ਇੱਕ ਅੰਗਰੇਜੀ ਫਿਲਮ..
ਮੌਤ ਦੇ ਸਜਾ ਵਾਲੇ ਕੈਦੀਆਂ ਨੂੰ ਸਿਰੋਂ ਮੁੰਨ ਫੇਰ ਸਿਰਾਂ ਤੇ ਗਿੱਲੀ ਸਪੰਜ ਰੱਖੀ ਜਾਂਦੀ..!
ਉੱਪਰ ਗਿੱਲੀ ਟੋਪੀ ਪਵਾ ਫੇਰ ਕਰੰਟ ਲਾਇਆ ਜਾਂਦਾ..!
ਗਿੱਲੀ ਥਾਂ ਕਰਕੇ ਬਿਜਲੀ ਛੇਤੀ ਅਸਰ ਕਰਦੀ ਤੇ ਬੰਦਾ ਛੇਤੀ ਮੁੱਕ ਜਾਂਦਾ..!
ਪਰ ਇੱਕ ਜੇਲ ਕਰਮਚਾਰੀ..ਬੜਾ ਅਜੀਬ ਝੱਸ..ਕੈਦੀ ਨੂੰ ਤੜਪ ਤੜਪ ਕੇ ਮਰਦਾ ਹੋਇਆ ਵੇਖਣ ਦਾ ਜਨੂੰਨ..!
ਸਪੰਜ ਜਾਣ ਬੁਝ ਕੇ ਹੀ ਗਿੱਲੀ ਹੀ ਨਹੀਂ ਕਰਦਾ..ਸੁੱਕੀ ਰੱਖ ਦਿਆ ਕਰਦਾ..ਕੈਦੀ ਸੜ ਕੇ ਸਵਾਹ ਤੱਕ ਹੋ ਜਾਂਦਾ..ਪਰ ਜਾਨ ਨਹੀਂ ਨਿੱਕਲਦੀ..!
ਵਰਤਮਾਨ ਦੇ ਵੀ ਇੰਝ ਦੇ ਕਈ ਪਾਤਰ..
ਨੱਬੇ ਵੇਲੇ ਦਾ ਮੱਖਣ ਸਿੰਘ ਥਾਣੇਦਾਰ..ਲੋਕ ਜੱਲਾਦ ਸੱਦਣ ਲੱਗੇ..ਧਾਰੀਵਾਲ ਕੋਲ ਰਾਇਚੱਕ ਪਿੰਡ ਦਾ ਬਲਦੇਵ ਸਿੰਘ..ਖੁੱਲ੍ਹਾ ਦਾਹੜਾ..ਭਰਵਾਂ ਜੁੱਸਾ..ਐੱਮ.ਏ ਗੋਲ੍ਡ ਮੈਡਲਿਸਟ..ਇੱਕ ਦਿਨ ਤੜਕੇ ਚੁੱਕ ਮੁਕਾ ਦਿੱਤਾ..ਮਾਂ ਹੌਕੇ ਭਰਦੀ ਰਹੀ..ਕਮਲੀ ਹੋਈ ਸੰਸਕਾਰ ਵੇਲੇ ਪਾਸੇ ਟੰਗੇ ਪਏ ਉਸਦੇ ਲੀੜਿਆਂ ਵਿਚ ਸਿੰਮਦੀ ਰਤ ਹੀ ਮੂੰਹ ਤੇ ਮਲਦੀ ਜਾਵੇ..ਅਖ਼ੇ ਮੇਰੇ ਪੁੱਤ ਦਾ ਲਹੂ ਏ..ਮੇਰਾ ਹੀ ਹੋਇਆ!
ਕਿੰਨੇ ਵਰ੍ਹਿਆਂ ਬਾਅਦ ਹਸਪਤਾਲ ਵਿਚ ਦਾਖਿਲ ਸੀ..ਪਾਸਾ ਮਾਰਿਆ ਗਿਆ ਸੀ..ਬੁਰੀ ਹਾਲਤ..ਓਹੀ ਮਾਂ ਆਖਣ ਲੱਗੀ ਮੈਨੂੰ ਕੋਲ ਲੈ ਚੱਲੋ..ਪੁੱਛਣਾ ਏ ਕੇ ਆਖਰੀ ਵੇਲੇ ਬਲਦੇਵ ਨੇ ਕੋਈ ਸੁਨੇਹਾ ਤੇ ਨਹੀਂ ਸੀ ਦਿੱਤਾ..ਵਾਹ ਮੇਰਿਆ ਰੱਬਾ..ਜਾਣ ਵਾਲਾ ਤੇ ਇੱਕੋ ਵੇਰ ਮੁੱਕਦਾ ਪਰ ਜੰਮਣ ਵਾਲੀਆਂ ਹਰ ਰੋਜ ਹਰ ਪਲ ਹਰ ਘੜੀ!
ਸੰਨ ਚੁਰਾਨਵੇਂ ਅਪ੍ਰੈਲ ਮਹੀਨਾ..ਕਾਂਗਰਸੀ ਆਗੂ ਬਲਦੇਵ ਸਿੰਘ ਖਿਆਲਾ ਦੀ ਮਾਤਾ ਦਾ ਭੋਗ..ਏਧਰੋਂ ਓਧਰੋਂ ਟਾਪ ਦੀ ਲੀਡਰਸ਼ਿਪ ਅੱਪੜੀ ਹੋਈ ਸੀ..ਉਸਤੋਂ ਪਿਛਲੀ ਰਾਤ ਨਵਰੂਪ ਸੀ ਢੋਟੀਆਂ ਅਤੇ ਰੇਸ਼ਮ ਸਿੰਘ ਥਾਂਦੇ ਨਾਮ ਦੇ ਸਿੰਘ ਫੜ ਕੇ ਝੂਠਾ ਮੁਕਾਬਲਾ ਬਣਾ ਮੁਕਾ ਦਿੱਤੇ..ਪੱਤਰਕਾਰ ਭੋਗ ਤੇ ਅੱਪੜੇ ਵੱਡੇ ਪੰਥਕ ਲੀਡਰ ਨੂੰ ਇਸ ਝੂਠੇ ਬਾਬਤ ਪੁੱਛਣ ਲੱਗੇ..ਅੱਗੋਂ ਆਖਣ ਲੱਗਾ ਚੰਗਾ ਹੋਇਆ ਨਹੀਂ ਤੇ ਇਹ ਕੰਮ ਸਾਨੂੰ ਹੱਥੀਂ ਕਰਨਾ ਪੈਣਾ ਸੀ!
ਗੁਰਮੀਤ ਸਿੰਘ ਰੰਧਾਵਾ ਨਾਮ ਦਾ ਡੀ.ਐੱਸ.ਪੀ..ਬਾਬੇ ਮਾਨੋਚਾਹਲ ਦੀ ਸ਼ਹੀਦੀ ਮਗਰੋਂ ਦੂਰ ਨੇੜੇ ਦੇ ਕਿੰਨੇ ਰਿਸ਼ਤੇਦਾਰ ਪੇਸ਼ ਹੋ ਗਏ..ਆਖਣ ਲੱਗਾ ਓਏ ਸਾਰੇ ਸਮਰਪਣ ਕਰੀ ਜਾਂਦੇ ਓ..ਸਾਨੂੰ ਵੇਹਲਿਆਂ ਕਰਨਾ ਜੇ..ਇੱਕ ਵੇਲਾ ਸੀ ਲੋਥਾਂ ਦਾ ਵੀ ਵਣਜ ਹੋਇਆ ਕਰਦਾ ਸੀ..ਹਮੇਸ਼ਾ ਮੁਨਾਫ਼ਾ ਵਾਲਾ ਵਣਜ..ਕਦੇ ਵੀ ਘਾਟਾ ਨਹੀਂ!
ਸੰਨ ਅੱਸੀ ਤੋਂ ਪਹਿਲਾਂ..ਈਰਾਨ ਦਾ ਹਾਕਮ ਸ਼ਾਹ ਰਜਾ ਪਹਿਲਵੀ..ਉਸ ਵੇਲੇ ਦਾ ਦੁਨੀਆਂ ਦਾ ਅਮੀਰੋ-ਤਰੀਨ ਇਨਸਾਨ..!
ਹਮੇਸ਼ਾਂ ਸੋਨੇ ਵਿਚ ਮੜਿਆ..ਹੀਰੇ..ਜਵਾਹਰਾਤ..ਡਾਲਰ..ਕਾਰਾਂ..ਦੌਲਤਾਂ..ਹਰ ਸ਼ੈ ਕੋਲ!
ਜਾਲਮ ਵੀ ਅੱਤ ਦਾ..ਜੋ ਵੀ ਅੱਖ ਚੁੱਕ ਸਵਾਲ ਪੁੱਛਦਾ..ਗਾਇਬ ਕਰ ਦਿੱਤਾ ਜਾਂਦਾ!
ਅਖੀਰ ਘੜਾ ਭਰ ਗਿਆ..ਪੁਲਸ ਫੌਜ ਲੋਕ ਅਵਾਮ ਸਭ ਨੇ ਬਗਾਵਤ ਕਰ ਦਿੱਤੀ..ਮੁਲਖ ਵਿਚੋਂ ਦੌੜ ਗਿਆ..ਅਮਰੀਕਾ ਦੇ ਡਰੋਂ ਕੋਈ ਦੇਸ਼ ਪਨਾਹ ਨਾ ਦੇਵੇ..ਅਖੀਰ ਮਿਸਰ ਦੇ ਰਾਸ਼ਟਰਪਤੀ ਅਨਵਰ ਸੱਦਾਤ ਨੇ ਆਪਣਾ ਮੁੰਡਾ ਇਸਦੀ ਕੁੜੀ ਨਾਲ ਵਿਆਹ ਦਿੱਤਾ ਫੇਰ ਪਨਾਹ ਦਿੱਤੀ ਆਖੇ ਭਗੌੜੇ ਨੂੰ ਨਹੀਂ ਆਪਣੇ ਕੁੜਮ ਨੂੰ ਪਨਾਹ ਦੇ ਰਿਹਾ ਹਾਂ!
