ਅੱਜ ਦੀ ਇਸ ਕੜ੍ਹੀ ਵਿੱਚ ਸਵਾ ਪੰਜ ਵਜੇ ਤੱਕ ਉਡੀਕਣ ਤੋਂ ਬਾਅਦ ਕੌਫੀ ਸਿਰਫ ਭੁਜੀਏ ਬਦਾਨੇ ਨਾਲ ਪੀਣ ਦਾ ਫੈਸਲਾ ਕੀਤਾ। ਹੁਣ ਅਗਲਾ ਫੋਨ ਕਰ ਤਾਂ ਦਿੰਦਾ ਹੈ ਐਂਕਲ ਜੀ ਕੌਫੀ ਪੀਣ ਨੂੰ ਦਿਲ ਕਰਦਾ ਹੈ। ਚੰਗਾ ਸੰਡੇ ਨੂੰ ਪੱਕਾ, ਨਹੀਂ ਛੱਬੀ ਜਨਵਰੀ ਦੀ ਛੁੱਟੀ ਹੈ। ਤੁਹਾਡੇ ਨਾਲ ਕੌਫੀ ਪੀਣ ਦਾ ਨਜ਼ਾਰਾ ਹੀ ਵੱਖਰਾ ਹੈ ਵਗੈਰਾ ਵਗੈਰਾ। ਸੋ ਅੱਜ ਦੀ ਕੌਫੀ ਵਿਦ #ਭੂਜਿਆ_ਬਦਾਨਾ।
ਮੈਨੂੰ ਚੰਗੀ ਤਰਾਂ ਯਾਦ ਹੈ ਸੱਤਵੀ ਜਮਾਤ ਚੋ ਪਾਸ ਹੋਣ ਦੀ ਖੁਸ਼ੀ ਵਿਚ ਮੈਂ ਮੇਰੇ ਇੱਕ ਬੇਲੀ ਨੂੰ ਭੁਜੀਏ ਬਦਾਨੇ ਨਾਲ ਟੀਂ ਪਾਰਟੀ ਦਿੱਤੀ ਸੀ। ਉਹਨਾਂ ਦਿਨਾਂ ਵਿੱਚ ਸ਼ਹਿਰ ਸੋਦਾ ਪੱਤਾ ਲੈਣ ਆਇਆ ਹਰ ਪੈਂਡੂ ਕਿਸੇ ਚਾਹਵਾਲੀ ਦੁਕਾਨ ਤੋਂ ਭੁਜੀਏ ਬਦਾਨੇ ਨਾਲ ਖੰਡ ਦੀ ਚਾਹ ਪੀਣ ਨੂੰ ਆਪਣੀ ਸ਼ਾਨ ਸਮਝਦਾ ਸੀ। 1975 ਵਿਚ ਸਾਡੀ ਦਸਵੀਂ ਦੀ ਵਿਦਾਇਗੀ ਪਾਰਟੀ ਵੇਲੇ ਸਾਨੂੰ ਇੱਕ ਪੀਸ ਬਰਫੀ ਇੱਕ ਸਮੋਸਾ ਤੇ ਪੇਪਰ ਪਲੇਟ ਵਿੱਚ ਭੁਜੀਆ ਬਦਾਨਾ ਹੀ ਦਿੱਤਾ ਸੀ।
ਚਾਹੇ ਜ਼ਮਾਨਾ ਕਿਤੇ ਵੀ ਪਹੁੰਚ ਗਿਆ। ਅੱਜ ਵੀ ਗੁਰਪੁਰਵ ਤੇ ਕਢੀਆਂ ਜਾਣ ਵਾਲੀਆਂ ਪ੍ਰਭਾਤ ਫੇਰੀਆਂ ਵਿੱਚ ਭੁਜੀਆ ਬਦਾਨਾ ਹੀ ਪ੍ਰਧਾਨ ਹੁੰਦਾ ਹੈ। ਹਰ ਇੱਕ ਨੂੰ ਚਾਹ ਦੇ ਕੱਪ ਨਾਲ ਇੱਕ ਇੱਕ ਲਿਫਾਫਾ ਭੂਜੀਏ ਬਦਾਨੇ ਦਾ ਵੀ ਦਿੱਤਾ ਜਾਂਦਾ ਹੈ। ਭਾਵੇਂ ਬਹੁਤੇ ਚਾਹ ਨਾਲ ਇੱਕ ਲਿਫਾਫਾ ਨਿਬੇੜ ਕੇ ਇੱਕ ਲਿਫਾਫਾ ਘਰ ਲਈ ਵੀ ਲ਼ੈ ਲੈਂਦੇ ਹਨ। ਪਰ ਮੇਰੇ ਵਰਗਾ ਚਾਹ ਨਾ ਪੀਣ ਵਾਲਾ ਜਦੋ ਦੱਸ ਦਿੰਦਾ ਹੈ ਕਿ ਮੈਂ ਚਾਹ ਨਹੀਂ ਪੀਂਦਾ ਤਾਂ ਅਗਲਾ ਭੂਜੀਏ ਬਦਾਨੇ ਦਾ ਲਿਫਾਫਾ ਦੇਣਾ ਵੀ ਮੁਨਾਸਿਬ ਨਹੀਂ ਸਮਝਦਾ। ਮਾਤਾ ਦੇ ਜਗਰਾਤੇ ਵੇਲੇ ਵੀ ਭੂਜੀਏ ਬਦਾਨੇ ਦਾ ਨਾਮ ਚਲਦਾ ਹੈ ਤੇ ਕਈ ਮੇਰੇ ਵਰਗੇ ਚਾਹ ਤੇ ਭੂਜੀਏ ਬਦਾਨੇ ਦੇ ਲਾਲਚ ਵਿੱਚ ਰਾਤੀਂ ਇੱਕ ਵਜੇ ਤੱਕ ਬੈਠੇ ਰਹਿੰਦੇ ਹਨ। ਤੇ ਚਾਹ ਨਾਲ ਭੂਜੀਏ ਬਦਾਨਾ ਨਿਬੇੜ ਕੇ ਘਰੇ ਪਰਤਦੇ ਹਨ।
ਉਂਜ ਕੁਝ ਵੀ ਕਹੋ ਜਿਸ ਦਿਨ ਭੁਜੀਏ ਬਦਾਨੇ ਨਾਲ ਕੌਫੀ ਪੀਂਦਾ ਹਾਂ ਤਾਂ ਚੀਜ਼ ਚਿੱਲੀ ਨਾਲੋਂ ਬਾਹਲਾ ਸਵਾਦ ਆਉਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