ਗਰਮੀਆਂ ਦੀਆਂ ਛੁੱਟੀਆਂ…ਭਾਗ ਚੌਥਾ
ਅਨੋਖਾ ਮੰਜੇ ਤੋਂ ਉੱਠਿਆ ਅਤੇ ਵਾਹੋਦਾਹੀ ਘਰ ਨੂੰ ਤੁਰ ਪਿਆ,ਉਹ ਅਜੇ ਘਰ ਦੀਆਂ ਦਹਿਲੀਜ਼ਾਂ ਟੱਪਿਆ ਸੀ ਕਿ ਰਣਜੀਤ ਕੌਰ ਨੇ ਗਾਲਾਂ ਦੀ ਵਾਛੜ ਕਰ ਦਿੱਤੀ,
“ਆ ਗਿਆਂ ਕੁੱਤੇ ਖੱਸੀ ਕਰਕੇ,ਪਏ ਰਹਿਣਾ ਸੀ ਮੋਟਰ ਉੱਤੇ ਈ,ਨਾਲੇ ਪਤਾ ਲੱਗਦਾ ਕਿਹੜੀ ਮਾਂ ਮੰਡੇ ਦਿੰਦੀ ਆ,ਭੋਰਾ ਭਰ ਜਵਾਕ ਨੇ ਜਿੱਦ ਕਰਲੀ ਤੇ ਚੁੱਕ ਕੇ ਉਸ ਦੇ ਲਫੇੜਾ ਮਾਰ ਦਿੱਤਾ…ਨਾ ਉਹਨੇ ਤੇਰੇ ਕੋਲੋਂ ਕਸਮੀਰ ਮੰਗ ਲਿਆ ਸੀ,ਵੱਡੇ ਰਾਜੇ ਤੋਂ…ਦੁਪਹਿਰ ਦਾ ਬੈਠਾ ਮੁੰਡਾ ਭੁੱਖਣ ਭਾਣਾ,ਹੁਣ ਤੇਰੇ ਪੈ ਗਈ ਕਾਲਜੇ ਠੰਡ…..”ਰਣਜੀਤ ਨਾਲੇ ਅਨੋਖੇ ਨੂੰ ਮਿਹਣੇ ਦੇਈ ਗਈ,ਨਾਲੇ ਰੋਂਦੀ ਗਈ।
“ਰਣਜੀਤ ਕੌਰੇ,ਇੱਕ ਤੇ ਤੂੰ ਅਸਮਾਨ ਤੇ ਚੜ੍ਹੀ ਰਹਿੰਨੀ ਏ,ਕੀ ਕਰਦਾ ਫਿਰ.ਅੱਜ ਇਸ ਦਾ ਦਿਲ ਰੱਖਣ ਲਈ ਇਸ ਨੂੰ ਝੂਠਾ ਲਾਰਾ ਲਾ ਦਿੰਦਾ,ਇੰਨੇ ਕੱਲ੍ਹ ਫਿਰ ਪੁੱਛਣਾ ਸੀ ਤੇ ਉਹਦੇ ਮਾਮੇ ਮੇਰੀ ਜੇਬ ਵਿੱਚ ਵਾ,ਜਿਹੜੇ ਮੈਂ ਕੱਢ ਕੇ ਫੜਾ ਦਿੰਦਾ….ਕੋਈ ਨਾ ਆਪੇ ਵਰਚ ਜਾਉ,ਹੈ ਕਿੱਥੇ ਹੁਣ ਸੁੱਖਾ…..?
“ਅੰਦਰ ਬੈਠਾ ਛੁੱਟੀਆਂ ਦਾ ਕੰਮ ਕਰਨ ਡਿਆ ਵਾ…..”
ਅਨੋਖਾ ਅੰਦਰ ਜਾ ਕੇ ਉਸ ਨੂੰ ਅਵਾਜ਼ ਲਗਾਉਂਦਾ ਹੈ ਪਰ ਸੁੱਖਾ ਕੋਈ ਧਿਆਨ ਨੂੰ ਦਿੰਦਾ ਸਗੋਂ ਅਨੋਖੇ ਨੂੰ ਵੇਖ ਕੇ ਹੁੱਬਕੀ ਹੁੱਬਕੀ ਰੋਣ ਲੱਗ ਜਾਂਦਾ ਹੈ।
“ਮੇਰੇ ਪੁੱਤ ਦਾ ਸੱਚੀ ਆਪਣੇ ਮਾਮਿਆਂ ਕੋਲ ਜਾਣ ਨੂੰ ਦਿਲ ਕਰਦਾ ਆ…..?
