ਗਲ 1985-86 ਦੀ ਹੈ ਮੇਰੇ ਛੋਟੇ ਮਜੀਠੀਏ ਦਾ ਵਿਆਹ ਸੀ। ਓਥੇ ਕਈ ਰਿਸ਼ਤੇਦਾਰ ਬੇਸੁਰਾ ਜਿਹਾ ਨਚੀ ਜਾਣ. ਆਖੇ ਜੀਜਾ ਤੁਸੀਂ ਨੋਟ ਵਾਰੋ। ਭਾਈ ਮੈ ਜੀਜਾ ਪੁਣੇ ਚ ਆਏ ਨੇ 50-60 ਇਕ ਇਕ ਰੁਪੈ ਦੇ ਨੋਟ ਓਹਨਾ ਨਚਦਿਆਂ ਉੱਤੋ ਵਾਰ ਦਿੱਤੇ। ਬਹੁਤ ਦਿਲ ਜਿਹਾ ਦੁਖਿਆ। ਸੀ ਤਾਂ ਫਜੂਲ ਖਰਚੀ ਤੇ ਫੁਕਰਾਪਣ। ਪਰ ਮਜਬੂਰੀ ਵੀ ਸੀ। ਵਾਪਿਸੀ ਵੇਲੇ ਬਠਿੰਡੇ ਆ ਕੇ ਬਹੁਤ ਪਿਆਸ ਲੱਗੀ। ਇਕ ਢਾਬੇ ਤੇ ਕਰ ਰੋਕਕੇ ਪਾਣੀ ਮੰਗਿਆ। ਇਕ 12-13 ਸਾਲ ਦਾ ਮੁੰਡੂ ਜਿਹਾ ਪਾਣੀ ਦਾ ਜੱਗ ਭਰ ਲਿਆਇਆ। ਪਾਣੀ ਗਰਮ ਜਿਹਾ ਸੀ ਕਿਉਂਕਿ ਮਈ ਜੂਨ ਵਿਚ ਠੰਡਾ ਪਾਣੀ ਅੰਮ੍ਰਿਤ ਲਗਦਾ ਹੈ।
“ਇਸ ਪਾਣੀ ਵਿਚ ਥੋੜੀ ਜੀ ਬਰਫ਼ ਪਾ ਲਿਆ।” ਮੈਂ ਮੁੰਡੂ ਨੂੰ ਕਿਹਾ। ਓਦੋ ਆਹ ਬਿਸਲੇਰੀ ਦਾ ਜਮਾਨਾ ਨਹੀ ਸੀ। ਉਸਨੇ ਠੰਡਾ ਪਾਣੀ ਪਿਲਾਇਆ ਰੂਹ ਤ੍ਰਿਪਤ ਹੋ ਗਈ। ਮੈ ਕੁੜਤੇ ਦੀ ਜੇਬ ਵਿਚ ਹੱਥ ਮਾਰਿਆ ਦੋ ਇਕ ਇਕ ਦੇ ਨੋਟ ਕਰਾਰੇ ਕਰਾਰੇ ਮਿਲ ਗਏ। ਮੈ ਉਸ ਨੂੰ ਓਹ ਦੋ ਰੁਪੈ ਦੇ ਦਿੱਤੇ। ਓਹ ਲੈ ਨਹੀ ਸੀ ਰਿਹਾ ਸੋ ਮੈ ਜਬਰੀ ਦੇ ਦਿੱਤੇ। ਉਸ ਨੂੰ ਯਕੀਨ ਨਾ ਆਵੇ ਕਿ ਪਾਣੀ ਪਿਲਾਉਣ ਦੇ ਵੀ ਕੋਈ ਪੈਸੇ ਦਿੰਦਾ ਹੈ। ਕਿਉਂਕਿ ਜਿਆਦਾ ਤਰ ਸਾਡੇ ਲੋਕ ਹੋਸ਼ੇਪਣ ਵਿੱਚ ਇਹਨਾਂ ਮਜਬੂਰ ਮੁੰਡਿਆਂ ਨੂੰ ਗਾਹਲਾਂ ਕੱਢਦੇ ਹਾਂ। ਜਿਨਾ ਸਕੂਨ ਤੇ ਖੁਸ਼ੀ ਮੈ ਉਸ ਮੁੰਡੂ ਦੇ ਚੇਹਰੇ ਤੇ ਦੇਖੀ ਮੇਰੇ ਓਹ ਸੀਨ ਅਜੇ ਤੱਕ ਯਾਦ ਹੈ। ਅਸੀਂ ਨੋਟ ਵਾਰਨ ਦੇ ਫੁਕਰੇਪਣ ਤੋ ਹੱਟਕੇ ਕਿਰਤੀ ਤੇ ਮਜਦੂਰ ਲੋਕਾਂ ਨੂੰ ਪੂਰਾ ਮੇਹਨਤਾਨਾ ਦੇਕੇ ਜਿਆਦਾ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