ਅੱਜ ਆਲਿਆਂ ਦੀ ਕਾਹਦੀ ਸੈਲਰੀ ਹੁੰਦੀ ਹੈ। ਸਿੱਧੀ ਖਾਤੇ ਵਿਚ ਜਾਂਦੀ ਹੈ। ਇੱਕ ਮੈਸੇਜ ਹੀ ਆਉਂਦਾ ਹੈ ਯੂਅਰ ਬੈੰਕ ਅਕਾਊਂਟ xxxxx144 ਹੈਜ ਬਿੰਨ ਕ੍ਰੈਡਿਟਡ ਆਈ ਐਨ ਆਰ xxxxxx ਅਵੇਲੇਬਲ ਬੈਲੈਂਸ xxxxxx। ਸੈਲਰੀ ਤਾਂ ਪਹਿਲਾਂ ਹੁੰਦੀ ਸੀ ਜਦੋਂ ਨਕਦ ਮਿਲਦੀ ਸੀ। ਦਸ ਦਸ ਦੇ ਨੋਟਾਂ ਦੀ ਗੁੱਟੀ । ਜਦੋ ਨੋ ਕ਼ੁ ਸੋ ਤੋਂ ਬਾਦ ਹਜ਼ਾਰ ਟੱਪੀ ਸੀ ਤਾਂ ਚੇਹਰੇ ਦੀ ਲਾਲੀ ਵੇਖਣ ਆਲੀ ਸੀ। ਇਸੇ ਤਰਾਂ ਜਦੋ ਅੱਸੀ ਨੱਬੇ ਲੈਣ ਵਾਲਿਆਂ ਨੂੰ ਇੱਕ ਸੋ ਤੋਂ ਵੱਧ ਮਿਲੀ ਸੀ ਤਾਂ ਅੱਧੇ ਪਿੰਡ ਵਿੱਚ ਚਰਚਾ ਹੋਈ ਸੀ। ਸੈਲਰੀ ਦਾ ਚਾਅ ਵੱਖਰਾ ਹੀ ਹੁੰਦਾ ਸੀ। ਪਿੱਛੇ ਜਿਹੇ ਕਿਸੇ ਨੇ ਮੈਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ ਦੋ ਮਹੀਨਿਆਂ ਦੀ ਪਹਿਲੀ ਤਨਖਾਹ ਇਕੱਠੀ ਮਿਲੀ। ਕੁਲ ਪੰਤਾਲੀ ਕੁ ਹਜ਼ਾਰ ਰੁਪਈਆ। ਦਸ ਦਸ ਦੇ ਨੋਟਾਂ ਦੀਆਂ ਗੱਟੀਆਂ ਸਨ। ਜਦੋਂ ਮੰਜੇ ਤੇ ਚਿਣੀਆਂ ਤਾਂ ਮੰਜਾ ਭਰ ਗਿਆ। ਖੈਰ ਉਸ ਪਰਿਵਾਰ ਨੇ ਗਰੀਬੀ ਵੇਖੀ ਸੀ ਤੇ ਇੰਨੇ ਇਕੱਠੇ ਨੋਟ ਪਹਿਲੀ ਵਾਰ ਦੇਖੇ ਸਨ। ਅੱਜ ਕੱਲ੍ਹ ਬਹੁਤੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਲੱਖ ਤੋਂ ਵੀ ਵੱਧ ਹੈ। ਪਰ ਬੈੰਕ ਦੇ ਐਸ ਐਮ ਐਸ ਕਰਕੇ ਉਹ ਸਵਾਦ ਜਿਹਾ ਨਹੀਂ ਆਉਂਦਾ। ਉਂਜ ਇੰਨੀ ਤਨਖਾਹ ਉੱਡਦੀ ਵੀ ਏਟੀਐਮ ਕਾਰਡ ਨਾਲ ਹੀ ਹੈ। ਸਵਾਈਪ ਮਸ਼ੀਨ ਨਾਲ ਛੂੰ ਮੰਤਰ ਹੋ ਜਾਂਦੀ ਹੈ। ਤਨਖਾਹ ਜਿਹੜੇ ਬੇਸਵਾਦ ਨਾਲ ਆਉਂਦੀ ਹੈ ਉਸੇ ਸਵਾਦ ਨਾਲ ਚਲੀ ਜਾਂਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