“ਬਾਪੂ !ਮੈਂ ਤਾਂ ਕਦੇ ਵੇਖੇ ਵੀ ਨਹੀਂ ਆਪਣੇ ਨਾਨਕੇ…ਮੇਰੇ ਆੜੀ ਜਦੋਂ ਛੁੱਟੀਆਂ ਤੋਂ ਬਾਅਦ ਸਕੂਲ ਆ ਕੇ ਦੱਸਦੇ ਆ ਕਿ ਅਸੀਂ ਨਾਨਕੇ ਗੰਨੇ ਚੂਪੇ,ਮਠਿਆਈਆਂ ਖਾਧੀਆਂ,ਨਾਨੀ ਕੋਲੋਂ ਬਾਤਾਂ ਸੁਣੀਆਂ,ਮਾਮੇ ਨਾਲ ਟਰੈਕਟਰ ਉੱਤੇ ਬਹਿ ਕੇ ਸਹਿਰ ਗਏ,ਇਹ ਸਭ ਸੁਣ ਕੇ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਵੀ ਇਸ ਵਾਰ ਛੁੱਟੀਆਂ ਵਿੱਚ ਨਾਨਕੇ ਜਾਵਾਂ ਪਰ ਮਾਂ ਕਹਿੰਦੀ ਉਹ ਸਾਡੇ ਨਾਲ ਬੋਲਦੇ ਨਹੀਂ…..ਤੂੰ ਦੱਸ ਬਾਪੂ ਮਾਮੇ ਸਾਡੇ ਨਾਲ ਕਿਉਂ ਨਰਾਜ਼ ਆ,ਉਹ ਕਦੇ ਸਾਡੇ ਕੋਲ ਕਦੇ ਆਏ ਵੀ ਨਹੀਂ…ਮਾਂ ਕਹਿੰਦੀ ਬੜੀ ਦੂਰ ਰਹਿੰਦੇ ਆ,ਕੀ ਗੱਲ ਬਾਪੂ ਨਾਨਕੇ ਦੂਰ ਹੋਣ ਤਾਂ ਉਹਨਾਂ ਕੋਲ ਜਾਈਦਾ ਨਹੀਂ…..” ਇਹ ਸਾਰੀਆਂ ਗੱਲਾਂ ਕਰਕੇ ਸੁੱਖਾ ਆਪਣੇ ਬਾਪੂ ਨਾਲ ਚੰਬੜ ਕੇ ਰੋਣ ਲੱਗ ਪਿਆ।
“ਆਪਣੀਆਂ ਕਾਪੀਆਂ ਕਿਤਾਬਾਂ ਸਮੇਟ ਅਤੇ ਰੋਟੀ ਖਾ ਫਿਰ ਮੇਰੀ ਗੱਲ ਧਿਆਨ ਨਾਲ ਸੁਣੀ….”
“ਬਾਪੂ,ਸਭ ਕੰਮ ਕਰ ਲੂ,ਤੂੰ ਪਹਿਲਾਂ ਗੱਲ ਦੱਸ…..?
“ਕਾਹਲਾ ਨਾ ਪੈ,ਪਹਿਲਾਂ ਰੋਟੀ ਖਾ,ਫਿਰ ਅਰਾਮ ਨਾਲ ਗੱਲ ਕਰਦੇ ਆਂ….ਮੈਂ ਵੀ ਰੋਟੀ ਖਾ ਲਵਾਂ…”ਇਹਨਾਂ ਆਖ ਕੇ ਅਨੋਖਾ ਹੱਥ ਮੂੰਹ ਧੋਣ ਚਲਾ ਗਿਆ।ਰਣਜੀਤ ਕੌਰ ਜਿਹੜੀ ਕਿ ਪਿਓ ਪੁੱਤ ਦੀਆਂ ਗੱਲਾਂ ਬਾਹਰ ਖਲੋਤੀ ਸੁਣ ਰਹੀ ਸੀ,ਸਾਰਿਆਂ ਲਈ ਰੋਟੀ ਪਾ ਕੇ ਅੰਦਰ ਹੀ ਲੈ ਆਈ।ਅਨੋਖਾ ਵੀ ਆ ਗਿਆ ਤਾਂ ਤਿੰਨੇ ਰੋਟੀ ਖਾਣ ਲੱਗ ਪਏ ਅਤੇ ਨਾਲ ਦੀ ਨਾਲ ਗੱਲਾਂ ਵੀ ਕਰੀ ਗਏ ਪਰ ਸੁੱਖੇ ਅਤੇ ਉਸ ਦੀ ਮਾਂ ਨੂੰ ਤਾਂ ਅਨੋਖੇ ਵੱਲੋਂ ਸੁੱਖੇ ਨੂੰ ਕਹੀ ਗੱਲ ਸੁਣਨ ਦੀ ਉਤਸੁਕਤਾ ਸੀ,ਇਸ ਲਈ ਉਹਨਾਂ ਰੋਟੀ ਵਾਲਾ ਕੰਮ ਛੇਤੀ ਨਿਬੇੜ ਦਿੱਤਾ।
“ਹਾਂ ਬਾਪੂ,ਹੁਣ ਦੱਸ ਕਿਹੜੀ ਗੱਲ ਆ ਜੋ ਤੂੰ ਰੋਟੀ ਖਾਣ ਤੋਂ ਬਾਅਦ ਦੱਸਣ ਲਈ ਕਿਹਾ ਸੀ…..”
“ਗੱਲ ਇਹ ਵਾ ਸੁੱਖਿਆ ਕਿ ਮੈਂ ਸੋਚਦਾ ਆਂ ਕਿ ਐਤਕੀਂ ਤੈਨੂੰ ਅਤੇ ਤੇਰੀ ਮਾਂ ਨੂੰ ਤੇਰੇ ਨਾਨਕੇ ਭੇਜ ਹੀ ਦੇਈਏ…..”
“ਬਾਪੂ,ਇਹ ਤੂੰ ਕੀ ਕਹਿ ਰਿਹਾਂ ਏ,ਅਸੀਂ ਮਾਮੇ ਜਾਵਾਂਗੇ,ਮਾਂ ਤੂੰ ਸੁਣਿਆ ਬਾਪੂ ਕਹਿੰਦਾ ਅਸੀਂ ਨਾਨਕੇ ਜਾਵਾਂਗੇ….।” ਸੁੱਖਾ ਖੁਸ਼ ਹੋ ਕੇ ਆਪਣੇ ਬਾਪੂ ਨੂੰ ਜੱਫੀ ਪਾ ਲੈਂਦਾ ਹੈ।
“ਚੰਗਾ ਮੇਰਾ ਪੁੱਤ ਹੁਣ ਸੌਂ ਜਾ,ਮੈਂ ਇੱਕ ਦੋ ਦਿਨ ਵਿੱਚ ਰੇਲਗੱਡੀ ਦਾ ਪਤਾ ਕਰਕੇ ਤੁਹਾਡੇ ਜਾਣ ਦਾ ਇੰਤਜ਼ਾਮ ਕਰ ਦਿੰਦਾ ਹਾਂ….ਹੁਣ ਖੁਸ਼ ਏਂ…..”
“ਹਾਂ ਬਾਪੂ,ਬਹੁਤ ਖੁਸ਼ …..”
