ਸਾਡੇ ਸਾਬਕਾ ਪ੍ਰਿੰਸੀਪਲ ਸ੍ਰੀ ਹਰਬੰਸ ਸਿੰਘ ਸੈਣੀ ਮੂਲ ਰੂਪ ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡ ਮੁਜ਼ਾਫ਼ਤ ਦੇ ਨਿਵਾਸੀ ਹਨ। ਉਹ ਬਹੁਤ ਵਧੀਆ ਐਡਮੀਨਿਸਟ੍ਰੇਟਰ ਸਨ। ਪਰ ਜਿਵੇਂ ਕਹਿੰਦੇ ਹਨ ਇਲਾਕੇ ਇਲਾਕੇ ਦੀ ਬੋਲ਼ੀ ਤੇ ਖਾਣ ਪਾਣ ਦਾ ਫਰਕ ਹੁੰਦਾ ਹੈ। ਇੱਧਰ ਮਾਲਵੇ ਵਿੱਚ ਲੋਕ ਆਖਦੇ ਹਨ “ਜ਼ਹਿਰ ਖਾਣ ਜੋਗੇ ਪੈਸੇ ਹੈਣੀ।” ਪਰ ਰੋਪੜ ਜਿਲ੍ਹੇ ਵਾਲੇ ਆਖਦੇ ਕਿ “ਅਫੀਮ ਖਾਣ ਨੂੰ ਪੈਸੇ ਹੈਣੀ।” ਸਾਨੂੰ ਇਹ ਸੁਣਕੇ ਹਾਸੀ ਆਉਂਦੀ ਤੇ ਅਜੀਬ ਜਿਹਾ ਲੱਗਦਾ।
ਇੱਕ ਦਿਨ ਗੱਲ ਚੱਟਨੀਆਂ ਦੀ ਚੱਲ ਪਈ। ਕਹਿੰਦੇ “ਤੁਹਾਡੇ ਇੱਧਰ ਚਿੱਬੜਾਂ ਦੀ ਚਟਨੀ ਬਹੁਤ ਬਣਾਉਂਦੇ ਹਨ। ਪਰ ਸਾਡੇ ਨਹੀਂ ਬਣਾਉਂਦੇ। ਅਸੀਂ ਚਿੱਬੜ ਪਸ਼ੂਆਂ ਨੂੰ ਪਾ ਦਿੰਦੇ ਹਾਂ।”
“ਸਰ ਜੀ ਸਾਡੇ ਇਧਰ ਤਾਂ ਜੀ ਚਿੱਬੜ ਦੀ ਚਟਣੀ ਹੀ ਮਸ਼ਹੂਰ ਹੈ। ਫਿਰ ਤੁਹਾਡੇ ਕਾਹਦੀ ਚਟਣੀ ਬਣਾਉਂਦੇ ਹਨ ਜੀ? ਮੈਂ ਸੰਗਦੇ ਜਿਹੇ ਨੇ ਪੁੱਛਿਆ।
“ਸਾਡੇ ਰੋਟੀ ਪਕਾਉਣ ਵੇਲੇ ਚੁੱਲ੍ਹੇ ਵਿੱਚ ਆਲੂ ਦੱਬਕੇ ਭੁੰਨ ਲੈਂਦੇ ਹਨ ਫਿਰ ਉਹਨਾਂ ਆਲੂਆਂ ਦੀ ਚਟਣੀ ਬਣਾਉਂਦੇ ਹਨ।” ਉਹਨਾਂ ਨੇ ਬਹੁਤ ਹੁੱਬ ਕੇ ਦੱਸਿਆ।
ਉਂਜ ਭਾਵੇਂ ਮਾਲਵੇ ਵਿੱਚ ਵੀ ਭੁੰਨੇ ਆਲੂਆਂ ਦੀ ਚਟਣੀ ਵੀ ਲੋਕ ਕਦੇ ਕਦੇ ਬਣਾਉਂਦੇ ਹਨ। ਪਰ ਇਸ ਨੂੰ ਬਹੁਤੀ ਸਵਾਦ ਨਹੀਂ ਗਿਣਦੇ। ਉਹ ਗਾਜਰ ਦੀ ਸਬਜ਼ੀ ਨੂੰ ਵੀ ਸਬਜ਼ੀਆਂ ਦੀ ਲਿਸਟ ਵਿੱਚ ਨਹੀਂ ਸੀ ਗਿਣਦੇ। ਅਖੇ ਇਹ ਮਿੱਠੀ ਹੁੰਦੀ ਹੈ। ਗਾਜਰ ਦੀ ਵੀ ਕੋਈ ਸਬਜ਼ੀ ਹੁੰਦੀ ਹੈ। ਉਹ ਅਕਸਰ ਕਹਿੰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।