ਜਦੋ ਮੇਰੀ ਮਾਂ ਨੇ ਮੇਰਾ ਝੂਠਾ ਪੱਖ ਲਿਆ
ਅੋਲਾਦ ਦਾ ਰਿਸ਼ਤਾ ਹੀ ਅਜਿਹਾ ਹੈ ਕਿ ਮਾਂ ਪਿਉ ਆਪਣੀ ਅੋਲਾਦ ਲਈ ਕੁਝ ਵੀ ਕਰ ਸਕਦੇ ਹਨ।ਮਾਂ ਪਿਉ ਆਪਣੇ ਬੱਚਿਆਂ ਲਈ ਵਿੱਕਣ ਤੱਕ ਜਾਂਦੇ ਹਨ। ਮਾਂ ਖੁੱਦ ਗਿੱਲੀ ਥਾਂ ਤੇ ਪੈਂਦੀ ਹੈ ਤੇ ਬੱਚੇ ਨੂੰ ਸੁੱਕੀ ਥਾਂ ਤੇ ਲਿਟਾਉਂਦੀ ਹੈ। ਅੋਲਾਦ ਦਾ ਮੋਹ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ। ਮਾਂ ਬਾਪ ਨੁੰ ਸਭ ਤੋ ਵੱਡੀ ਖੁਸ਼ੀ ਆਪਣੀ ਅੋਲਾਦ ਦੀਆਂ ਰੀਝਾਂ ਪੂਰੀਆਂ ਕਰਨ ਤੇ ਹੀ ਮਿਲਦੀ ਹੈ। ਤੇ ਉਹ ਹਰ ਸੰਭਵ ਯਤਨ ਕਰਦੇ ਹਨ ਕਿ ਉਹਨਾਂ ਦੀ ਅੋਲਾਦ ਕਿਸੇ ਚੀਜ ਦੀ ਥੁੜ ਮਹਿਸੂਸ ਨਾ ਕਰੇ।ਕਈ ਵਾਰੀ ਤਾਂ ਮਾਂ ਪਿਉ ਆਪਣੀ ਅੋਲਾਦ ਤੇ ਅੰਨ੍ਹਾ ਵਿਸ਼ਵਾਸ ਕਰ ਲੈਂਦੇ ਹਨ। ਤੇ ਬਾਦ ਵਿੱਚ ਮਾਂ ਪਿਉ ਨੂੰ ਪਛਤਾਉਣਾ ਪੈਂਦਾ ਹੈ।ਸਿਆਣੇ ਆਖਦੇ ਹਨ ਸੋਂਹ ਦੇਈਏ ਜੀਅ ਦੀ, ਪੁੱਤ ਦੀ ਨਾ ਧੀ ਦੀ। ਮਤਲਬ ਇਨਸਾਨ ਨੂੰ ਸਿਰਫ ਆਪਣੀ ਖੁੱਦ ਦੀ ਹੀ ਗਾਰੰਟੀ ਦੇਣੀ ਚਾਹੀਦੀ ਹੈ ਹੋਰ ਕਿਸੇ ਦੀ ਨਹੀ ਚਾਹੇ ਉਹ ਆਪਣਾ ਪੁੱਤ ਧੀ ਹੀ ਕਿਉ ਨਾ ਹੋਵੇ।
ਗੱਲ ਉਸ ਸਮੇ ਦੀ ਹੈ ਜਦੋ ਮੈ਼ ਚੋਥੀ ਜਾਂ ਪੰਜਵੀ ਜਮਾਤ ਵਿੱਚ ਪੜ੍ਹਦਾ ਸੀ। ਮੇਰੀ ਬੋਲ ਵਾਣੀ ਬਹੁਤ ਚੰਗੀ ਸੀ ਤੇ ਨਾ ਹੀ ਕਿਸੇ ਨਾਲ ਫਾਲਤੂ ਲੜਾਈ ਝਗੜਾ ਕਰਦਾ ਸੀ। ਹਰ ਇੱਕ ਨੂੰ ਤਕਰੀਬਨ ਮਿੱਠਾ ਤੇ ਅਦਬ ਨਾਲ ਬੋਲਦਾ ਸੀ। ਪਰ ਹਾਲਾਤ ਸਦਾ ਇੱਕੋ ਜਿਹੇ ਨਹੀ ਰਹਿੰਦੇ। ਤੇ ਕਦੇ ਕਦੇ ਇਨਸਾਨ ਕੋਲੋ ਗਲਤੀ ਹੋ ਜਾਂਦੀ ਹੈ। ਸਾਡੇ ਪਿੰਡ ਵਿੱਚ ਇੱਕ ਮਹਾਜਨ ਹੱਟੀ ਕਰਦਾ ਸੀ ਤੇ ਉਹ ਮੇਰੇ ਦਾਦਾ ਜੀ ਦੀ ਉਮਰ ਦਾ ਸੀ। ਤੇ ਮੈ ਉਸਨੂੰ ਬਾਬਾ ਹੀ ਆਖਦਾ ਸੀ। ਉਹਨਾ ਦੀ ਹੱਟੀ ਸਾਡੇ ਘਰ ਤੋ ਥੋੜੀ ਦੂਰੀ ਤੇ ਹੀ ਸੀ। ਉਸ ਹੱਟੀ ਤੋ ਅਸੀ ਅਕਸਰ ਚੂਰਨ ਦੀਆਂ ਪੁੜੀਆਂ, ਕਿਸਮਤ ਪੁੜੀਆਂ ਤੇ ਗੁਬਾਰੇ ਵਗੈਰਾ ਲੈਣ ਜਾਂਦੇ ਸੀ। ਕਿਉਕਿ ਅਜਿਹੀਆਂ ਚੀਜਾਂ ਮੇਰੇ ਦਾਦਾ ਜੀ ਆਪਣੀ ਹੱਟੀ ਤੇ ਨਹੀ ਸਨ ਰੱਖਦੇ। ਇੱਕ ਦਿਨ ਜਦੋ ਮੈ ਕੋਈ ਚੀਜ ਲੈਣ ਉਸਦੀ ਹੱਟੀ ਤੇ ਗਿਆ ਤਾਂ ਉਹ ਮੈਨੂੰ ਕੌੜਾ ਬੋਲਿਆ ਤੇ ਹੋਰ ਮੰਗਣ ਤੇ ਉਸਨੇ ਮੈਨੂੰ ਝਿੜਕ ਵੀ ਦਿੱਤਾ।ਮੇਰੇ ਯਾਰ ਬੇਲੀ ਵੀ ਮੇਰੇ ਨਾਲ ਸਨ। ਹੱਟੀ ਤੋ ਬਾਹਰ ਨਿੱਕਲਦਿਆਂ ਨੇ ਹੀ ਮੈ ਆਪਣੀ ਸੁਹਬਤ ਦਾ ਰੰਗ ਵਿਖਾ ਦਿੱਤਾ ਤੇ ਸਾਲਾ ਕਰਿਆੜ ਆਖਕੇ ਇੱਕ ਭੈਣ ਦੀ ਗਾਲ੍ਹ ਵੀ ਜੜ੍ਹ ਦਿੱਤੀ। ਮਾੜੀ ਕਿਸਮਤ ਨੂੰ ਸੇਠ ਨੇ ਮੇਰੀ ਅਵਾਜ ਸੁਣ ਲਈ। ਫਿਰ ਕੀ ਸੀ ਤੇ ਉਹ ਗਾਹਕਾਂ ਨੂੰ ਵਿਚਾਲੇ ਛੱਡ ਕੇ ਹੀ ਬਾਹਰ ਆ ਗਿਆ ਤੇ ਤੜਾਅ ਤੜਾਅ ਕਰਕੇ ਮੇਰੇ ਤਿੰਨ ਚਾਰ ਠੋਕ ਦਿੱਤੀਆਂ। ਇੱਕ ਦਮ ਹੋਈ ਭਿਆਨਕ ਪ੍ਰਤੀਕ੍ਰਿਰਿਆ ਨਾਲ ਮੈ ਸੁੰਨ ਜਿਹਾ ਹੋ ਗਿਆ। ਮੈਂ ਬਹੁਤ ਡਰ ਗਿਆ । ਘਰੇ ਜਾਕੇ ਮੈ ਮੇਰੀ ਮਾਂ ਨੂੰ ਵੀ ਨਹੀ ਦੱਸਿਆ ਕਿਉਕਿ ਮੈਨੁੰ ਡਰ ਸੀ ਕਿ ਜੇ ਮੈ ਦੱਸਿਆਂ ਤਾਂ ਮਾਂ ਨੇ ਹੋਰ ਕੁੱਟਣਾ ਹੈ। ਪਰ ਮਾਂ ਤੇ ਮਾਂ ਹੀ ਹੁੰਦੀ ਹੈ ਨਾ । ਉਸ ਨੇ ਮੇਰੀਆਂ ਗੱਲ੍ਹਾਂ ਤੇ ਛਪੇ ਪੰਜੇ ਦੇ ਨਿਸ਼ਾਨ ਦੇਖ ਲਏ ਅਤੇ ਪੁਛ ਗਿੱਛ ਸੁਰੂ ਕਰ ਦਿੱਤੀੇ ਪਹਿਲੋ ਪਹਿਲ ਤਾਂ ਮੈ ਪੈਰਾਂ ਤੇ ਪਾਣੀ ਹੀ ਨਾ ਪੈਣ ਦਿੱਤਾ ।ਆਖਿਰ ਮੇਰੀ ਮਾਂ ਨੇ ਮੈਥੋ ਸੱਚ ਉਗਲਵਾ ਲਿਆ। ਪਰ ਗਾਲ੍ਹ ਆਲੀ ਗੱਲ ਨੂੰ ਮੈ ਵਿੱਚੇ ਹੀ ਦੱਬ ਗਿਆ ।ਤੇ ਆਪਣੇ ਆਪ ਨੂੰ ਬੇਕਸੂਰ ਹੋਣ ਦਾ ਨਾਟਕ ਕੀਤਾ। ਜਿਸ ਤੇ ਮੇਰੀ ਮਾਂ ਨੇ ਅੱਖਾਂ ਮੀਟ ਕੇ ਯਕੀਨ ਕਰ ਲਿਆ। ਉਸ ਦੀਆਂ ਨਜਰਾਂ ਵਿੱਚ ਮੇਰਾ ਕੋਈ ਕਸੂਰ ਨਾ ਹੋਣ ਕਰਕੇ ਉਹ ਆਪਣੀ ਉਮਰ ਤੋ ਦੁਗਣੇ ਤੇ ਰਿਸ਼ਤੇ ਵਿੱਚ ਸੋਹਰਾ ਲੱਗਦੇ ਉਸ ਬਜੁਰਗ ਨਾਲ ਭਿੜ ਗਈ। ਉਸ ਬਾਬੇ ਨੇ ਬਹੁਤ ਕਿਹਾ ਕਿ ਇਸਨੇ ਮੈਨੂੰ ਗਾਲ੍ਹ ਕੱਢੀ ਸੀ ਤੇ ਤਾਂਹੀਓ ਮੈ ਇਸਨੂੰ ਮਾਰਿਆ ਹੈ। ਪਰ ਮੇਰੀ ਮਾਂ ਕਹਿੰਦੀ ਮੇਰਾ ਮੁੰਡਾ ਯਾਨਿ ਮੈ ਝੂਠ ਨਹੀ ਬੋਲਦਾ ਤੇ ਕਿਸੇ ਨੂੰ ਗਾਲ੍ਹ ਕੱਢਣ ਦਾ ਤਾਂ ਉਹ ਸੋਚ ਵੀ ਨਹੀ ਸਕਦੀ। ਖੈਰ ਉਸ ਬਾਬੇ ਦੀ ਚੰਗੀ ਲਾਹ ਪਾਹ ਕੀਤੀ ਤੇ ਅਸੀ ਘਰੇ ਆ ਗਏ। ਮੈਨੂੰ ਮੇਰੀ ਕੀਤੀ ਤੇ ਬਹੁਤ ਪਛਤਾਵਾ ਸੀ। ਹੁਣ ਸੱਚ ਬੋਲਣ ਦਾ ਹੀਆ ਵੀ ਨਹੀ ਸੀ ਤੇ ਮੇਰਾ ਬੋਲਿਆ ਝੂਠ ਮੈਨੁੰ ਟਿਕਣ ਵੀ ਨਹੀ ਸੀ ਦੇ ਰਿਹਾ। ਸ਼ਾਮ ਤੱਕ ਮੈ ਗੁੰਮ ਸੁ਼ੰਮ ਜਿਹਾ ਰਿਹਾ। ਮੇਰੀ ਮਾਂ ਨੇ ਸੋਚਿਆ ਕਿ ਸਾਇਦ ਮੇਰੇ ਤੇ ਉਸ ਕੁੱਟ ਦਾ ਅਸਰ ਹੈ ਤੇ ਮੈ ਉਸੇ ਸਦਮੇ ਵਿੱਚ ਹਾਂ। ਰਾਤ ਨੂੰ ਜਦੋਂ ਮੈ ਰੋਟੀ ਨਾ ਖਾਧੀ ਤਾਂ ਮੇਰੀ ਮਾਂ ਨੇ ਮੈਨੂੰ ਵਲਚਾਉਣ ਦੀ ਪੂਰੀ ਕੋਸਿ਼ਸ ਕੀਤੀ। ਪਰ ਮੇਰੇ ਅੰਦਰਲਾ ਚੋਰ ਮੈਨੁੰ ਪ੍ਰੇਸ਼ਾਨ ਕਰ ਰਿਹਾ ਸੀ। ਆਖਿਰ ਜਦੋ ਮੈ ਰੋ ਰੋ ਕੇ ਆਪਣੀ ਗਲਤੀ ਬਾਰੇ ਮੇਰੀ ਮਾਂ ਨੂੰ ਦੱਸਿਆ ਤਾਂ ਉਹ ਇਕ ਦਮ ਗੁੱਸੇ ਵਿੱਚ ਭਰ ਗਈ ਤੇ ਮੇਰੀ ਖੂਬ ਮੁਰੰਮਤ ਕੀਤੀ। ਮੈਨੂੰ ਕੁੱਟ ਕੇ ਫਿਰ ਉਹ ਆਪ ਰੋਣ ਲੱਗ ਪਈ। ਤੇ ਆਪਣੇ ਆਪ ਨੂੰ ਕੋਸਣ ਲੱਗੀ ਕਿ ਉਸ ਨੇ ਮੇਰੇ ਵਰਗੀ ਝੂਠੀ ਅੋਲਾਦ ਤੇ ਅੰਨ੍ਹਾ ਯਕੀਨ ਕਿਉਂ ਕੀਤਾ। ਮਾਂ ਨੂੰ ਰੋਂਦੀ ਵੇਖਕੇ ਮੈਨੂੰ ਹੋਰ ਵੀ ਪਛਤਾਵਾ ਤੇ ਦੁੱਖ ਹੋਇਆ । ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਉਸ ਦਿਨ ਮੈਨੂੰ ਮੇਰੀ ਮਾਂ ਇੱਕ ਦੇਵਤੇ ਤੋ ਵੀ ਵੱਡੀ ਲੱਗੀ। ਉਸਦਾ ਉਹ ਅਕਸ ਅਜੇ ਵੀ ਮੇਰੇ ਦਿਲ ਵਿੱਚ ਉੱਕਰਿਆ ਹੋਇਆ ਹੈ।