“ਆਪਣਾ ਛੁੱਟੀਆਂ ਦਾ ਕੰਮ ਛੇਤੀ ਖਤਮ ਕਰ ਲਾ ਫਿਰ ਉੱਥੇ ਜਾ ਕੇ ਨਹੀਂ ਹੋਣਾ…”
“ਠੀਕ ਆ ਬਾਪੂ।”ਇਹ ਆਖ ਕੇ ਸੁੱਖਾ ਮੰਜੇ ਉੱਤੇ ਟੇਡਾ ਹੋ ਗਿਆ।
“ਮੈਨੂੰ ਕਹਿੰਦੇ ਸੀ,ਹੁਣ ਆਪ ਹੀ ਮੁੰਡੇ ਨੂੰ ਝੂਠਾ ਧਰਵਾਸਾ ਦੇ ਦਿੱਤਾ,ਸਵੇਰੇ ਜਦੋਂ ਉੱਠਿਆ ਕੀ ਜਵਾਬ ਦੇਵਾਂਗੇ।”ਰਣਜੀਤ ਅਨੋਖੇ ਨਾਲ ਖਹਿਬੜ ਦੀ ਹੋਈ ਬੋਲੀ।
“ਹਰ ਵੇਲੇ ਘੋੜੇ ਤੇ ਸਵਾਰ ਨਾ ਰਿਹਾ ਕਰ,ਥੋੜ੍ਹਾ ਠੰਡੇ ਡਮਾਕ ਨਾਲ ਸੋਚਿਆ ਕਰ ਤੇ ਕੋਈ ਗੱਲ ਪਿਆਰ ਨਾਲ ਵੀ ਕਰ ਲਿਆ ਕਰ….”
“ਤੂੰ ਦੱਸ ਫਿਰ,ਆ ਕੀ ਨਵਾਂ ਡਰਾਮਾ ਆ….?
“ਕਿਹੜਾ ਡਰਾਮਾ……?
“ਇਹੀ ਸੁੱਖੇ ਦੇ ਮਾਮੇ ਜਾਣ ਦਾ……!
“ਇਹ ਡਰਾਮਾ ਨਹੀਂ,ਮੈਂ ਸੱਚੀ ਕਹਿ ਰਿਹਾਂ ਜੇ ਉਹਨਾਂ ਭੈਣ ਦਿਆਂ ਵੀਰਾਂ ਤੇਰੀ ਸਾਰ ਨਹੀਂ ਲਈ ਤਾਂ ਅਸੀਂ ਵੀਂ ਕਿਹੜਾ ਉੱਥੇ ਜਾ ਕੇ ਗਲੀਆਂ ਨੀਵੀਆਂ ਕਰ ਦਿੱਤੀਆਂ ਪਰ ਸੁੱਖੇ ਦੀ ਰੀਝ ਅਤੇ ਨਾਨਕਿਆਂ ਦੀ ਖਿੱਚ ਨੇ ਮੈਨੂੰ ਵੀ ਮਜ਼ਬੂਰ ਕਰ ਦਿੱਤਾ….”
“ਪਰ ਮੇਰਾ ਚਿੱਤ ਨਹੀਂ ਮੰਨਦਾ,ਉਹਨਾਂ ਕਦੇ ਝੂਠਾ ਵੀ ਯਾਦ ਨਈਂ ਕੀਤਾ ਕਿ ਰਾਧਾ(ਰਣਜੀਤ)ਹੈਗੀ ਵੀ ਕਿ ਨਹੀਂ ਤੇ ਕੀ ਪਤਾ ਕੋਈ ਪਛਾਣੇ ਵੀ ਕੇ ਨਾ…..ਮੈਂ ਨਹੀਂਓ ਵੜਨਾ ਉੱਥੇ,ਭਾਂਵੇ ਗੁੱਸੇ ਰਹਿ ਭਾਂਵੇ ਰਾਜ਼ੀ……”
“ਭਲੀਏ ਲੋਕੇ,ਕਦੇ ਨਹੁੰਆਂ ਨਾਲੋਂ ਵੀਂ ਮਾਸ ਵੱਖ ਹੋਏ ਆ,ਮੈਂ ਭਾਂਵੇ ਉਹਨਾਂ ਨੂੰ ਪੀਤੀ ਖਾਧੀ ਵਿੱਚ ਮਾੜਾ ਚੰਗਾ ਬੋਲਦਾ ਸਾਂ ਪਰ ਮੈਂ ਤੈਨੂੰ ਨਿੱਤ ਮਰ ਮਰ ਕੇ ਜਿਊਂਦੀ ਨੂੰ ਵੇਖਿਆ ਆ,ਕਮਲੀ ਨਾ ਬਣ ਤਿਆਰੀਆਂ ਕਰ,ਕੀ ਪਤਾ ਸੁੱਖੇ ਦੀ ਜਿੱਦ ਟੁੱਟੀਆਂ ਗੰਢ ਦੇਵੇ…..”
