ਗਰਮੀਆਂ ਦੀਆਂ ਛੁੱਟੀਆਂ…ਭਾਗ ਤੀਜਾ
ਅਨੋਖੇ ਦੇ ਘਰ ਦਾ ਦ੍ਰਿਸ਼ ਕੋਈ ਬਹੁਤਾ ਵਧੀਆ ਨਹੀਂ ਸੀ,ਥਾਂ ਥਾਂ ਉੱਤੇ ਉੱਗਿਆ ਘਾਹ,ਕੱਚੇ ਵਿਹੜੇ ਅਤੇ ਚੌਂਕੇ ਵਿੱਚੋਂ ਉੱਡਦਾ ਘੱਟਾ ਘਰ ਵਿੱਚ ਕਿਸੇ ਔਰਤ ਦੀ ਅਣਹੋਂਦ ਨੂੰ ਬਿਆਨ ਕਰਦਾ ਸੀ।ਕਮਰੇ ਦਾ ਦਰਵਾਜ਼ਾ ਖੋਲਦਿਆਂ ਹੀ ਜਾਲਾ ਲਾਈ ਮੱਕੜੀਆਂ ਨੇ ਉਹਨਾਂ ਦਾ ਸਵਾਗਤ ਕੀਤਾ।ਅਨੋਖਾ ਮੰਜਾ ਡਾਉਣ ਲੱਗਾ ਤਾਂ ਉਸ ਦੀ ਪੈਂਦ ਟੁੱਟੀ ਹੋਣ ਕਰਕੇ ਉਹ ਝੋਲੀ ਬਣ ਗਿਆ।ਇਸ ਤੋਂ ਪਹਿਲਾਂ ਕਿ ਅਨੋਖਾ ਕੋਈ ਹੋਰ ਆਹਰ ਪਾਰ ਕਰਦਾ,ਸਰਪੰਚ ਦਾ ਸੀਰੀ ਸਰਪੰਚ ਦਾ ਸੁਨੇਹਾ ਲੈ ਕੇ ਆ ਗਿਆ,ਉਸ ਨੇ ਦੱਸਿਆ ਕਿ ਸਰਪੰਚ ਵੱਲੋਂ ਤਾਕੀਦ ਆ ਕਿ ਅਨੋਖਾ ਅਤੇ ਉਸ ਦੀ ਤੀਵੀਂ ਦੁਪਹਿਰ ਦੀ ਰੋਟੀ ਉੱਧਰ ਹੀ ਖਾਣ।
ਅਨੋਖਾ ਅਤੇ ਰਣਜੀਤ ਕੌਰ(ਰਾਧਾ) ਸਰਪੰਚ ਦੇ ਘਰ ਨੂੰ ਚੱਲ ਪਏ।ਅੰਦਰ ਦਾਖ਼ਲ ਹੁੰਦਿਆਂ ਹੀ ਸਰਪੰਚ ਵਿਹੜੇ ਵਿੱਚ ਕੁਰਸੀ ਡਾਹ ਕੇ ਬੈਠਾ ਸੀ,ਅਨੋਖਾ ਅਤੇ ਉਸ ਦੀ ਘਰਵਾਲੀ ਸਿੱਧੇ ਸਰਪੰਚ ਕੋਲ ਚਲੇ ਗਏ,
“ਸਾਸਰੀ ਕਾਲ ਸਰਪੰਚ ਸਾਹਿਬ……।”ਅਨੋਖੇ ਨੇ ਹੱਥ ਜੋੜਦੇ ਹੋਏ ਕਿਹਾ।
” ਸਤਿ ਸ੍ਰੀ ਅਕਾਲ ਬਈ,ਵਧਾਈਆਂ ਤੈਨੂੰ ਅਨੋਖ ਸਿਆਂ,ਵਾਹਿਗੁਰੂ ਚੜ੍ਹਦੀ ਕਲਾ ਰੱਖੇ…..”
