ਸੇਠ ਜੀ ਬਲਬੀਰ ਪੂਰਾ ਹੋ ਗਿਆ। ਅਣਜਾਣ ਜਿਹੇ ਨੰਬਰ ਤੋ ਆਈ ਫੋਨ ਕਾਲ ਨੇ ਮੇਰਾ ਤ੍ਰਾਹ ਹੀ ਕੱਢ ਦਿੱਤਾ। ਮੈ ਸੁੰਨ ਜਿਹਾ ਹੋ ਗਿਆ। ਪੇਸ਼ੇ ਤੌ ਮਜਦੂਰ ਬਲਬੀਰ ਨਾਲ ਮੇਰਾ ਵਾਹ ਕੋਈ ਸੱਤ ਅੱਠ ਸਾਲ ਪਹਿਲਾਂ ਪਿਆ ਸੀ। ਉਹ ਗੁਰਦਾਸ ਮਿਸਤਰੀ ਦੇ ਨਾਲ ਕੰਮ ਕਰਦਾ ਸੀ। ਦੋਹਾਂ ਦੇ ਸੁਭਾਅ ਵਿੱਚ ਭਾਂਵੇ ਅੰਤਰ ਸੀ ਪਰ ਕੰਮ ਪੱਖੋ ਦੋਹੇ ਸਿਰੜੀ ਸਨ। ਓਵਰ ਟਾਇਮ ਵਿੱਚ ਕੰਮ ਗੁਰਦਾਸ ਤੇ ਬਲਬੀਰ ਦੀ ਜੋੜੀ ਹੀ ਕਰ ਸਕਦੀ ਸੀ। ਕਿਉਕਿ ਨਾ ਗੁਰਦਾਸ ਨੇ ਘੜੀ ਵੇਖਣੀ ਤੇ ਨਾ ਬਲਬੀਰ ਨੇ। ਕਈ ਵਾਰੀ ਕੰਮ ਕਰਦਿਆਂ ਨੂੰ ਰਾਤ ਦਾ ਇੱਕ ਵੀ ਵੱਜ ਜਾਂਦਾ। ਅਸੀ ਅੱਕ ਕੇ ਸੌ ਜਾਂਦੇ ਪਰ ਇਹ ਦੋਹੇ ਬਰੇਤੀ ਬਜਰੀ ਨਾਲ ਇੱਕ ਹੋਏ ਰਹਿੰਦੇ।ਬਾਊ ਬੂਹਾ ਭੇੜ ਲਵੋ। ਜਾਣ ਲੱਗੇ ਬਲਬੀਰ ਹੀ ਆਖਦਾ। ਕਿਉਂਕਿ ਮਿਸਤਰੀ ਦੇ ਜਾਣ ਮਗਰੋ ਸੰਦ ਸੰਭਾਲਦਾ, ਹੱਥ ਮੂੰਹ ਧੋਂਦਾ, ਬਲਬੀਰ ਰਤਾ ਕੁ ਲੇਟ ਹੋ ਜਾਂਦਾ। ਮਿਸਤਰੀ ਗੁਰਦਾਸ ਤਾਂ ਰੋਟੀ ਘਰੇ ਜਾਕੇ ਹੀ ਖਾਂਦਾ, ਪਰ ਬਲਬੀਰ ਨੂੰ ਅਸੀ ਧੱਕੇ ਨਾਲ ਰੋਟੀ ਖਵਾ ਹੀ ਦਿੰਦੇ।
