ਦੀਪੋ ਦੇ ਵਿਆਹ ਨੂੰ ਪੂਰਾ ਸਾਲ ਹੋ ਗਿਆ ਸੀ, ਮਾਪਿਆਂ ਨੇ ਜ਼ਮੀਨ ਦੇ ਲਾਲਚ ਵਿੱਚ ਉੱਨੀਂ ਸਾਲਾਂ ਦੀ ਦੀਪੋ ਨੂੰ ਵਿਆਹ ਦਿੱਤਾ ਸੀ। ਉਸਦੇ ਪਤੀ ਬਲਕਾਰ ਦਾ ਰੱਵਈਆ ਦੀਪੋ ਨਾਲ ਠੀਕ ਨਹੀਂ ਸੀ।
ਦੀਪੋ ਸੋਚਦੀ ਬਲਕਾਰ ਨੂੰ ਪਤਾ ਨਹੀਂ ਕੀ ਪਸੰਦ ਐ ਮੇਰੇ ਨਾਲ ਕਿਓਂ ਖਿਝਿਆ ਖਿਝਿਆ ਰਹਿੰਦਾ ਐ। ਬਲਕਾਰ ਹੋਰੀ ਤਿੰਨ ਭਰਾ ਸਨ ਬਲਕਾਰ ਵਿਚਕਾਰਲਾ ਸੀ,ਵੱਡਾ ਕਰਤਾਰ ਤੇ ਛੋਟਾ ਬੂਟਾ ਸੀ ।ਕਰਤਾਰ ਦੇ ਵਿਆਹ ਨੂੰ ਸੱਤ ਸਾਲ ਹੋ ਗਏ ਸਨ ਉਸਦੇ ਦੋ ਬੱਚੇ ਸਨ ।
ਦੀਪੋ ਉਹਨਾਂ ਨੂੰ ਬਹੁਤ ਲਾਡ ਲਡਾਉਂਦੀ ਪਰ ਜੇ ਕਦੇ ਸ਼ਰਾਰਤ ਕਰਦਿਆਂ ਨੂੰ ਝਿੜਕ ਦਿੰਦੀ ਤਾਂ ਦੀਪੋ ਦੀ ਜੇਠਾਣੀ ਨੂੰ ਚੰਗਾ ਨਾ ਲੱਗਦਾ ਤੇ ਉਹ ਮੂੰਹ ਬਣਾ ਲੈਂਦੀ।
ਇਸੇ ਤਰ੍ਹਾਂ ਇੱਕ ਦਿਨ ਕਰਤਾਰ ਦੇ ਮੁੰਡੇ ਨੇ ਸ਼ਰਾਰਤ ਵਿੱਚ ਦੀਪੋ ਦੇ ਦਾਜ਼ ਵਿੱਚ ਆਏ ਸੋਫ਼ੇ ਤੇ ਬਲੇਡ ਨਾਲ ਕੱਟ ਲਗਾ ਦਿੱਤੇ।ਦੀਪੋ ਨੇ ਤਾਂ ਆਪਣਾ ਬਣਾ ਕੇ ਝਿੜਕਿਆ ਪਰ ਦੀਪੋ ਦੀ ਜੇਠਾਣੀ ਨੂੰ ਚੰਗਾ ਨਾ ਲੱਗਿਆ
ਬੋਲਦੇ ਬੋਲਦੇ ਲੜਾਈ ਵਧ ਗਈ।
ਦੀਪੋ ਦੀ ਸੱਸ ਨੇ ਵੱਡੀ ਨੂੰਹ ਨੂੰ ਬਥੇਰਾ ਸਮਝਾਇਆ ਕਿ ਬੱਚੇ ਨੂੰ ਗਲਤੀ ਤੋਂ ਝਿੜਕਿਆ ਈ ਜਾਂਦੈ
ਪਰ ਓਹ ਤਾਂ ਸੁਣਨ ਨੂੰ ਤਿਆਰ ਨਹੀਂ ਸੀ।ਉਸ ਨੇ ਗੁੱਸੇ ਗੁੱਸੇ ਵਿੱਚ ਬਲਕਾਰ ਦੇ ਤਾਹਨੇ ਦੀਪੋ ਨੂੰ ਦੇਣੇ ਸ਼ੁਰੂ ਕਰ ਦਿੱਤੇ ਕਿ ਉਹਨੂੰ ਸਾਲ ਹੋ ਗਿਆ ਵਿਆਹੀ ਨੂੰ ਪਤੀ ਦਾ ਪਿਆਰ ਨਹੀਂ ਪਾ ਸਕੀ।
ਇਹ ਵੀ ਔਰਤ ਲਈ ਇੱਕ ਦੁਖਦ ਰੋਗ ਹੁੰਦਾ ਹੈ ਕਿਸੇ ਪਤਨੀ ਦਾ ਆਪਣੇ ਪਤੀ ਤੋਂ ਪਿਆਰ ਨਾ ਮਿਲਣਾ। ਭਾਵੇਂ ਇਸ ਵਿੱਚ ਦੀਪੋ ਕੋਈ ਕਸੂਰ ਨਹੀਂ ਸੀ ਪਰ ਫਿਰ ਵੀ ਤਾਹਨੇ ਦੀਪੋ ਨੂੰ ਸਹਿਣੇ ਪਏ ਅਤੇ ਜੇਠਾਣੀ ਨੇ ਲੜਦੇ ਲੜਦੇ ਦੀਪੋ ਨੂੰ ਕਹਿ ਦਿੱਤਾ ਕਿ ਤੇਰਾ ਖਸਮ ਪਹਿਲਾਂ ਕਿਸੇ ਹੋਰ ਜਨਾਨੀ ਦੇ ਮਗਰ ਫਿਰਦਾ ਸੀ ਤੇ ਫਿਰ ਤੇਰੇ ਨਾਲ ਵਿਆਹ ਕਰਵਾ ਲਿਆ।
ਦੀਪੋ ਝੱਟ ਸਮਝ ਗਈ ਕਿ ਉਸਦਾ ਪਤੀ ਉਸ ਨਾਲ ਖਿਝਿਆ ਖਿਝਿਆ ਕਿਓਂ ਰਹਿੰਦਾ ਐ। ਸ਼ਾਮ ਨੂੰ ਦੀਪੋ ਦਾ ਪਤੀ ਘਰ ਆਇਆ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਅੱਜ ਘਰ ਵਿੱਚ ਲੜਾਈ ਹੋਈ ਐ। ਦੀਪੋ ਦੇ ਸਹੁਰੇ ਨੇ ਬਲਕਾਰ ਨੂੰ ਦੱਸਿਆ ਕਿ ਤੇਰੀ ਭਰਜਾਈ ਨੇ ਅੱਜ ਦੀਪੋ ਨੂੰ ਤੇਰੇ ਬਾਰੇ ਸਭ ਕੁਝ ਦੱਸ ਦਿੱਤਾ ਐ।
ਦੀਪੋ ਵਿਚਾਰੀ ਨੇ ਤਾਂ ਕੀ ਬੋਲਣਾ ਸੀ। ਪਰ ਬਲਕਾਰ ਨੇਂ ਆਪਣੀਂ ਗਲਤੀ ਛੁਪਾਉਣ ਲਈ ਗੁੱਸਾ ਦੀਪੋ ਤੇ ਕੱਢਿਆ ਬਿਨ੍ਹਾਂ ਵਜ੍ਹਾ ਦੀਪੋ ਦੀ ਛਿੱਤਰ ਪਰੇਡ ਹੋਈ ਬਲਕਾਰ ਨੂੰ ਡਰ ਸੀ ਕਿ ਦੀਪੋ ਉਸਨੂੰ ਕੋਈ ਸੁਆਲ ਨਾ ਕਰ ਲਵੇ ।ਇਸ ਲਈ ਦੀਪੋ ਨੂੰ ਕੁੱਟਣਾ ਮਾਰਨਾ ਬਲਕਾਰ ਦਾ ਹਰ ਰੋਜ਼ ਦਾ ਕੰਮ ਬਣ ਗਿਆ ਸੀ।
ਮਾਪੇ ਚੰਗੀਆਂ ਜ਼ਮੀਨਾਂ ਦੇ ਲਾਲਚ ਵਿੱਚ ਧੀਆਂ ਨੂੰ ਛੋਟੀ ਉਮਰੇ ਵਿਆਹ ਦਿੰਦੇ ਹਨ ਪਰ ਧੀਆਂ ਦੇ ਕਰਮ ਨਹੀਂ ਲਿਖ ਸਕਦੇ
k.k.k.k.✍️✍️✍️