ਕਈ ਵਾਰੀ ਛੋਟੀ ਜਿਹੀ ਘਟਨਾ ਤੇ ਹੀ ਬੰਦਾ ਗਧੀ ਗੇੜ ਵਿੱਚ ਪੈ ਜਾਂਦਾ ਹੈ। ਜ਼ਾ ਇਉਂ ਕਹਿ ਲਵੋ ਕਿ ਲਾਲਚ ਵੱਸ ਗਧੀ ਗੇੜ ਵਿੱਚ ਪਾ ਦਿੱਤਾ ਜਾਂਦਾ ਹੈ। ਮੇਰੀ ਮਾਂ ਦਾ ਸਰੀਰ ਭਾਰਾ ਸੀ ਉਮਰ ਵੀ 62 ਕ਼ੁ ਦੇ ਕਰੀਬ ਸੀ। ਇੱਕ ਦਿਨ ਗਲੀ ਵਿੱਚ ਖੜੀ ਅਚਾਨਕ ਇੱਕ ਅਵਾਰਾ ਸਾਂਢ ਨੂੰ ਆਪਣੇ ਨਜ਼ਦੀਕ ਆਉਂਦਾ ਵੇਖਕੇ ਸੰਭਲ ਨਾ ਸਕੀ ਤੇ ਡਿੱਗ ਪਈ। ਜਿਸ ਨਾਲ ਮੋਢੇ ਤੇ ਸੱਟ ਵੱਜੀ। ਜਿਸ ਦਾ ਪਤਾ ਲੱਗਣ ਤੇ ਅਸੀਂ ਉਸਨੂੰ ਸਾਡੇ ਜਾਣੂ ਸਰਜਨ ਡਾਕਟਰ ਅਗਨੀਹੋਤਰੀ ਕੋਲ ਲੈ ਗਏ। ਉਸਨੇ ਐਕਸਰੇ ਕੀਤਾ।
“ਬੇਟਾ ਗੱਲ ਕੋਈ ਖਾਸ ਨਹੀਂ ਮੋਢੇ ਦਾ ਜੋੜ ਹਿਲ ਗਿਆ ਹੈ।” ਬੇਹਤਰ ਇਲਾਜ ਲਈ ਉਸਨੇ ਸਾਨੂੰ ਸਿਵਲ ਹਸਪਤਾਲ ਵਿਚ ਹੱਡੀਆਂ ਦੇ ਡਾਕਟਰ ਰਮੇਸ਼ ਕੋਲ ਭੇਜ ਦਿੱਤਾ ਅਤੇ ਫੋਨ ਵੀ ਕਰ ਦਿੱਤਾ। ਡਾਕਟਰ ਰਮੇਸ਼ ਨੇ ਮੋਢਾ ਚੜਾਉਣ ਤੋਂ ਪਹਿਲਾਂ ਅਨੈਣਥੀਸਿਆ ਦੇਣ ਲਈ ਡਾਕਟਰ ਭਾਦੂ ਸਾਹਿਬ ਨੂੰ ਬੁਲਾ ਲਿਆ। ਕਿਉਂਕਿ ਮਾਤਾ ਜੀ ਹਾਰਟ ਦੀ ਮਰੀਜ ਸੀ ਇਸ ਲਈ ਉਸਨੇ ਅਨੈਣਥੀਸਿਆ ਦੇਣ ਵਿਚ ਆਪਣੀ ਅਸਮਰੱਥਾ ਜਾਹਿਰ ਕਰ ਦਿੱਤੀ । ਸਾਨੂੰ ਬਠਿੰਡੇ ਰੈਫਰ ਕਰ ਦਿੱਤਾ। ਬਠਿੰਡੇ ਹੱਡੀਆਂ ਦਾ ਮਸ਼ਹੂਰ ਡਾਕਟਰ ਗੁਰਦੇਵ ਸਿੰਘ ਜੋ ਸਾਡੇ ਇੱਕ ਰਿਸ਼ਤੇਦਾਰ ਨੂੰ ਜਾਣਦਾ ਸੀ। ਉਸਨੇ ਵੀ ਫੋਨ ਕਰ ਦਿੱਤਾ। ਪਰ ਡਾਕਟਰਾਂ ਕੋਲ ਜਾਣ ਪਹਿਚਾਣ ਵਾਲਾ ਖਾਨਾ ਨਹੀਂ ਹੁੰਦਾ। ਐਕਸਰੇ ਵਗੈਰਾ ਕਰਨ ਤੋਂ ਬਾਦ ਇਥੇ ਵੀ ਅਨੈਣਥੀਸਿਆ ਦੇਣ ਵਾਲਾ ਡਾਕਟਰ ਜਬਾਬ ਦੇ ਗਿਆ। ਡਾਕਟਰ ਗੁਰਦੇਵ ਨੇ ਰਾਇ ਲੈਣ ਲਈ ਸਾਨੂੰ ਹਾਰਟ ਦੇ ਡਾਕਟਰ ਆਪਣੇ ਭਰਾ ਕੋਲ ਭੇਜ ਦਿੱਤਾ। ਉਸ ਨੇ ਤਿੰਨ ਸੌ ਰੁਪਈਆ ਆਪਣੀ ਫੀਸ ਲੈਕੇ ਸਾਨੂੰ ਇੱਕ ਲੈਬ ਤੋਂ ਈਕੋ ਕਰਾਉਣ ਲਈ ਭੇਜ ਦਿੱਤਾ। ਗਿਆਰਾਂ ਸੋ ਚ ਮਿਲੀ ਈਕੋ ਦੀ ਰਿਪੋਰਟ ਓੰ ਕੇ ਆਉਣ ਤੇ ਹਾਰਟ ਵਾਲੇ ਡਾਕਟਰ ਨੇ ਓੰ ਕੇ ਕਹਿਕੇ ਸਾਨੂੰ ਵਾਪਿਸ ਡਾਕਟਰ ਗੁਰਦੇਵ ਕੋਲ ਭੇਜ ਦਿੱਤਾ। ਡਾਕਟਰ ਨੇ ਅਨੈਣਥੀਸੀਏ ਵਾਲੇ ਡਾਕਟਰ ਨੂੰ ਬੁਲਾਕੇ ਮੋਢਾ ਚੜ੍ਹਾ ਕੇ ਪਲਸਤਰ ਲਗਾ ਦਿੱਤਾ। ਇਸੇ ਦੌਰਾਨ ਮਰੀਜ ਦੇ ਤਿੰਨ ਐਕਸਰੇ ਲਏ ਗਏ। ਇੱਕ ਪਲਸਤਰ ਤੋਂ ਪਹਿਲਾਂ ਦੋ ਪਲਸਤਰ ਤੋਂ ਬਾਦ। ਡਾਕਟਰ ਨੇ ਆਪਣਾ ਇੱਕ ਹਜ਼ਾਰ ਅਤੇ ਦੂਸਰੇ ਡਾਕਟਰ ਦਾ ਪੰਜ ਸੌ ਲੈਕੇ ਸਾਨੂੰ ਘਰ ਭੇਜ ਦਿੱਤਾ। ਅਤੇ ਤੀਸਰੇ ਦਿਨ ਫਿਰ ਵਿਖਾਉਣ ਲਈ ਆਖ ਦਿੱਤਾ। ਤੀਸਰੇ ਦਿਨ ਅਸੀਂ ਉਸਕੋਲ ਜਾਣ ਤੋਂ ਪਹਿਲਾਂ ਹੱਡੀਆਂ ਦੇ ਦੂਸਰੇ ਡਾਕਟਰ ਕੈਲਾਸ਼ ਜੀ ਨਾਲ ਕੰਸਲਟ ਕਰਨ ਦਾ ਫੈਸਲਾ ਕੀਤਾ। ਕਿਉਂਕਿ ਦੋ ਸੌ ਰੁਪਏ ਹੀ ਲਗਣੇ ਸਨ ਫੀਸ ਦੇ। ਡਾਕਟਰ ਕੈਲਾਸ਼ ਜੀ ਗਰਮੀ ਵਿੱਚ ਭਾਰੀ ਸਰੀਰ ਦੇ ਮਰੀਜ਼ ਨੂੰ ਲਾਏ ਪਲਸਤਰ ਨੂੰ ਵੇਖਕੇ ਹੈਰਾਨ ਹੋ ਗਏ। ਉਹਨਾਂ ਨੇ ਸਾਨੂੰ ਇੱਕ ਵਿਸ਼ੇਸ਼ ਬੈਲਟ ਖਰੀਦਣ ਦਾ ਮਸ਼ਵਰਾ ਦਿੱਤਾ ਅਤੇ ਪਲਸਤਰ ਤੋਂ ਖੈੜਾ ਛਡਾਉਣ ਦੀ ਗੱਲ ਕਹੀ। ਅਸੀਂ ਉਹ ਤਿੰਨ ਸੌ ਦੀ ਬੈਲਟ ਖਰੀਦ ਲਈ ਅਤੇ ਤਿੰਨ ਦਿਨ ਪਹਿਲਾਂ ਡਾਕਟਰ ਗੁਰਦੇਵ ਤੋਂ ਲਗਵਾਇਆ ਪਲਸਤਰ ਉਤਰਵਾ ਦਿੱਤਾ। ਇਸ ਤਰਾਂ ਅਸੀਂ ਸੱਤ ਦਿਨ ਡਾਕਟਰਾਂ ਦੇ ਚੱਕਰ ਵਿਚ ਪਏ ਰਹੇ। ਯ ਇਓ ਕਹਿ ਲਵੋ ਸਾਨੂੰ ਡਾਕਟਰਾਂ ਨੇ ਗਧੀ ਗੇੜ ਵਿੱਚ ਪਾਈ ਰੱਖਿਆ। ਉਸ ਬੈਲਟ ਨੇ ਪੂਰਾ ਅਰਾਮ ਦਿੱਤਾ ਤੇ ਪਲਸਤਰ ਤੋਂ ਨਿਜਾਤ ਦਿੱਤੀ। ਡਾਕਟਰਾਂ ਦੀ ਦੁਨੀਆ ਵੀ ਨਿਰਾਲੀ ਹੀ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233