“ਕੀ ਪ੍ਰਿੰਸੀਪਲ ਸਾਹਿਬ ਜੋਇਨ ਕਰਵਾਉਣ ਤੋਂ ਇਨਕਾਰ ਵੀ ਕਰ ਸਕਦੇ ਹਨ?” ਜਦੋ ਜਵਾਹਰ ਨਵੋਦਿਆ ਵਿਦਿਆਲਿਆ ਦੇ ਮੁੱਖ ਦਫਤਰ ਦਿੱਲੀ ਦੇ ਡੀਲਿੰਗ ਹੈਂਡ ਨੇ ਬਾਹਰ ਆਕੇ ਮੈਨੂੰ ਦੱਸਿਆ ਕਿ ਡਾਈਰੈਕਟਰ ਸਾਹਿਬ ਜੀ ਨੇ ਮੇਰੀ ਸੁਪਰਡੈਂਟ ਜੇਐਨਵੀ ਬੜਿੰਗਖੇੜਾ ਲਈ ਡੈਪੂਟੇਸ਼ਨ ਦੀ ਫਾਈਲ ਨੂੰ ਅਪਰੂਵਲ ਦੇ ਦਿੱਤੀ ਹੈ ਤਾਂ ਮੈਂ ਆਪਣੀ ਸ਼ੰਕਾ ਜਾਹਿਰ ਕਰਦੇ ਹੋਏ ਨੇ ਪੁੱਛਿਆ। ਮੈਨੂੰ ਲਗਦਾ ਸੀ ਕਿ ਜੇਐਨਵੀ ਦੇ ਪ੍ਰਿੰਸੀਪਲ ਮਿਸਟਰ ਵਡੇਰਾ ਮੇਰੇ ਹੱਕ ਵਿੱਚ ਨਹੀਂ ਸਨ। ਕਿਉਂਕਿ ਉਹ ਇਹ ਜਾਣਦੇ ਸਨ ਕਿ ਮੇਰੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ੍ਰੀ ਭੁਪਿੰਦਰ ਸਿੰਘ ਸਿੱਧੂ ਨਾਲ ਨੇੜਲੇ ਸਬੰਧ ਹਨ। ਜੋ ਉਹਨਾਂ ਨੂੰ ਸਹੀ ਨਹੀਂ ਸੀ ਲੱਗਦੇ। ਮੇਰੀ ਗੱਲ ਸੁਣਦੇ ਹੀ ਉਹ ਡੀਲਿੰਗ ਹੈਂਡ ਭੜਕ ਪਿਆ ਤੇ ਮੈਨੂੰ ਬਹੁਤ ਉੱਚੀ ਆਵਾਜ਼ ਵਿੱਚ ਬੋਲਿਆ। ਉਸਦੇ ਅਨੁਸਾਰ ਪ੍ਰਿੰਸੀਪਲ ਅਤੇ ਸੁਪਰਡੈਂਟ ਦਾ ਨੌਂਹ ਮਾਸ ਦਾ ਰਿਸ਼ਤਾ ਹੁੰਦਾ ਹੈ। ਬਹੁਤ ਨੇੜੇ ਦਾ ਤੇ ਵਿਸ਼ਵਾਸ ਵਾਲਾ ਸਬੰਧ ਹੁੰਦਾ ਹੈ। ਜੇ ਅੱਜ ਹੀ ਤੁਹਾਨੂੰ ਪ੍ਰਿੰਸੀਪਲ ਤੇ ਵਿਸ਼ਵਾਸ ਨਹੀਂ ਤਾਂ ਕੱਲ੍ਹ ਨੂੰ ਤੁਸੀਂ ਮਿਲਕੇ ਕਿਵੇਂ ਕੰਮ ਕਰੋਗੇ। ਇਸੇ ਗੁੱਸੇ ਵਿੱਚ ਉਹਨਾਂ ਨੇ ਮੈਨੂੰ ਹੁਕਮਾਂ ਦੀ ਕਾਪੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ ਉਹ ਇਹ ਆਰਡਰ ਜਿਲ੍ਹਾ ਦਫਤਰ ਨੂੰ ਭੇਜ ਚੁੱਕੇ ਸਨ। ਉਸਨੇ ਸ਼ਾਇਦ ਪ੍ਰਿੰਸੀਪਲ ਵਡੇਰਾ ਨੂੰ ਫੋਨ ਵੀ ਕਰ ਦਿੱਤਾ ਹੋਵੇ। ਓਹੀ ਹੋਇਆ ਜਿਸਦਾ ਮੈਨੂੰ ਡਰ ਸੀ। ਮੈਨੂੰ ਪ੍ਰਿੰਸੀਪਲ ਵਡੇਰਾ ਨੇ ਜੋਇਨ ਨਾ ਕਰਵਾਇਆ। ਮੇਰਾ ਦਸਮੇਸ਼ ਸਕੂਲ ਬਾਦਲ ਤੋਂ ਜੇਐਨਵੀ ਬੜਿੰਗ ਖੇੜਾ ਬਤੌਰ ਸੁਪਰਡੈਂਟ ਆਉਣ ਦਾ ਸੁਫਨਾ ਵਿਚਾਲੇ ਹੀ ਦਮ ਤੋੜ ਗਿਆ। ਬਾਅਦ ਵਿੱਚ ਮੈਨੂੰ ਵੀ ਮੇਰੀ ਗਲਤੀ ਮਹਿਸੂਸ ਹੋਈ। ਮੈਨੂੰ ਇਸ ਤਰਾਂ ਦਾ ਸਵਾਲ ਨਹੀਂ ਸੀ ਪੁੱਛਣਾ ਚਾਹੀਦਾ। ਕਈ ਵਾਰੀ ਅਸੀਂ ਬਿਨਾਂ ਸੋਚੇ ਹੀ ਬੋਲ ਪੈਂਦੇ ਹਾਂ ਜਿਸ ਦੀ ਸਾਨੂੰ ਭਾਰੀ ਕੀਮਤ ਚਕਾਉਣੀ ਪੈਂਦੀ ਹੈ। ਦਿਮਾਗ ਅਤੇ ਜੀਭ ਵਿਚਾਲੇ ਤਾਲਮੇਲ ਹੋਣਾ ਜਰੂਰੀ ਹੁੰਦਾ ਹੈ। ਵੈਸੇ ਤਾਂ ਜੀਭ ਨੂੰ ਬੋਲਣ ਲਈ ਦਿਮਾਗ ਤੋਂ ਪਹਿਲਾਂ ਅਪਰੂਵਲ ਲੈਣੀ ਚਾਹੀਦੀ ਹੈ। ਪਰ ਬਹੁਤੇ ਵਾਰੀ ਇਹ ਲੋਕਲ ਕਾਂਗਰਸੀ ਨੇਤਾਵਾਂ ਵਾਂਗ ਆਪ ਮੁਹਾਰੀ ਹੀ ਬਿਆਨ ਦਾਗ ਦਿੰਦੀ ਹੈ ਜਿਸ ਦਾ ਹਰਜਾਨਾ ਪੂਰੇ ਸੰਗਠਨ ਨੂੰ ਭੁਗਤਣਾ ਪੈਂਦਾ ਹੈ। ਮੇਰੇ ਨਾਲ ਵੀ ਇਹੀ ਹੋਇਆ। ਪਰ ਮੇਰੀ ਜੀਭ ਨੇ ਆਪਣੀ ਇਹ ਆਦਤ ਅਜੇ ਵੀ ਨਹੀਂ ਸੁਧਾਰੀ। ਉਸ ਦਿਨ ਜੇ ਕਰ ਮੈਂ ਅਪਰੂਵਲ ਦਾ ਸੁਣਕੇ ਸਬੰਧਿਤ ਧਿਰ ਦਾ ਮੂੰਹ ਮਿੱਠਾ ਕਰਵਾ ਦਿੰਦਾ ਤਾਂ ਮੈਂ ਜੇਐਨਵੀ ਦੇ ਸੁਪਰਡੈਂਟ ਵਜੋਂ ਸੇਵਾਮੁਕਤ ਹੁੰਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