ਕਰਨੀ ਹੁੰਦੀ ਜਾਂ ਆਪਣੀ ਕੀਤੀ ਗਲਤੀ ਦੀ ਮੁਆਫੀ ਮੰਗਣੀ ਤਾਂ ਚੁੰਨੀ ਨੂੰ ਆਪਣੇ ਸਿਰ ਤੋਂ ਉਤਾਰ ਕੇ ਉਸਦੇ ਪੈਰਾਂ ਵਿੱਚ ਰੱਖਿਆ ਜਾਂਦਾ ਸੀ , ਚੁੰਨੀ ਔਰਤ ਦੇ ਸਿਰ ਢੱਕਣ ਦੀ ਵਜਾਏ ਦੇ ਨਾਲ ਨਾਲ ਘਰ ਦੀ ਆਬਰੂ ਦਾ ਵੀ ਖਿਆਲ ਚੇਤੇ ਕਰਵਾਉਂਦੀ ਹੈ । ਅਤੇ ਹਰ ਔਰਤ ਸਿਰ ਤੇ ਚੁੰਨੀ ਲੈਣਾ ਆਪਣੀ ਸ਼ਾਨ ਸਮਝਦੀ ਸੀ , ਸਿਰ ਉੱਪਰ ਹੀ ਚੁੰਨੀ ਲਈ ਹੋਈ ਇੱਕ ਪੰਜਾਬਣ ਮੁਟਿਆਰ ਦੀ ਨਿਸ਼ਾਨੀ ਸਮਝੀ ਜਾਂਦੀ ਸੀ । ਇਹਨਾਂ ਵਿਚਾਰਾਂ ਨੂੰ ਸਾਂਝੇ ਕਰਨ ਦਾ ਮਤਲਬ ਜਿੰਮੇਵਾਰ ਸੱਭਿਅਕ ਅਤੇ ਬੁੱਧੀਜੀਵੀ ਵਰਗ ਨੂੰ ਚੁੰਨੀ ਮਹੱਤਤਾ ਸਮਝਾਉਣਾ ਨਹੀਂ ਹੈ ਬਲਕਿ ਉਸ ਚਣੌਤੀ ਨੂੰ ਨਾ ਕਬੂਲ ਕਰਨ ਤੇ ਜੋ ਚੁੰਨੀ ਨੇ ਸਾਡੇ ਸਾਹਮਣੇ ਲਿਆ ਕੇ ਖੜ੍ਹੀ ਕਰ ਦਿੱਤੀ ਹੈ । ਜਿਥੇ ਅਸੀਂ ਚੁੰਨੀ ਦੀ ਮਰਿਆਦਾ ਨੂੰ ਸਮਝਦੇ ਹਾਂ ਉੱਥੇ ਹੀ ਫਿਲਮੀ ਪੇਸਕਾਰੀ ਕੱਪੜੇ ਉਤਾਰਨ ਦੇ ਸੰਘਰਸ਼ ਲੱਗੇ ਹੋਏ ਹਨ ।ਕੁੱਝ ਸਾਡੇ ਲੱਚਰਤਾ ਗਾਈਕੀ ਦਾ ਵੀ ਬਹੁਤ ਅਸਰ ਹੋ ਰਿਹਾ ਦਿਖਾਈ ਦੇ ਰਿਹਾ ਹੈ , ਅੱਜ ਸਾਡੇ ਪੰਜਾਬੀ ਮੁਟਿਆਰ ਦੀ ਚੁੰਨੀ ਖਤਰੇ ਵਿੱਚ ਦੌੜ ਰਹੀ ਹੈ । ਚੁੰਨੀ ਹੀ ਔਰਤ ਦਾ ਇੱਕ ਅਣਮੂਲਾ ਗਹਿਣਾ ਜਿਸ ਦੀ ਕੀਮਤ ਨਹੀਂ ਉਤਾਰੀ ਜਾ ਸਕਦੀ, ਭਾਵੇਂ ਸਾਡੇ ਲਈ ਦੋ ਮੀਟਰ ਦਾ ਕੱਪੜਾ ਹੈ , ਪਰ ਮਹੱਤਤਾ ਬਹੁਤ ਹੈ । ਜਿਵੇਂ :- ………… ਮੇਰਾ ਉੱਡੋ ਡੋਰੀਆ ਮਹਿਲਾਂ ਵਾਲੇ ਘਰ ਵੇ……। ਔਰਤਾਂ ਹਮੇਸ਼ਾ ਸੂਟ ਨਾਲ ਦੀ ਹੀ ਚੁੰਨੀ ਲੈਂਦੀਆਂ ਹਨ। ਕੁੜੀਆਂ ਚਿੜੀਆਂ ਨੂੰ ਵੱਖਰੇ ਰੰਗਾਂ ਵਾਲੇ ਦੁਪੱਟਿਆਂ ਤੇ ਬਹੁਤ ਦਿਲਚਸਪੀ ਹੁੰਦੀ ਹੈ ਅਤੇ ਪਸੰਦ ਕਰਦੀਆਂ ਹਨ । ਅੱਜ ਕੱਲ੍ਹ ਤਾਂ ਪਤੀ ਪਤਨੀ ਇੱਕ ਦੂਜੇ ਨਾਲ ਰੰਗ ਮਿਲਾਕੇ ਸੂਟ ਅਤੇ ਪੱਗ ਚੁੰਨੀ ਦੀ ਚੌਣਾਂ ਕਰਦੇ ਹਨ । ਅਜੋਕੇ ਸਮੇਂ ਵਿੱਚ ਚੁੰਨੀ ਦਾ ਸਿਰ ਤੋਂ ਲਾਹ ਦੇਣ ਦਾ ਮਤਲਬ ਬੇਹਯਾਈ, ਬੇਸ਼ਰਮੀ, ਬੇਇੱਜ਼ਤੀ ਮੰਨੀ ਜਾਂਦੀ ਸੀ । ਜਿਸ ਔਰਤ ਦੀ ਚੁੰਨੀ ਸਿਰ ਤੋਂ ਲਹਿ ਜਾਂਦੀ ਸੀ ਉਸਨੂੰ ਬੇਇੱਜ਼ਤ ਮੰਨਿਆ ਜਾਂਦਾ ਸੀ । ਚੁੰਨੀ ਸਿਰ ਤੇ ਰੱਖਣਾ ਔਰਤ ਦੀ ਇੱਜ਼ਤ ਦਾ ਪ੍ਰਤੀਕ ਸੀ । ਅੱਜ ਕੱਲ੍ਹ ਤਾਂ ਮੰਨੋਰੰਜਨ ਦੇ ਨਾਮ ਹੇਠ ਖੇਡੇ ਜਾ ਰਹੇ ਇਸ ਤਾਂਡਵ ਨਾਚ ਤੋਂ ਬੇਖਬਰ ਅਤੇ ਅਲਗਾਵਤਾ ਦੀ ਸਥਿਤੀ ਵਿਚ ਗੁਜ਼ਰ ਰਹੀ ਸਾਡੀ ਨੌਜਵਾਨ ਪੀੜ੍ਹੀ ਖੁਦ ਆਪਣੇ ਅਨਮੋਲ ਵਿਰਸੇ ਦੀ ਗੌਰਵਮਈ ਚਿੰਨ ਤੋਂ ਟੁੱਟ ਕੇ ਅਲਟਰਾ ਮਾਡਰਨ ਮਾਡਲ ਵਜੋਂ ਸਥਾਪਿਤ ਕਰਨ ਲਈ ਕੁਰਾਹੇ ਪੈ ਚੁੱਕੀ ਹੈ । ਪੰਜਾਬੀ ਪਹਿਰਾਵੇ ਦੀ ਵਿਲੱਖਣਤਾ ਹੀ ਇਸ ਵਿੱਚ ਹੈ ਕਿ ਜਿੱਥੇ ਇਹ ਸੰਪੂਰਨ ਤਨ ਢੱਕਦਾ ਹੈ ਉੱਥੇ ਇਸ ਦੀ ਦਿੱਖ ਵੀ ਸ਼ਾਨਦਾਰ ਹੈ । ਬਾਹਰਲੇ ਲੋਕਾਂ ਨੇ ਪੰਜਾਬੀ ਸੂਟ ਨੂੰ ਜਿੰਨੀ ਸ਼ਿੱਦਤ ਨਾਲ ਅਪਣਾਇਆ ਹੈਂ, ਉੱਥੇ ਖੁਦ ਪੰਜਾਬੀ ਮੁਟਿਆਰਾਂ ਹੀ ਹੋਰ ਸੱਭਿਆਚਾਰਾ ਦੇ ਪ੍ਰਭਾਵ ਅਧੀਨ ਆਪਣੇ ਪਹਿਰਾਵੇ ਨੂੰ ਭੁੱਲਦੀਆਂ ਜਾ ਰਹੀਆਂ ਹਨ । ਇਹ ਇੱਕ ਸੱਚਾਈ ਹੈ ਕਿ ਪੰਜਾਬੀ ਔਰਤ ਪੰਜਾਬੀ ਸੂਟ ਵਿੱਚ ਹੀ ਬਹੁਤ ਸੁੰਦਰ ਲੱਗਦੀ ਹੈ , ਨਾ ਕੇ ਉਹ ਅੱਧੇ-ਅਧੂਰੇ ਕੱਪੜਿਆਂ ਵਿਚ ਸੁੰਦਰ ਲੱਗਦੀ ਹੈਂ । ਪੰਜਾਬੀ ਔਰਤ ਸਿਰ ਤੇ ਲਈ ਚੁੰਨੀ ਨਾਲ ਘੁੰਡ ਵੀ ਕੱਢਦੀ ਹੈ ,ਪੰਜਾਬੀ ਸਮਾਜ ਵਿੱਚ ਘੁੰਡ ਨੂੰ ਵਿਸ਼ੇਸ਼ ਥਾਂ ਦਿੱਤੀ ਹੈ , ਜਿਸ ਦਾ ਸਬੰਧ ਚੁੰਨੀ ਨਾਲ ਹੈਂ । ਗੋਰਾ ਰੰਗ ਸ਼ਰਬਤੀ ਅੱਖੀਆਂ ……………….। ਘੁੰਡ ਦੀ ਵੀ ਇੱਕ ਵਿਸ਼ੇਸ਼ ਮਹੱਤਤਾ ਹੈਂ । ਅਜੋਕੇ ਸਮੇ ਵਿੱਚ ਔਰਤਾਂ ਘਰ ਦੀ ਦਹਿਲੀਜ਼ ਤੱਕ ਸੀਮਤ ਸਨ ਤੇ ਉਹਨਾਂ ਦਾ ਪਰਾਏ ਮਰਦ ਵੱਲ ਤੱਕਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇੱਥੋਂ ਕਿ ਸਹੁਰੇ ਪ੍ਰੀਵਾਰ ਵਿੱਚ ਹਰ ਬਜ਼ੁਰਗ ਕੋਲੋਂ ਪਰਦਾ ਰੱਖਿਆ ਜਾਂਦਾ ਸੀ । ਅੱਜ ਦੇ ਸਮਾਜ ਵਿੱਚ ਤਬਦੀਲੀ ਆ ਚੁੱਕੀ ਹੈਂ, ਅੱਜ ਜੇ ਨਵੀਂ ਨੌਜਵਾਨ ਪੀੜ੍ਹੀ ਨਾਲ ਘੁੰਡ ਵਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆਉਂਦਾ, ਇਹਨਾਂ ਨੂੰ ਘੁੰਡ ਦਾ ਪਤਾ ਹੀ ਨਹੀਂ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਸੀ ਉਹ ਅੱਜ ਦੇ ਸਮੇਂ ਵਿੱਚ ਅਲੋਪ ਕਰ ਦਿੱਤਾ ਗਿਆ ਹੈਂ । ਅੱਜ ਦੇ ਯੁੱਗ ਵਿੱਚ ਜਿੰਨਾ ਹੋ ਸਕੇ ਸਾਨੂੰ ਆਪਣੇ ਰਸਮਾਂ -ਰਿਵਾਜਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੰਭਾਲ ਕਰਨ ਦੀ ਜਰੂਰਤ ਹੈਂ । ਅੱਜ ਦੇ ਸਮੇਂ ਵਿੱਚ ਪੰਜਾਬੀਅਤ ਦਾ ਮਾਣ ਅਤੇ ਔਰਤ ਦਾ ਗੌਰਵਮਈ ਗਹਿਣਾ ਫੁੱਲਕਾਰੀ ਹੈ ਜੋ ਸਿਰਫ।ਹੁਣ ਅਜਇਬ ਘਰਾਂ ਦੀ ਨੁਮਾਇਸ਼ ਬਣਕੇ ਰਹਿ ਚੁੱਕੀ ਹੈਂ । ਸਾਡੇ ਖਾਨਦਾਨ ਦੀ ਇੱਜ਼ਤ ਚੁੰਨੀ ਸਿਰ ਤੋ ਵਿਸਰ ਕੇ ਮੋਢਿਆਂ ਤੇ ਗੋਡਿਆਂ ਤੇ ਆ ਗਈ ਹੈਂ । ਕਿੱਟੀ ਪਾਰਟੀਆਂ ਕਲੱਬਾਂ ਵਿੱਚ ਖੜਕਦੇ ਕੱਚ ਦੇ ਗਲਾਸ ਸ਼ਾਈਦ ਮਜਬੂਤ ਹੋ ਸਕਦੇ ਹਨ । ਪਰ ਸਾਡੀਆਂ ਸੱਭਿਆਚਾਰਕ ਕਦਰਾਂ -ਕੀਮਤਾਂ ਕਮਜ਼ੋਰ ਹੋਕੇ ਟੁੱਟਦੀਆਂ ਜਾ ਰਹੀਆਂ ਹਨ ।ਜਿਸ ਦੀ ਜ਼ਿੰਮੇਵਾਰ ਕੁੱਝ ਹੱਦ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਹੈ । ਪੰਜਾਬ ਦਾ ਮਾਣ ਸੱਭਿਆਚਾਰਕ ਦਾ ਪੰਘੂੜਾ ਕਿਹਾ ਜਾਣ ਵਾਲਾ ਸੱਭਿਆਚਾਰਕ ਪੱਖੋਂ ਅਪਾਹਜ ਹੋ ਚੁੱਕਿਆ ਹੈਂ । ਪੰਜਾਬੀ ਮੁਟਿਆਰ ਇਖ਼ਲਾਕੀ ਗੁਣਾ ਤੋਂ ਮੂੰਹ ਫੇਰ ਕੇ ਅੱਜ ਸਿਰਫ ਆਪਣੀ ਬਾਹਰੀ ਦਿੰਖ ਬਦਲ ਕੇ ਖੁਦ ਨੂੰ ਮਾਡਰਨ ਕਹਾਉਣ ਵਿੱਚ ਆਪਣਾ ਮਾਣ ਮਹਿਸੂਸ ਕਰਦੀ ਹੈਂ, ਵਿਰਸੇ ਦੀਆਂ ਗਿੱਧੇ ਬੋਲੀਆਂ ਤੋਂ ਟੁੱਟ ਕੇ ਆਪਣੀਆਂ ਮਜ਼ਬੂਤ ਜੜ੍ਹਾਂ ਖੁਦ ਖੋਖਲੀਆਂ ਕਰਨ ਤੇ ਤੁਰੀ ਹੈ । ਜਿਹੜੀ ਔਰਤ ਸਦੀਆਂ ਤੋਂ ਆਪਣਾ ਹੀ ਨਹੀਂ ਬਲਕਿ ਪੂਰੇ ਖਾਨਦਾਨ ਦਾ ਕੱਜਣ ਸਿਉਂਦੀ ਰਹੀ ਹੈ । ਅੱਜ ਉਸਦਾ ਹੀ ਕੱਜਣ ਪਾਟਿਆ ਹੋਇਆ ਹੈਂ । ਸ਼ਾਈਦ ਉਸਦੀ ਨਿਗ੍ਹਾ ਕਮਜ਼ੋਰ ਹੋ ਚੁੱਕੀ ਹੈਂ । ਉਸਦੇ ਹੱਥਾਂ ਦੀਆਂ ਉਂਗਲੀਆਂ ਅੱਜ ਐਨੀਆਂ ਕਮਜ਼ੋਰ ਹੋ ਚੁੱਕੀਆਂ ਨੇ ਕਿ ਉਹ ਕੱਜਣ ਸਿਉਂਣ ਦੀ ਜਾਂਚ ਭੁੱਲ ਗਈ ਹੈਂ ?