“ਤਾਹਨੂੰ ਵੱਡਿਆਂ ਨੂੰ ਜਿਆਦਾ ਵਧਾਈਆਂ ਜੀ,ਉਸ ਨੇ ਆਪਣੀ ਘਰ ਵਾਲੀ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਅੱਗੇ ਹੋ ਕੇ ਸਰਪੰਚ ਦੇ ਪੈਰਾਂ ਨੂੰ ਹੱਥ ਲਾਇਆ…..”
“ਜਿਊਂਦੀ ਵੱਸਦੀ ਰਹੇ ਪੁੱਤ,ਰੱਬ ਤੈਨੂੰ ਭਾਗ ਲਾਵੇ…..
ਉਹ ਡੋਰ ਭੋਰੀ ਸਰਪੰਚ ਵੱਲ ਵਹਿੰਦੀ ਹੈ,ਜਿਵੇਂ ਉਸ ਨੂੰ ਕੁਛ ਸਮਝ ਨਾ ਲੱਗੀ ਹੋਵੇ।
“ਸਰਪੰਚ ਜੀ,ਇਹਨੂੰ ਤੁਹਾਡੀ ਗੱਲ ਅਜੇ ਸਮਝ ਨਹੀਂ ਲੱਗੀ ਤਾਂ ਹੀ ਇਹ ਥੋੜ੍ਹਾ ਚੁੱਪ ਚੁੱਪ ਰਹਿੰਦੀ ਆ…..”
“ਕੋਈ ਗੱਲ ਨਹੀਂ ਪੁੱਤਰਾ,ਸਭ ਕੁਝ ਹੌਲੀ ਹੌਲੀ ਸਿੱਖ ਜਾਉ,ਓ ਦੋ ਕੁਰਸੀਆਂ ਲਿਆਉ,ਕਿੱਥੇ ਚਲੇ ਗਏ ਸਾਰੇ…..”
ਇੰਨੇ ਨੂੰ ਨੌਕਰ ਭੱਜ ਕੇ ਦੋ ਕੁਰਸੀਆਂ ਲੈ ਆਇਆ ਤਾਂ ਉਹ ਦੋਵੇਂ ਉਹਨਾਂ ਉੱਤੇ ਬੈਠ ਗਏ,ਸਰਪੰਚ ਦੀ ਘਰਵਾਲੀ ਵੀ ਉਹਨਾਂ ਦੇ ਕੋਲ ਆ ਕੇ ਬੈਠ ਗਈ।ਉਸ ਨੇ ਵੀ ਦੋਹਾਂ ਨੂੰ ਅਸੀਰਵਾਦ ਦਿੱਤਾ ਅਤੇ ਰਾਧਾ ਨੂੰ ਪੁੱਛਣ ਲੱਗੀ,
“ਧੀਏ !ਕੀ ਨਾਂ ਆ ਤੇਰਾ….?
“ਤਾਈ ਜੀ,ਇਸ ਨੂੰ ਅਜੇ ਪੰਜਾਬੀ ਨਹੀਂ ਆਉਂਦੀ,ਨਾਂ ਤੇ ਇਸ ਦਾ ਰਾਧਾ ਸੀ ਪਰ ਜਿਸ ਢਾਬੇ ਵਾਲੇ ਨੇ ਮੇਰਾ ਰਿਸ਼ਤਾ ਕਰਾਇਆ ਸੀ,ਉਸ ਦੀ ਘਰਵਾਲੀ ਨੇ ਇਸ ਦਾ ਨਾਂ ਰਾਧਾ ਤੋਂ ਰਣਜੀਤ ਕੌਰ ਰੱਖ ਦਿੱਤਾ ਸੀ।”
“ਨਾਂ ਤਾਂ ਬੜਾ ਵਧੀਆ ਬਹੂ ਰਾਣੀ ਦਾ….”
