“ਯੇ ਕਿਆ ਬਕਵਾਸ ਲਗਾ ਰੱਖੀ ਹੈ ਆਪਨੇ? ਹਰ ਬਾਰ ਪ੍ਰੋਗਰਾਮ ਕੈਂਸਲ ਕਰ ਦੇਤੇ ਹੋ।” ਇੰਨਾ ਸੁਣਦੇ ਹੀ ਪਾਪਾ ਜੀ ਨੇ ਤੜਾਕ ਕਰਦਾ ਥੱਪੜ ਉਸਦੇ ਮੂੰਹ ਤੇ ਜੜ੍ਹ ਦਿੱਤਾ। ਉਹ ਅੰਡਰਟ੍ਰੇਨਿੰਗ ਐਚ ਸੀ ਐਸ ਸੀ। ਉਸਦੀ ਡਿਊਟੀ ਪਾਪਾ ਜੀ ਕੋਲ਼ੋਂ ਫੀਲਡ ਟ੍ਰੇਨਿੰਗ ਲੈਣ ਲਈ ਲੱਗੀ ਹੋਈ ਸੀ। ਉਂਜ ਉਹ ਖੇਤੀਬਾੜੀ ਵਿਭਾਗ ਦਾ ਕੋਈਂ ਅਫਸਰ ਸੀ। ਇਸ ਥੱਪੜ ਨੂੰ ਲੈਕੇ ਕਾਫੀ ਬਬੇਲਾ ਮੱਚਿਆ। ਪਰ ਉਸਦਾ ਕਸੂਰ ਹੋਣ ਕਰਕੇ ਜਲਦੀ ਹੀ ਗੱਲ ਠੰਡੀ ਪੈ ਗਈ। ਇਹ ਗੱਲ ਸਹੀ ਸੀ ਕਿ ਪਾਪਾਜੀ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਸੀ। ਉਹ ਥੱਪੜ ਵਾਲੀ ਕਾਰਵਾਈ ਪਾਉਣ ਲੱਗਿਆ ਮਿੰਟ ਮਾਰਦੇ ਸਨ।
ਇਸੇ ਤਰ੍ਹਾਂ ਇੱਕ ਵਾਰੀ ਉਹਨਾਂ ਨੇ ਇੱਕ ਰੇਹੜੀ ਤੋਂ ਕੁਝ ਵਧੀਆ ਸੇਬ ਛਾਂਟੇ ਤੇ ਰੇਹੜੀ ਵਾਲੇ ਨੂੰ ਤੋਲਣ ਲਈ ਕਿਹਾ। ਰੇਹੜੀ ਵਾਲੇ ਨੇ ਉਲਟ ਪੁਲਟ ਕਰਦੇ ਹੋਏ ਦੋ ਖ਼ਰਾਬ ਸੇਬ ਲਿਫਾਫੇ ਵਿੱਚ ਪਾ ਦਿੱਤੇ। ਲਿਫਾਫੇ ਵਿੱਚ ਖਰਾਬ ਸੇਬ ਵੇਖਕੇ ਪਾਪਾ ਜੀ ਦਾ ਪਾਰਾ ਵੱਧ ਗਿਆ ਤੇ ਯੱਕ ਦਿਨੇ ਥੱਪੜ ਵਾਲੀ ਕਾਰਵਾਈ ਪਾ ਦਿੱਤੀ। ਝੱਟ ਵਿੱਚ ਦੂਸਰੇ ਰੇਹੜੀਆਂ ਵਾਲੇ ਇਕੱਠੇ ਹੋ ਗਏ। ਸਾਰਿਆਂ ਨੇ ਉਸਨੂੰ ਕਸੂਰਵਾਰ ਠਹਿਰਾਇਆ। ਗੱਲ ਖਤਮ ਹੋ ਗਈ। ਆਮ ਹੀ ਦੇਖਿਆ ਹੈ ਕਿ ਇਹ ਰੇਹੜੀ ਵਾਲੇ ਆਪਣਾ ਖਰਾਬ ਫਲ ਫਰੂਟ ਇੱਦਾਂ ਹੀ ਕੱਢਦੇ ਹਨ।
ਇੱਕ ਗੱਲ ਹੋਰ ਚੇਤੇ ਆ ਗਈ। ਅਸੀਂ ਪੈਟਰੋਲ ਪੰਪ ਤੋਂ ਕਾਰ ਵਿੱਚ ਪੈਟਰੋਲ ਪਵਾਉਣ ਲੱਗੇ। ਉਹਨਾਂ ਦਿਨਾਂ ਵਿੱਚ ਆਹ ਡਿਜੀਟਲ ਮੀਟਰ ਨਹੀਂ ਸੀ ਹੁੰਦੇ। ਪੈਟਰੋਲ ਪੰਪ ਤੇ ਗਰਾਰੀ ਵਾਲੇ ਮੀਟਰ ਲੱਗੇ ਹੁੰਦੇ ਸਨ। ਨਾ ਹੀ ਓਦੋਂ ਪੈਸਿਆਂ ਦਾ ਅੱਜ ਵਾੰਗੂ ਹਿਸਾਬ ਆਉਂਦਾ ਸੀ। ਪਾਪਾ ਜੀ ਪੁਰਾਣੇ ਪੜ੍ਹੇ ਸਨ ਤੇ ਝੱਟ ਹਿਸਾਬ ਲਗਾ ਲੈਂਦੇ ਸਨ ਕਿ ਇੰਨੇ ਦਾ ਇੰਨੇ ਲੀਟਰ ਤੇ ਇੰਨੇ ਪੁਆਇੰਟ ਪੈਟਰੋਲ ਆਵੇਗਾ। ਓਹੀ ਹੋਇਆ ਪੰਪ ਦੇ ਕਰਿੰਦੇ ਹਨ ਚਾਰ ਪੁਆਇੰਟ ਘੱਟ ਪੈਟਰੋਲ ਪਾਕੇ ਮੀਟਰ ਬੰਦ ਕਰ ਦਿੱਤਾ। ਪੁੱਛਣ ਤੇ ਉਹ ਕਹਿਂਦਾ ਇੰਨਾ ਹੀ ਬਣਦਾ ਹੈ। ਫਿਰ ਕੀ ਸੀ ਪਾਪਾ ਜੀ ਨੇ ਥੱਪੜ ਜੜ੍ਹ ਦਿੱਤਾ। ਜਦੋਂ ਪੰਪ ਦੇ ਮਾਲਕ ਬਾਹਰ ਆਏ ਤਾਂ ਸਾਰੀ ਗੱਲ ਦੱਸੀ। ਫਿਰ ਮਾਲਕਾਂ ਨੇ ਚਾਰ ਪੁਆਇੰਟ ਪੈਟਰੋਲ ਹੋਰ ਪਾਇਆ।
ਪਾਪਾ ਜੀ ਦੇ ਗੁੱਸੇ ਦੇ ਬਹੁਤ ਕਿੱਸੇ ਹਨ। ਉਹ ਵਿਗੜਦੀ ਸਥਿਤੀ ਨੂੰ ਸੰਭਾਲ ਲੈਂਦੇ ਸਨ। ਬਹੁਤੇ ਵਾਰੀ ਉਹ ਸਹੀ ਹੀ ਹੁੰਦੇ ਹਨ। ਉਂਜ ਉਹ ਹਮੇਸ਼ਾਂ ਗਰੀਬ ਦੇ ਭਲੇ ਦੀ ਗੱਲ ਕਰਦੇ। ਪਰ ਹੇਰਾਫੇਰੀ ਬਰਦਾਸ਼ਤ ਨਹੀਂ ਸੀ ਕਰਦੇ। ਮਹਿਨਤੀ ਤੇ ਇਮਾਨਦਾਰ ਆਦਮੀ ਦੀ ਕਦਰ ਕਰਦੇ ਸਨ। ਮਜ਼ਦੂਰੀ ਤੇ ਮਿਹਨਤ ਦੇਣ ਵੇਲੇ ਕਦੇ ਕੰਜੂਸੀ ਨਹੀਂ ਸੀ ਕਰਦੇ। ਪਰ ਇੱਕ ਦਮ ਗੁੱਸੇ ਵਿੱਚ ਆਉਣਾ ਉਹਨਾਂ ਦੀ ਕਮਜ਼ੋਰੀ ਹੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