“ਵੇਖ ਲਾ ਕਿਤੇ ਸੋਫੀ ਹੋਇਆ ਮੁੱਕਰ ਨਾ ਜਾਂਵੀ।”ਰਣਜੀਤ ਨੇ ਅਨੋਖੇ ਦੇ ਗਲ ਬਾਹਾਂ ਪਾਉਂਦੀ ਨੇ ਕਿਹਾ।”
“ਕਰ ਤੀ ਨਾ ਉਹੀ ਗੱਲ,ਤੈਨੂੰ ਪਤਾ ਘੁੱਟ ਲਾ ਕੇ ਮੈਂ ਹਮੇਸ਼ਾ ਸੱਚ ਬੋਲਦਾਂ ਅਤੇ ਤੈਨੂੰ ਪਿਆਰ ਵੀ ਜਿਆਦਾ ਕਰਦਾਂ।”ਉਹ ਰਣਜੀਤ ਨੂੰ ਖਿੱਚ ਕੇ ਆਪਣੇ ਨੇੜੇ ਕਰ ਲੈਂਦਾ ਹੈ।”
“ਪਰਾਂ ਹੱਟ,ਮੁੰਡਾ ਜਾਗਦਾ ਹੋਣਾ,ਅਜੇ ਮੈਂ ਖਲਾਰਾ ਸਾਂਭਣਾ ਏ…ਤੈਨੂੰ ਤੇ ਬੱਸ…….!
“ਚੱਲ ਖਲਾਰਾ ਸਾਂਭ ਕੇ ਆ ਜਾਵੀਂ,ਅਜੇ ਕਿਹੜਾ ਰਾਤ ਮੁੱਕ ਗਈ ਆ….”
ਅਨੋਖਾ ਮੰਜੇ ਉੱਤੇ ਟੇਢਾ ਹੋ ਗਿਆ ਅਤੇ ਰਣਜੀਤ ਭਾਂਡੇ ਮਾਂਜਣ ਲੱਗ ਪਈ।ਰਣਜੀਤ ਪੇਕੇ ਜਾਣ ਨੂੰ ਸਿਰਫ ਅਨੋਖੇ ਦਾ ਇੱਕ ਛਲਾਵਾ ਸਮਝ ਰਹੀ ਸੀ ਪਰ ਮੰਜੇ ਉੱਤੇ ਪਿਆ ਅਨੋਖਾ ਇਹ ਸੋਚਦਾ ਕਿ ਸਵੇਰੇ ਉੱਠ ਕੇ ਪਹਿਲਾਂ ਸਰਦਾਰ ਨੂੰ ਫੋਨ ਕਰਨਾ ਅਤੇ ਫਿਰ ਸਰਪੰਚ ਕੋਲੋਂ ਥੋੜ੍ਹੇ ਪੈਸੇ ਫੜ ਕੇ ਇਹਨਾਂ ਦੀਆਂ ਟਿਕਟਾਂ ਬੁੱਕ ਕਰਵਾ ਦੇਨਾ।ਸੱਚਿਆ ਪਾਤਸ਼ਾਹ ! ਹੁਣ ਤੂੰ ਹੀ ਮਿਹਰ ਕਰੀਂ,ਰਾਧਾ ਬਦਲੇ ਪੈਸਿਆਂ ਵਾਲੀ ਗੱਲ ਨਾ ਸਾਹਮਣੇ ਆਵੇ ਅਤੇ ਇਸ ਦੇ ਮਾਪੇ ਵੀ ਰਾਧਾ ਵਾਂਗ ਰਾਧਾ ਨੂੰ ਮਿਲਣ ਲਈ ਉਤਾਵਲੇ ਹੋਣ।ਹੁਣ ਅਨੋਖੇ ਨੂੰ ਰਣਜੀਤ ਦੇ ਕੰਮ ਤੋਂ ਵਿਹਲੀ ਹੋਣ ਦਾ ਇੰਤਜ਼ਾਰ ਸੀ ਤਾਂ ਜੋ ਉਹ ਉਸ ਨੂੰ ਯਕੀਨ ਦਿਵਾ ਸਕੇ ਕਿ ਉਹ ਸੱਚਮੁੱਚ ਹੀ ਪੇਕੇ ਜਾ ਰਹੀ ਹੈ।
ਚਲਦਾ….
ਬਲਕਾਰ ਸਿੰਘ ਜੋਸਨ 9779010544