ਅੰਦਰੋਂ ਅਵਾਜ਼ ਆਈ ਕਿ ਚਾਹ ਤਿਆਰ ਆ,ਸਾਰੇ ਜਾਣੇ ਉੱਠ ਕੇ ਚਾਹ ਪੀਣ ਲਈ ਅੰਦਰ ਲੋਬੀ ਵਿੱਚ ਚਲੇ ਗਏ।ਉਹ ਉੱਥੇ ਬੈਠੇ ਕਾਫੀ ਦੇਰ ਗੱਲਾਂ ਕਰਦੇ ।ਸਰਪੰਚ ਦੋ ਜਨਾਨੀਆਂ ਅਤੇ ਇੱਕ ਬੰਦਾ ਅਨੋਖੇ ਦੇ ਘਰ ਦੀ ਸਾਫ ਸਫਾਈ ਕਰਨ ਲਈ ਭੇਜ ਦਿੱਤੇ,ਅਨੋਖਾ ਵੀ ਨਾਲ ਜਾਣਾ ਚਾਹੁੰਦਾ ਸੀ ਪਰ ਸਰਪੰਚ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਇਹ ਆਪੇ ਕਰ ਆਉਣਗੇ।
ਰੋਟੀ ਪਾਣੀ ਖਾ ਕੇ ਉਹਨਾਂ ਸਰਪੰਚ ਤੋਂ ਇਜ਼ਾਜ਼ਤ ਮੰਗੀ ਤਾਂ ਸਰਪੰਚ ਨੇ ਆਪਣੀ ਘਰ ਵਾਲੀ ਨੂੰ ਦੋਹਾਂ ਨੂੰ ਸ਼ਗਨ ਦੇਣ ਵਾਸਤੇ ਕਿਹਾ।ਉਹ ਅੰਦਰ ਗਈ ਤੇ ਆਪਣੇ ਨਾਲ ਕਿੰਨਾ ਕੁਝ ਚੁੱਕ ਲਿਆਈ।ਰਸੋਈ ਵਿੱਚ ਵਰਤਣ ਲਈ ਭਾਂਡੇ,ਨਿੱਕਾ ਗੈਂਸ ਸਲੰਡਰ ਅਤੇ ਦੋਹਾਂ ਲਈ ਪੰਜ ਪੰਜ ਸੌ ਰੁਪਏ……”
“ਆ ਤਾਂ ਤੁਸੀਂ ਬਹੁਤ ਜਾਦਾ ਕਰਤਾ ਸਰਪੰਚ ਸਾਹਿਬ,ਬੱਸ ਸ਼ਗਨ ਹੀ ਕਾਫੀ ਸੀ….”
“ਅਨੋਖ ਸਿਆਂ,ਨਵੀਂ ਨਵੀਂ ਕਬੀਲਦਾਰੀ ਆ,ਇਹ ਸਭ ਚੀਜ਼ਾਂ ਕੰਮ ਆਉਣ ਵਾਲੀਆਂ ਹਨ।ਇੰਨੀ ਦੇਰ ਤੱਕ ਅਨੋਖੇ ਦੇ ਘਰ ਦੀ ਸਫਾਈ ਕਰਨ ਵਾਲੇ ਵੀ ਵਾਪਸ ਆ ਗਏ ਤਾਂ ਉਹ ਸਰਪੰਚ ਤੋਂ ਅਸੀਰਵਾਦ ਲੈ ਕੇ ਵਾਪਸ ਆ ਗਏ।ਜਦੋਂ ਉਹ ਘਰ ਵੜੇ ਤਾਂ ਵਿਹੜੇ ਨੂੰ ਵੇਖ ਕੇ ਬਹੁਤ ਖੁਸ਼ ਹੋਏ,ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਉਹ ਵਿਹੜਾ ਈ ਆ,ਜਿਹੜਾ ਉਹ ਸਵੇਰੇ ਛੱਡ ਕੇ ਗਏ ਸੀ।