ਕਦੇ ਸਮਾਂ ਹੁੰਦਾ ਸੀ ਨਵੀ ਵਿਆਹੀ ਮੁਟਿਆਰ ਜਦੋਂ ਘਰ ਪੈਰ ਪਾਉਂਦੀ ਸੀ । ਨਵਾਰੀ ਪਲੰਘ ਉਪਰ ਬੈਠਕੁ ਹੌਲੀ-ਹੌਲੀ ਚੁੰਨੀ ਸਿਰ ਉੱਤੋਂ ਖਿਸਕਾਉਂਦੀ ਸੀ , ਜਿਵੇਂ ਸਵੇਰੇ -ਸਵੇਰੇ ਸੂਰਜ ਦੀਆਂ ਨਿਕਲਦੀਆਂ ਕਿਰਨਾਂ ਹੌਲੀ -ਹੌਲੀ ਆਪਣਾ ਸਥਾਨ ਗ੍ਰਹਿਣ ਕਰਦੀਆਂ ਹਨ । ਆਪਣੇ ਆਏ ਸਾਕ ਸਬੰਧੀ ਮਿੱਤਰ ਮੇਲੀ ਆਢ ਗਾਆਂਢ ਅਤੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਨਵੀਂ ਵਿਆਹੀ ਮੁਟਿਆਰ ਦੇ ਆਲੇ ਦੁਆਲੇ ਪੂਰਾ ਗਰੁੱਪ ਬਣਾਕੇ ਖੜੀਆਂ ਹੋ ਜਾਂਦੀਆਂ ਅਤੇ ਉਸਦੇ ਸਿਰ ਉੱਪਰ ਲਈ ਫੁੱਲਕਾਰੀ ਚੱਕ ਕੇ ਉਸਦਾ ਮੂੰਹ ਵੇਖਦੀਆਂ ਸਨ , ਫਿਰ ਇੰਝ ਲੱਗਦਾ ਸੀ ਜਿਵੇਂ ਚੰਨ ਹੁਣੇ ਹੀ ਚੜਿਆ ਹੋਵੇ । ਆਪਣੇ ਹਾਸੇ ਨੂੰ ਛਪਾਉਣ ਦੇ ਲਈ ਨਵੀਂ ਵਿਆਹੀ ਮੁਟਿਆਰ ਆਪਣੀ ਚੁੰਨੀ ਬੁੱਲ੍ਹਾਂ ਅੱਗੇ ਕਰ ਲੈਂਦੀ ਸੀ ਚੁੰਨੀ ਦੰਦਾਂ ਚ ਲੈਕੇ ਆਪਣੀ ਝਿਜਕ ਆਪਣਾ ਸ਼ੱਕ ਪ੍ਰਗਟ ਕਰਦੀ ਸੀ । ਪੰਜਾਬੀ ਮੁਟਿਆਰ ਦੇ ਚਾਵਾਂ -ਮੁਲਾਰਾਂ, ਰੀਝਾਂ, ਸੱਧਰਾਂ ਅਤੇ ਸਾਂਝਾਂ ਦੀ ਤਰਜਮਾਨੀ ਕਰਨ ਵਾਲੀ ਅਨਮੋਲ ਗਹਿਣਾ ਚੁੰਨੀ ਹੈਂ ਅਤੇ ਚੁੰਨੀ ਦੀ ਸ਼ਾਨ ਬਣੋ । ਚੁੰਨੀ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੀ ਸ਼ਾਨ ਹੈਂ, ” ਕਿਉਂ ਨਾ ਆਪਾਂ ਸਾਰੇ ਰਲ ਮਿਲਕੇ ਇਸ ਅਨਮੋਲ ਗਹਿਣੇ ਦੀ ਸੰਭਾਲ ਕਰੀਏ ।” ਚੁੰਨੀ ਇੱਕ ਪੰਜਾਬੀ ਮੁਟਿਆਰ ਦਾ ਅਨਮੋਲ ਗਹਿਣਾ ਇਸ ਨੂੰ ਲੱਗੇ ਅਲਟਰਾ ਮਾਡਰਨ ਦੇ ਘੁਣ ਤੋਂ ਅੱਜ ਬਚਾਉਣ ਦੀ ਲੋੜ ਹੈਂ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