ਅਖੀਰ ਕੈਂਸਰ ਹੋ ਗਿਆ..ਸਾਰੀ ਇਕੱਠੀ ਕੀਤੀ ਕਿਸੇ ਕੰਮ ਨਾ ਆਈ..ਫੇਰ ਗੁੰਮਨਾਮੀ ਵਿਚ ਹੋਈ ਮੌਤ ਤੇ ਸਾਰਾ ਕੁਝ ਦੋ ਗਜ ਜਮੀਨ ਵਿਚ ਦਫ਼ਨ ਹੋ ਗਿਆ!
ਓਸੇ ਈਰਾਨ ਦੀ ਗੱਲ..ਤਹਿਰਾਨ ਮੈਟਰੋ ਸਟੇਸ਼ਨ ਨੂੰ ਦਰਵਾਜਾ ਲਾਉਣਾ ਸੀ..ਪ੍ਰਬੰਧਕਾਂ ਨੂੰ ਇੱਕ ਗੁਰੂਘਰ ਦੇ ਦਰਵਾਜੇ ਦਾ ਡਿਜ਼ਾਈਨ ਪਸੰਦ ਆ ਗਿਆ..ਆਖਣ ਲੱਗੇ ਆਪਣੇ ਪੈਗ਼ੰਬਰ ਦੀ ਜੀਵਨ ਸ਼ੈਲੀ ਬਾਰੇ ਕੋਈ ਵਿਲੱਖਣ ਗੱਲ ਦੱਸੋ..ਦਰਵਾਜਾ ਬਣਾ ਉਸਦਾ ਨਾਮ ਰੱਖਣਾ..!
ਆਖਣ ਲੱਗੇ ਸਾਡੇ ਪੈਗ਼ੰਬਰ ਨੇ ਤਾ ਉਮਰ ਕੋਈ ਦੌਲਤ ਇੱਕਠੀ ਨਹੀਂ ਕੀਤੀ..ਤਾਂ ਵੀ ਬਾਦਸ਼ਾਹ ਦਰਵੇਸ਼..!
ਆਖਣ ਲੱਗੇ ਬਸ ਹੋਰ ਕਿਸੇ ਸਾਖੀ ਦੀ ਲੋੜ ਨਹੀਂ ਸਾਨੂੰ ਲੋੜੀਂਦਾ ਨਾਮ ਮਿਲ ਗਿਆ..!
ਦਰਵਾਜੇ ਦਾ ਨਾਮ ਹੋਵੇਗਾ..”ਦਰਵਾਜਾ-ਏ-ਦੌਲਤ”!
ਸਿਤਾਰੇ ਟੀਸੀ ਤੇ ਹੁੰਦੇ ਤਾਂ ਸਭ ਕੀੜੇ ਮਕੌੜੇ ਦਿਸਦੇ..ਮੁੜ ਦਿਨ ਜਦੋਂ ਢਲਣ ਲੱਗਦਾ..ਤਾਂ ਫੇਰ ਹੱਥਾਂ ਪੈਰਾਂ ਦੀ ਪੈ ਜਾਂਦੀ..ਕੇ.ਪੀ ਗਿੱਲ ਨੇ ਵੀ ਦੱਸਦੇ ਆਖਰੀ ਵੇਲੇ ਬਾਬੇ ਨਾਨਕ ਬਾਰੇ ਕੋਈ ਕਿਤਾਬ ਨਹੀਂ ਛੱਡੀ..ਰੁੱਸੇ ਰੱਬ ਨਾਲ ਸੁਲਹ ਸਫਾਈਆਂ!
ਜਿੰਨਾ ਕੋਲ ਹੈਗਾ ਉਸਤੋਂ ਵੀ ਵੱਧ ਰੱਖਣ ਦੇ ਸਦੀਵੀਂ ਇੱਛਿਆ..ਪਰ ਜੱਗ ਤਾਂ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ!
ਅਖੀਰ ਵਿਚ..”ਵਰਕੇ ਉੱਤੇ ਅੱਗ ਨਾ ਰੱਖੀ..ਕਮਲੇ ਦੇ ਸਿਰ ਪੱਗ ਨਾ ਰੱਖੀ..ਬੁੱਲ੍ਹੇ ਸ਼ਾਹ ਦੀ ਮੰਨ ਲੈ ਸੱਜਣਾ..ਕੌਂਮ ਦਾ ਰਾਖਾ ਠੱਗ ਨਾ ਰਖੀਂ”
ਹਰਪ੍ਰੀਤ ਸਿੰਘ ਜਵੰਦਾ