ਪ੍ਰਿੰਸੀਪਲ ਆਤਮਾ ਰਾਮ ਅਰੋੜਾ | principal atma ram arora

ਅੱਜ ਫਿਰ ਕਲਮ ਸ੍ਰੀ Atma Ram Arora ਜੀ ਨੂੰ ਯਾਦ ਕਰ ਰਹੀ ਹੈ। ਆਪਣੀ ਨੌਕਰੀ ਦੌਰਾਨ ਸ੍ਰੀ ਅਰੋੜਾ ਸਾਹਿਬ ਕਾਲਜ ਚ ਬਣੇ ਸਟਾਫ ਕੁਆਟਰਾਂ ਵਿੱਚ ਰਹੇ ਤੇ ਫਿਰ ਪ੍ਰਿੰਸੀਪਲ ਦੀ ਕੋਠੀ ਵਿੱਚ ਸ਼ਿਫਟ ਹੋ ਗਏ। ਸੇਵਾਮੁਕਤੀ ਤੋਂ ਬਾਅਦ ਉਹਨਾਂ ਨੇ ਬਾਲ ਮੰਦਿਰ ਸਕੂਲ ਰੋਡ ਸਥਿਤ ਆਪਣੇ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਘਰੇ ਰੋਟੀ ਪਕਾਉਣ ਨੂੰ ਉਹਨਾਂ ਇੱਕ ਮੇਡ ਰੱਖੀ ਹੋਈ ਸੀ। ਉਹ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਾਕੇ ਟਾਈਮ ਪਾਸ ਵੀ ਕਰਦੇ ਅਤੇ ਆਪਣੀ ਜੀਵਕਾ ਵੀ ਚਲਾਉਂਦੇ। ਕਿਉਂਕਿ ਸੇਵਾਮੁਕਤੀ ਤੋਂ ਬਾਅਦ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਸੀ ਮਿਲਦੀ। ਬਾਕੀ ਉਹਨਾਂ ਨੂੰ ਪੜ੍ਹਾਉਣ ਦਾ ਜਨੂੰਨ ਵੀ ਸੀ। ਉਹ ਆਪਣੇ ਹਰ ਗਰੁੱਪ ਵਿੱਚ ਦੋ ਯ ਤਿੰਨ ਵਿਦਿਆਰਥੀ ਹੀ ਰੱਖਦੇ। ਅੱਜ ਕੱਲ੍ਹ ਆਲਿਆਂ ਵਾਂਗੂ ਭੀੜ ਨਹੀਂ ਸੀ ਇਕੱਠੀ ਕਰਦੇ। ਟਿਊਸ਼ਨ ਪੜ੍ਹਨ ਵਾਲਿਆਂ ਤੋਂ ਇਲਾਵਾ ਉਹਨਾਂ ਨੂੰ ਮਿਲਣ ਵਾਲੇ ਵੀ ਚੰਗੀ ਗਿਣਤੀ ਵਿੱਚ ਆਉਂਦੇ ਸਨ। ਇਲਾਕੇ ਵਿੱਚ ਉਹਨਾਂ ਦੇ ਫੈਨ ਹੀ ਬਹੁਤ ਸਨ। ਆਮ ਤੌਰ ਤੇ ਉਹ ਆਪਣੀ ਘਰ ਆਲੀ ਸਿਵਲ ਡਰੈੱਸ ਵਿੱਚ ਹੀ ਹੁੰਦੇ ਸਨ। ਆਪਣੀ ਜਿੰਦਗੀ ਦੇ ਅਖੀਰਲੇ ਕੁਝ ਕੁ ਸਾਲਾਂ ਵਿੱਚ ਉਹਨਾਂ ਨੇ ਮੇਡ ਵੀ ਹਟਾ ਦਿੱਤੀ। ਤੇ ਆਪਣੀਆਂ ਚਾਰ ਰੋਟੀਆਂ ਖ਼ੁਦ ਰਾਡ਼ ਲੈਂਦੇ ਤੇ ਸਬਜ਼ੀ ਅਮੂਮਨ ਇੱਕ ਵੇਲੇ ਹੀ ਮਨਾਉਂਦੇ। ਇੱਕ ਦਿਨ ਅਸੀਂ ਦੋਨੇ ਉਹਨਾਂ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਣ ਗਏ। ਉਹ ਆਪਣੀ ਰੋਟੀ ਪਕਾ ਚੁਕੇ ਸਨ। ਸਾਡੇ ਦੇਖਦੇ ਹੋ ਉਹ ਆਪਣੀਆਂ ਚਾਰ ਰੋਟੀਆਂ ਪਲੇਟ ਵਿੱਚ ਰੱਖ ਲਿਆਏ। ਰੋਟੀਆਂ ਦੀ ਹਾਲਤ ਅਰੋੜਾ ਸਾਹਿਬ ਦੀ ਉਮਰ ਤੇ ਹਾਲਤ ਬਿਆਨ ਕਰਦੀ ਸੀ। ਉਹਨਾਂ ਨੇ ਦੋ ਟਮਾਟਰ ਕੱਟਕੇ ਕੌਲੀ ਵਿੱਚ ਰੱਖੇ ਅਤੇ ਓਹਨਾ ਨਾਲ ਹੀ ਰੋਟੀ ਖਾਣ ਲੱਗੇ। ਓਹਨਾ ਦੇ ਚੇਹਰੇ ਤੇ ਕੋਈ ਸ਼ਿਕਨ ਨਹੀਂ ਸੀ। ਉਹ ਹਮੇਸ਼ਾ ਦੀ ਤਰਾਂ ਮੁਸਕਰਾ ਰਹੇ ਸਨ। ਸਾਨੂੰ ਕੋਲ ਬੈਠਿਆਂ ਕਰਕੇ ਵੀ ਉਹ ਕੁਸ਼ ਵੀ ਮਹਿਸੂਸ ਨਹੀਂ ਸੀ ਕਰ ਰਹੇ।
“ਮੇਰੇ ਕੋਲ ਸਾਰਾ ਸਿਆਲ ਸਰੋਂ ਦਾ ਸਾਗ ਨਹੀਂ ਮੁੱਕਦਾ। ਕੋਈ ਨਾ ਮਿੱਤਰ ਪਿਆਰਾ ਦੇ ਹੀ ਜਾਂਦਾ ਹੈ। ਮੈਂ ਸਾਗ ਖਾ ਖਾ ਕੇ ਅੱਕ ਗਿਆ ਹਾਂ।” ਅਰੋੜਾ ਸਾਹਿਬ ਨੇ ਰੋਟੀ ਖਾਂਦਿਆਂ ਹੋਇਆ ਨੇ ਦੱਸਿਆ। ਇਹ ਕਿਸੇ ਆਦਮੀ ਦੀ ਮਜਬੂਰੀ ਹੋ ਸਕਦੀ ਹੈ ਪਰ ਅਸਲ ਵਿੱਚ ਇਹ ਸਾਦਗੀ ਸੀ। ਜਿੰਦਗੀ ਦੀ ਮਸਤੀ ਸੀ। ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦੀ ਅਸਲ ਫ਼ਕੀਰੀ ਸੀ। ਜੋ ਹਰ ਆਦਮੀ ਦੇ ਹਿੱਸੇ ਨਹੀਂ ਆਉਂਦੀ। ਇਹ ਫ਼ਕੀਰੀ ਉਹਨਾਂ ਨੇ ਆਪਣੇ ਗੁਰੂ ਦੀ ਸੰਗਤ ਤੋਂ ਸਿੱਖੀ ਸੀ। ਬੰਬਾ ਸਾਵਣ ਸ਼ਾਹ ਜੀ ਨੇ ਹੀ ਇਹਨਾਂ ਨੂੰ ਆਤਮਾ ਰਾਮ ਦਾ ਨਾਮ ਦਿੱਤਾ। ਅਤੇ ਸ਼ਾਹ ਮਸਤਾਨਾ ਜੀ ਨੇ ਨਾਮ ਦਾਨ ਦਿੱਤਾ।
ਮੈਂ ਅਕਸਰ ਹੀ ਆਪਣੀਆਂ ਖੁਸ਼ੀਆਂ ਸ਼ੇਅਰ ਕਰਨ ਜਾਂਦਾ ਰਹਿੰਦਾ ਸੀ। ਅਰੋੜਾ ਸਾਹਿਬ ਜੀ ਦੀ ਜਿੰਦਗੀ ਨਾ ਮੁਕਣ ਵਾਲੇ ਤਜ਼ੁਰਬਿਆਂ ਨਾਲ ਭਰੀ ਹੋਈ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *