ਸਾਡੇ ਨੌਵੀਂ ਦੇ ਪੇਪਰ ਬੋਰਡ ਦੇ ਸਨ। ਤੇ ਸੈਂਟਰ ਸਰਕਾਰੀ ਸਕੂਲ ਲੰਬੀ ਬਣਿਆ ਸੀ। ਪੇਪਰ ਵੀ ਸੁਖ ਨਾਲ ਸ਼ਾਮ ਨੂੰ ਹੁੰਦਾ ਸੀ। ਸਵੇਰ ਵਾਲੇ ਪੇਪਰ ਤੋਂ ਸ਼ਾਮ ਵਾਲੇ ਪੇਪਰ ਦਾ ਅੰਦਾਜ਼ਾ ਲਾ ਕੇ ਫਟਾਫਟ ਤਿਆਰੀ ਕਰਦੇ। ਮੇਰੇ ਦੋਸਤਾਂ ਵਿੱਚ ਹਾੱਕੂ ਆਲੇ ਵਾਲਾ ਬਲਜਿੰਦਰ ਹੁੰਦਾ ਸੀ। ਉਸਦੇ ਸਾਡੇ ਪਿੰਡ ਉਸਦੇ ਨਾਨਕੇ ਸਨ। ਉਹ ਬਾਬੇ ਸੰਪੂਰਨ ਦਾ ਦੋਹਤਾ ਸੀ। ਸਾਡੀ ਦੋਸਤੀ ਦਾ ਮੁੱਦਾ ਹੋਰ ਹੀ ਸੀ। ਬਸ ਸਾਡੇ ਦੋਹਾਂ ਕੋਲ ਮੋਟਰਸਾਈਕਲ ਸੀ। ਉਸਦਿਨ ਸਾਡਾ ਹਿਸਾਬ ਦਾ ਪੇਪਰ ਸੀ। ਪਰ ਪਤਾ ਨਹੀਂ ਕਿਉਂ ਮੈਨੂੰ ਸਿਰ ਦਰਦ ਦਾ ਅਹਿਸਾਸ ਹੋਇਆ। ਤੇ ਬਲਜਿੰਦਰ ਨੇ ਮੈਨੂੰ ਬਾਜਰੇ ਦੇ ਦਾਣੇ ਜਿੰਨੀ ਕਾਲੀ ਨਾਗਣੀ ਦੇ ਦਿੱਤੀ ਖਾਣ ਨੂੰ। ਉਸਨੇ ਦੱਸਿਆ ਕਿ ਉਹ ਰੋਜ਼ ਹੀ ਇੰਨੀ ਕੁ ਖਾਂਦਾ ਹੈ। ਡਰਦੇ ਡਰਦੇ ਨੇ ਮੈਂ ਉਸਦੀ ਗੱਲ ਮੰਨ ਲਈ। ਦੋ ਵਜੇ ਸਾਡਾ ਪੇਪਰ ਸ਼ੁਰੂ ਹੋ ਗਿਆ। ਅਜੇ ਇੱਕ ਸਵਾਲ ਹੀ ਕੀਤਾ ਸੀ। ਨਾਗਣੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ।ਮੈਂ ਵਰਾਂਡੇ ਦੀ ਛੱਤ ਦੀਆਂ ਕੜੀਆਂ ਗਿਣਨ ਲਗਿਆ। ਕਦੇ ਉਹ ਸਤਾਈ ਹੋਇਆ ਕਰਨ ਤੇ ਕਦੇ ਉਨੱਤੀ। ਮੈਂ ਇਸੇ ਘੁੰਮਣ ਘੇਰੀ ਵਿੱਚ ਉਲਝਿਆ ਰਿਹਾ। ਪੇਪਰ ਅਤੇ ਸਮੇਂ ਦੀ ਕੋਈ ਚਿੰਤਾ ਨਹੀਂ ਸੀ। ਹਾਫ ਟਾਈਮ ਇਜ ਓਵਰ। ਦੀ ਸੂਚਨਾ ਨੇ ਮੇਰੀ ਬਿਰਤੀ ਭੰਗ ਕੀਤੀ। ਅੱਧਾ ਸਮਾਂ ਗੁਜਰ ਗਿਆ ਸੀ ਤੇ ਮੈਂ ਸਿਰਫ ਇੱਕ ਸਵਾਲ ਹੀ ਕੀਤਾ ਸੀ। ਫਟਾਫਟ ਮੈਂ ਪੇਪਰ ਸ਼ੁਰੂ ਕੀਤਾ। ਪੰਜ ਵਜੇ ਤੱਕ ਮਸਾ ਪੇਪਰ ਪੁਰਾ ਕੀਤਾ। ਚਾਹੇ ਮੈਂ ਪੇਪਰ ਚੋੰ ਪਾਸ ਹੋ ਗਿਆ। ਪਰ ਨਤੀਜਾ ਆਉਣ ਤੱਕ ਮੇਰੀ ਚਿੰਤਾ ਬਰਕਰਾਰ ਰਹੀ। ਅਫੀਮ ਵਾਲੀ ਗੱਲ ਮੈਂ ਘਰੇ ਵੀ ਨਹੀਂ ਦੱਸੀ।ਨਹੀਂ ਤਾਂ ਨਤੀਜਾ ਚੰਗਾ ਮਾੜਾ ਬਾਦ ਵਿੱਚ ਆਉਂਦਾ ਮੇਰੀ ਰੇਲ ਬਣ ਜਾਣੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