ਹੁਣ ਅਨੋਖਾ ਅਤੇ ਰਣਜੀਤ ਵਧੀਆ ਜਿੰਦਗੀ ਬਸ਼ਰ ਕਰ ਰਹੇ ਹਨ।ਰਾਧਾ ਹੁਣ ਰਹਿਣ ਸਹਿਣ ਅਤੇ ਬੋਲ ਚਾਲ ਪੱਖੋਂ ਪੂਰੀ ਦੀ ਪੂਰੀ ਪੰਜਾਬਣ ਬਣ ਚੁੱਕੀ ਸੀ ਪਰ ਕਿਤੇ ਨਾ ਕਿਤੇ ਮਾਪਿਆਂ ਨਾਲੋਂ ਵਿਛੜਣ ਦੀ ਚੀਸ ਉਹ ਆਪਣੇ ਦਿਲ ਦੇ ਅੰਦਰ ਦੱਬ ਕੇ ਬੈਠੀ ਸੀ ਬੱਸ ਉਹ ਅਨੋਖੇ ਨੂੰ ਹੀ ਜਾਹਿਰ ਨਹੀਂ ਹੋਣ ਦੇਣਾ ਚਾਹੁੰਦੀ ਸੀ।ਉਹ ਇਸ ਗੱਲ ਤੋਂ ਅਣਜਾਣ ਸੀ ਕਿ ਮਾਪਿਆਂ ਉਸ ਦਾ ਮੁੱਲ ਵੱਟਿਆ ਹੈ ਅਤੇ ਨਾ ਹੀ ਅਨੋਖੇ ਨੇ ਹੀ ਕਦੇ ਇਸ ਗੱਲ ਦਾ ਮਿਹਣਾ ਮਾਰਿਆ ਸੀ।ਜਦੋਂ ਵੀ ਉਸ ਨੂੰ ਪਤਾ ਲੱਗਦਾ ਕਿ ਕੋਈ ਉਸ ਦੇ ਮਾਪਿਆਂ ਦੇ ਦੇਸ਼ ਵੱਲੋਂ ਆਇਆ ਹੈ ਤਾਂ ਉਹ ਹਰ ਵੇਲੇ ਗਲੀ ਵਿੱਚ ਬਿੜਕਾਂ ਲੈਂਦੀ ਖਾਸ ਕਰਕੇ ਹਾੜੀ ਸਾਉਣੀ ਦੇ ਸੀਜ਼ਨ ਸਮੇਂ।ਅਨੋਖਾ ਉਸ ਨੂੰ ਮਖੌਲ ਕਰਦਾ ਕਿ ਉਸ ਦੇ ਭਰਾ ਆਏ ਹਨ ਜਾਹ ਜਾ ਕੇ ਮਿਲ ਆ।
“ਫਿਰ ਕੀ ਹੋਇਆ,ਜੇ ਮੇਰੇ ਸਕੇ ਨਹੀਂ ਮਿਲਦੇ,ਇਹ ਵਾਕਿਆ ਹੀ ਮੇਰੇ ਭਰਾ ਹਨ,ਜਦੋਂ ਇਹ ਆਪਣੀ ਬੋਲੀ ਵਿੱਚ ਗੱਲ ਕਰਦੇ ਹਨ ਤਾਂ ਇਸ ਤਰਾਂ ਲੱਗਦਾ ਹੈ ਕਿ ਜਿਸ ਤਰਾਂ ਮੈਨੂੰ ਮੇਰੇ ਮਾਪਿਆਂ ਦਾ ਅਸੀਰਵਾਦ ਮਿਲ ਗਿਆ ਹੋਵੇ ਪਰ ਇੱਕ ਗਿਲਾ ਉਹਨਾਂ ਉੱਤੇ ਜਰੂਰ ਆ ਕਿ ਚੰਦਰਿਆਂ! ਮੁੜਕੇ ਮੇਰੀ ਬਾਤ ਵੀ ਨਹੀਂ ਪੁੱਛੀ,ਚੱਲ ਅੱਛਾ ਜਿੱਥੇ ਵੀ ਹੋਣ ਰਾਜ਼ੀ ਖੁਸ਼ੀ ਵੱਸਣ।ਇਹ ਗੱਲਾਂ ਕਰਦਿਆਂ ਉਸ ਨੇ ਅੱਖਾਂ ਭਰ ਲਈਆਂ।