ਬਾਊ ਅੱਜ ਮੈ ਜਲਦੀ ਜਾਣਾ ਹੈ ਘਰੇ। ਇੱਕ ਦਿਨ ਸ਼ਾਮੀ ਸੱਤ ਕੁ ਵਜੇ ਬਲਬੀਰ ਨੇ ਮੈਨੂੰ ਆਖਿਆ। ਕਿਉਂ ? ਮੇਰੇ ਤੇ ਮਿਸਤਰੀ ਦੇ ਮੂੰਹੋ ਇਕੱਠਾ ਹੀ ਨਿੱਕਲਿਆ।ਅੱਜ ਕਰੂਆ ਹੈ ਨਾ। ਉਸ ਨੇ ਵੀ ਵਰਤ ਰੱਖਿਆ ਹੋਇਆ ਹੈ ਤੇ ਉਹ ਮੇਰਾ ਮੂੰਹ ਦੇਖਕੇ ਹੀ ਰੋਟੀ ਖਾਊਗੀ। ਉਸਨੇ ਆਪਣੀ ਘਰਵਾਲੀ ਦੇ ਰੱਖੇ ਕਰਵਾ ਚੌਥ ਦੇ ਵਰਤ ਬਾਰੇ ਦੱਸਿਆ। ਬਿਚਾਰੀ ਭੁੱਖੀ ਬੈਠੀ ਹੋਵੇਗੀ।
ਜਾ ਉਏ ਤੇਰੇ ਕਰੂਆ। ਅਸੀ ਸਾਰੇ ਹੱਸ ਪਏ। ਉਸ ਦਿਨ ਤੋ ਬਾਦ ਉਸਦਾ ਨਾਮ ਅਸੀ ਕਰੂਆ ਹੀ ਰੱਖ ਦਿੱਤਾ। ਮਿਹਨਤੀ ਬਹੁਤ ਸੀ ਬਲਬੀਰ। ਆਪਣਾ ਘਰ ਸਮਝਕੇ ਕੰਮ ਕਰਦਾ।ਕੰਮ ਤੋ ਹੱਟਣ ਤੋ ਬਾਦ ਵੀ ਵੇਲੇ ਕੁਵੇਲੇ ਉਹ ਗੇੜਾ ਮਾਰਦਾ ਰਹਿੰਦਾ। ਪਾਣੀ ਵਾਲੀਆਂ ਟੈਕੀਆਂ ਦੀ ਸਫਾਈ, ਛੱਤਾਂ ਤੇ ਝਾੜੂ ਲਾਉਣਾ ਜਾ ਨਿੱਕ ਸੁੱਕ ਤੇ ਘਰੇ ਇਕੱਠਾ ਹੋਇਆ ਕਬਾੜ ਵੇਚਣਾ ਉਸਦੇ ਕੰਮ ਸਨ।ਫਿਰ ਕਈ ਸਾਲ ਉਸ ਨਾਲ ਮੇਲ ਨਹੀ ਹੋਇਆ। ਇੱਕ ਦਿਨ ਫਾਟਕਾਂ ਤੇ ਖੜ੍ਹਾ ਮੇਰੇ ਨਜਰੀ ਪਿਆ। ਭੱਜਕੇ ਗੱਡੀ ਕੋਲ ਆ ਗਿਆ। ਮਿਲਣ ਦੀ ਖੁਸ਼ੀ ਉਸਦੇ ਚੇਹਰੇ ਤੋ ਝਲਕਦੀ ਸੀ। ਉਸਨੇ ਘਰਬਾਰ ਅਤੇ ਸਾਰਿਆਂ ਦੀ ਰਾਜੀ ਖੁਸ਼ੀ ਪੁੱਛੀ। ਪਰ ਆਪਣੇ ਬਾਰੇ ਬਹੁਤਾ ਨਾ ਦੱਸਿਆ ਤੇ ਨਾ ਹੀ ਮੈ ਪੁੱਛਣ ਦੀ ਕੋਸ਼ਿਸ਼ ਕੀਤੀ।ਗਰੀਬ ਦੀ ਸੁਣਦਾ ਵੀ ਕੋਣ ਹੈ। ਬਾਦ ਵਿੱਚ ਪਤਾ ਲੱਗਿਆਂ ਕਿ ਉਸਦੀ ਘਰਵਾਲੀ ਨੇ ਉਸਦਾ ਮਕਾਨ ਆਪਣੇ ਨਾਮ ਕਰਵਾਕੇ ਉਸਨੂੰ ਘਰੋ ਕੱਢ ਦਿੱਤਾ। ਦੋਹਾਂ ਮੁੰਡਿਆਂ ਨੂੰ ਵੀ ਆਪਣੇ ਕੋਲ ਰੱਖ ਲਿਆ। ਹੁਣ ਬਲਬੀਰ ਕਿਰਾਏ ਦੀ ਕੁੱਲੀ ਵਿੱਚ ਰਹਿੰਦਾ ਸੀ। ਪਰ ਘਰਵਾਲੀ ਨੇ ਫਿਰ ਵੀ ਉਸਦਾ ਪਿੱਛਾ ਨਾ ਛੱਡਿਆ ਤੇ ਉਸਤੇ ਖਰਚੇ ਦਾ ਕੇਸ ਪਾਕੇ ਉਸਨੂੰ ਜੇਲ ਪੰਹੁਚਾ ਦਿੱਤਾ।
ਜਦੋ ਫਿਰ ਮਿਸਤਰੀ ਲਾਇਆ ਤਾਂ ਗੁਰਦਾਸ ਦੇ ਨਾਲ ਬਲਬੀਰ ਵੀ ਆ ਗਿਆ। ਦੋਵੇ ਰਾਤੀ ਓਵਰ ਟਾਇਮ ਲਗਾਕੇ ਕੰਮ ਕਰਦੇ।ਬਾਊ ਅੱਜ ਛਨੀਵਾਰ ਹੈ ਨਾ? ਛਨੀਵਾਰ ਨੂੰ ਓਥੇ ( ਜੇਲ ਵਿੱਚ) ਖੀਰ ਬਣਦੀ ਹੁੰਦੀ ਸੀ। ਤੇ ਐਤਵਾਰ ਨੂੰ ਕੜ੍ਹੀ ਚੌਲ। ਬਲਬੀਰ ਨੇ ਭੋਲੋ ਭਾਵ ਵਿੱਚ ਹੁੱਭਕੇ ਦੱਸਿਆ। ਚੰਗਾ ਫਿਰ ਆਪਣੇ ਵੀ ਸ਼ਨੀਵਾਰ ਨੂੰ ਖੀਰ ਹੀ ਬਣਾਇਆ ਕਰੋ ਤੇ ਐਤਵਾਰ ਨੂੰ ਕੜ੍ਹੀ ਚੋਲ। ਮੈ ਘਰੇ ਐਲਾਨ ਕਰ ਦਿੱਤਾ। ਕਈ ਹਫਤੇ ਇਹੀ ਰੂਟੀਨ ਰਿਹਾ। ਹੁਣ ਬਲਬੀਰ ਕੰਮ ਤੋ ਬਾਅਦ ਵੀ ਘਰੇ ਕੰਮ ਕਰਦਾ ਰਹਿੰਦਾ। ਮਿਸਤਰੀ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਬਲਬੀਰ ਦੇ ਕੰਮ ਨਾ ਮੁੱਕਦੇ। ਬੇਟੇ ਦੇ ਵਿਆਹ ਵਿੱਚ ਕੋਈ ਪੰਦਰਾਂ ਵੀਹ ਦਿਨ ਪਏ ਸਨ। ਰੰਗਰੋਗਨ ਤੇ ਲੱਕੜਵਾਲੇ ਮਿਸਤਰੀ ਕੰਮ ਨੂੰ ਤੇਜੀ ਨਾਲ ਨਿਪਟਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਬਲਬੀਰ ਤੂੰ ਇੱਥੇ ਹੀ ਰਿਹਾ ਕਰ ਵਿਆਹ ਤੱਕ, ਉਪਰਲੇ ਕੰਮ ਸੰਭਾਲ ਲਿਆ ਕਰ। ਅੱਜ ਤੋ ਤੂੰ ਮੈਨੇਜਰ ਹੋਇਆ ਘਰਦਾ। ਹੋਰ ਨਹੀ ਤਾਂ ਗੇਟ ਤੇ ਆਉੱਦੇ ਜਾਂਦੇ ਦੀ ਨਿਗ੍ਹਾ ਰੱਖਿਆ ਕਰ। ਲੇਬਰ ਨੂੰ ਚਾਹ ਪਾਣੀ ਪਿਆ ਦਿਆ ਕਰ। ਤੇਰੀ ਦਿਹਾੜੀ ਪੱਕੀ। ਮੈ ਉਸਦੀ ਇਮਾਨਦਾਰੀ ਤੇ ਕਾਬਲੀਅਤ ਵੇਖਕੇ ਕਿਹਾ।
ਚੰ ਚੰ ਚੰ ਚੰ ਚੰਗਾ ਬਾਊ। ਉਸਨੇ ਕਿਹਾ। ਉਹ ਥੋੜਾ ਅੱਟਕ ਕੇ ਬੋਲਦਾ ਸੀ ਤੇ ਜੀ ਕਹਿਣਾ ਕਿਸੇ ਨੇ ਸਿਖਾਇਆ ਹੀ ਨਹੀ ਸੀ ਉਸਨੂੰ।ਉਸਨੇ ਸਾਰਾ ਕੰਮ ਸੰਭਾਲ ਲਿਆ। ਉਪਰਲੇ ਕੰਮਾਂ ਤੋ ਮੁਕਤ ਕਰ ਦਿੱਤਾ ਮੈਨੂੰ। ਬਾਊ ਮੇਰੀ ਘਰਵਾਲੀ ਨੇ ਮੈਨੂੰ ਕੋਰਟਾਂ ਦੇ ਗਧੀਗੇੜ ਵਿੱਚ ਫਸਾ ਰੱਖਿਆ ਹੈ। ਨਿੱਤ ਦੀਆਂ ਤਰੀਕਾਂ ਮੈਨੂੰ ਸਾਂਹ ਨਹੀ ਲੈਣ ਦਿੰਦੀਆਂ। ਇੱਕ ਦਿਨ ਅੱਕੇ ਹੋਏ ਨੇ ਮੈਨੂੰ ਕਿਹਾ। ਉਹ ਪੈਸੇ ਭਾਲਦੀ ਹੈ। ਖਰਚਾ ਮੰਗਦੀ ਹੈ। ਫਿਰ ਵਕੀਲ ਨੇ ਆਪਣੀ ਸਿਆਣਪ ਨਾਲ ਕੁਝ ਕੁ ਪੈਸਿਆਂ ਨਾਲ ਉਸਦਾ ਛੁਟਕਾਰਾ ਕਰਵਾ ਦਿੱਤਾ। ਮੈ ਵੀ ਉਸਦਾ ਖਹਿੜਾ ਛਡਾਉਣ ਦੇ ਕੰਮ ਵਿੱਚ ਹਿੱਸਾ ਪਾਇਆ । ਬਲਬੀਰ, ਕਿਸੇ ਦਾ ਘਰ ਵਸਾਉਣ ਲਈ ਤਾਂ ਸਹਾਇਤਾ ਕਰਨੀ ਚਾਹੀਦੀ ਹੈ ਪਰ ਕਿਸੇ ਦਾ ਤਲਾਕ ਕਰਾਉਣ ਲਈ ਮਾਲੀ ਸਹਾਇਤਾ ਕਰਨ ਦਾ ਦੁੱਖ ਹੈ ਮੈਨੁੰ। ਮੈ ਦਿਲ ਦੀ ਗੱਲ ਕਹੀ। ਚਲ ਬਾਊ ਮੇਰੀ ਜਾਣ ਬੱਚ ਗਈ। ਨਹੀ ਤਾਂ ਉਸਨੇ ਮੈਨੂੰ ਮਾਰਕੇ ਟੋਹਿਆਂ ਵਿੱਚ ਦੱਬ ਦੇਣਾ ਸੀ। ਉਸ ਵਿੱਚ ਟੀਵੀ ਸੀਰੀਅਲ ਕਰਾਇਮ ਪਟਰੋਲ ਦਾ ਅਸਰ ਝਲਕ ਰਿਹਾ ਸੀ। ਸਾਡੇ ਵਿਆਹ ਦੇ ਫੰਕਸ਼ਨ ਤੋ ਬਾਦ ਵੀ ਸ਼ਾਮੀ ਬਲਬੀਰ ਸਾਡੇ ਘਰ ਆਉੱਦਾ ਸਰੀਰ ਦੀ ਮਾਲਿਸ਼ ਸਮੇਟ ਨਿੱਕੇ ਨਿੱਕੇ ਕੰਮ ਕਰਦਾ ਤੇ ਖੁਸ਼ ਰਹਿੰਦਾ।
ਬਾਊ ਆਹ ਪਜਾਮਾਂ ਬਦਲ ਲੈ। ਪੁਰਾਣਾ ਪਾ ਲੈ। ਭੈਣ ਜੀ ਗੁੱਸੇ ਹੋਣਗੇ। ਮਾਲਿਸ਼ ਸੁਰੂ ਕਰਨ ਤੌ ਪਹਿਲਾਂ ਬਲਬੀਰ ਅਕਸਰ ਹੀ ਮੈਨੂੰ ਕਹਿੰਦਾ। ਫਿਰ ਉਹ ਹਲਦੀ ਵਾਲਾ ਦੁੱਧ ਪੀਕੇ ਤੇ ਰੋਟੀ ਖਾਕੇ ਚੰਗਾ ਬਾਊ ਕਹਿਕੇ ਚਲਾ ਜਾਂਦਾ। ਜਿਸ ਦਿਨ ਉਹ ਦਿਹਾੜੀ ਤੇ ਨਾ ਜਾਂਦਾ ਤਾਂ ਅਸੀ ਉਸਦੀ ਸਿਹਤ ਨੂੰ ਲੈਕੇ ਫਿਕਰ ਕਰਦੇ। ਹੋਲੀ ਹੋਲੀ ਉਸਦੇ ਖਾਣਾ ਪਚਣੌ ਹੱਟ ਗਿਆ। ਕਈ ਡਾਕਟਰਾਂ ਨੂੰ ਵਿਖਾਇਆ ਪਰ ਬਹੁਤਾ ਫਰਕ ਨਾ ਪਿਆ। ਬਾਊ ਤੁਸੀ ਨੋਇਡਾ ਜਾਣਾ ਹੈ ਮੇਰਾ ਪਿੱਛੋ ਦਿਲ ਨਹੀ ਲੱਗਣਾ ਤਾਂ ਫਿਰ ਮੈ ਆਪਣੀ ਜ਼ੀਰੇ ਵਾਲੀ ਭੈਣ ਨੂੰ ਹੀ ਮਿਲ ਆਉਂਦਾ ਹਾਂ।ਉਸਦੀ ਸਿਆਣਪ ਤੇ ਭੈਣ ਪ੍ਰਤੀ ਪਿਆਰ ਦੇਖਕੇ ਮੈ ਉਸਨੂੰ ਪੰਜ ਸੋ ਦਾ ਨੋਟ ਦੇ ਦਿੱਤਾ। ਪਹਿਲਾ ਕਈ ਵਾਰੀ ਉਹ ਸਾਡੇ ਨਾਲ ਨੋਇਡਾ ਵੀ ਚਲਾ ਜਾਂਦਾ ਸੀ । ਉਹ ਸਾਡੇ ਨਾਲ ਮਾਲ ਵਿੱਚ ਘੁੰਮਦਾ, ਬਿਜਲੀ ਵਾਲੀਆ ਪੋੜੀਆਂ ਤੇ ਹੂਟੇ ਲੈਂਦਾ,ਵਿਸ਼ਕੀ ਨੂੰ ਸੰਭਾਲਦਾ। ਗੱਲ ਗੱਲ ਤੇ ਹਸਾਉਂਦਾ। ਕਈ ਦਿਨਾਂ ਬਾਆਦ ਉਹ ਇੱਕ ਦਿਨ ਫਿਰ ਮਿਲਣ ਆਇਆ ਉਸ ਦਿਨ ਮੇਰਾ ਜਨਮ ਦਿਨ ਸੀ ਸ਼ਾਇਦ । ਜਨਮ ਦਿਨ ਦੀ ਫਜੂਲ ਖਰਚੀ ਨਾ ਕਰਕੇ ਬੱਚਿਆਂ ਨੇ ਉਸਨੂੰ ਗਿਆਰਾਂ ਸੋ ਰੁਪਈਆਂ ਦੇ ਦਿੱਤਾ। ਬਾਊ ਮੈ ਬਹੁਤ ਔਖਾ ਹਾਂ। ਮੇਰੇ ਚਾਹ ਵੀ ਹਾਜਮ ਨਹੀ ਹੁੰਦੀ।ਕਈ ਦਿਨਾਂ ਬਾਦ ਉਸਨੇ ਮੋਬਾਇਲ ਤੇ ਮੈਨੂੰ ਆਪਣਾ ਦੁੱਖ ਰੋਇਆ। ਬਲਬੀਰ ਤੂੰ ਆਪਣਾ ਇਲਾਜ ਕਰਵਾ। ਕਿਸੇ ਨੂੰ ਭੇਜਦੇ ਇੱਥੇ ।ਮੈਥੋ ਪੈਸੇ ਲੈ ਜਾਏ। ਚੰਗਾ ਜੀ ਕਹਿਕੇ ਉਸ ਨੇ ਫੋਨ ਕੱਟ ਦਿੱਤਾ। ਦੋ ਘੰਟਿਆਂ ਬਾਦ ਹੀ ਜੈਤੋ ਤੋ ਉਸਦਾ ਬਾਪ ਪੈਸੇ ਲੈਣ ਆ ਗਿਆ। ਜੇ ਹੋਰ ਲੋੜ ਹੋਵੇ ਤਾਂ ਬੇਝਿਜਕ ਫਿਰ ਲੈ ਜਾਇਓ। ਕਹਿਕੇ ਮੈ ਉਸਦੇ ਬਾਪ ਦੀ ਮੁੱਠੀ ਵਿੱਚ ਪੰਜ ਹਜਾਰ ਦੇ ਨੋਟ ਰੱਖ ਦਿੱਤੇ। ਤੇ ਬੇਟੇ ਨੂੰ ਕਹਿਕੇ ਹਰ ਵਾਰ ਦੀ ਤਰਾਂ ਉਸਦਾ ਮੋਬਾਇਲ ਵੀ ਰੀਚਾਰਜ ਕਰਵਾ ਦਿੱਤਾ। ਪਹਿਲਾਂ ਵੀ ਜੇ ਉਸਦੇ ਫੋਨ ਵਿੱਚ ਪੈਸੇ ਮੁੱਕ ਜਾਂਦੇ ਤਾਂ ਮੈ ਰੀਚਾਰਜ ਕਰਵਾ ਦਿੰਦਾ ਸੀ। ਤੇ ਉਸ ਦਾ ਫੋਨ ਆਉਂਦਾ।ਉਹ ਸਭ ਦਾ ਹਾਲ ਪੁੱਛਦਾ। ਸਾਰੇ ਟੱਬਰ ਨੂੰ ਖੁਸ਼ੀ ਚੜ੍ਹ ਜਾਂਦੀ। ਪਰ ਹੁਣ ਤਾਂ ਉਹ ਆਪ ਹੀ ਚਲਾ ਗਿਆ। ਹੁਣ ਬਲਬੀਰ ਦਾ ਫੋਨ ਕਦੇ ਨਹੀ ਆਵੇਗਾ।
ਰਮੇਸ਼ ਸੇਠੀ ਬਾਦਲ
ਮੋ 98 766 27 233