“ਖਬਰਦਾਰ ! ਜੇ ਇਸ ਤਰਾਂ ਮਨ ਹੋਲਾ ਕੀਤਾ ਤੇ,ਨਹੀਂ ਆਉਂਦੇ ਤੇ ਨਾ ਸਈਂ,ਇੱਥੇ ਕਿਹੜਾ ਉਹਨਾਂ ਬਗੈਰ ਮੱਸਿਆ ਲੱਗਣੋਂ ਹੱਟ ਚੱਲੀ ਆ।ਚੱਲ ਰੋਟੀ ਪਾ ਖਾਈਏ…..।
ਅਨੋਖੇ ਦੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ,ਜਦੋਂ ਉਹ ਧੜੱਮ ਕਰਦਾ ਮੰਜੇ ਤੋਂ ਥੱਲੇ ਡਿੱਗ ਪਿਆ,ਉਹ ਛੇਤੀ ਦੇਣੇ ਕੱਪੜੇ ਝਾੜਦਾ ਬੋਲਿਆ,
“ਉਞ ਸਾਲਿਆਂ ਵੜਨਾ ਨਈਂ’ ਸੁਪਨੇ ਵਿੱਚ ਇੰਞ ਆਉਂਦੇ ਆ ਜਿਵੇਂ ਭਾਈਏ ਨਾਲ ਬੜਾ ਪਿਆਰ ਹੁੰਦਾ….ਇੱਕ ਗੱਲ ਰਾਣੋ ਦੀ ਵੀ ਠੀਕ ਆ,ਇਸ ਵਿੱਚ ਜਵਾਕ ਦਾ ਕੀ ਕਸੂਰ,ਉਹ ਦੇ ਹਾਣ ਦੇ ਸਾਰੇ ਹੀ ਕੋਈ ਮਾਮੇ ਤੇ ਕੋਈ ਭੂਆ ਕੋਲ ਵੱਗ ਗਿਆ,ਸਾਡੇ ਆਲਾ ਵਿਚਾਰਾ ਮਹੀਨਾ ਭਰ ਕੰਧਾਂ ਨਾਲ ਵੱਜਦਾ ਫਿਰੂ।ਕੋਈ ਨਾ ਕਰਦਾ ਆਂ ਸਰਦਾਰ ਸਾਬ ਨਾਲ ਗੱਲ,ਜੇ ਉਹਨੇ ਕਿਹਾ ਤੇ ਇਹਨਾਂ ਮਾਂ ਪੁੱਤਾਂ ਨੂੰ ਐਤਕੀਂ ਭੇਜ ਹੀ ਦੇਣਾ ਆ,ਜਿੰਦਗੀ ਦਾ ਕੀ ਭਰੋਸਾ ਕਦੋਂ ਸਾਹਾਂ ਦੀ ਤੰਦ ਟੁੱਟ ਜਾਣੀ ਆ,ਐਵੇਂ ਮਾਪਿਆਂ ਨੂੰ ਤਰਸਦੀ ਨਾ ਤੁਰ ਜਾਵੇ।ਚੱਲ ਮਨਾਂ,ਜਾ ਕੇ ਦੇ ਖੁਸ਼ਖਬਰੀ ਸੁੱਖੇ ਤੇ ਉਹ ਦੀ ਮਾਂ ਨੂੰ।
ਚਲਦਾ….
ਬਲਕਾਰ ਸਿੰਘ ਜੋਸਨ 9779010544