ਉਧਾਰਾ ਪਿਆਰ | udhaara pyar

ਫੇਸਬੁੱਕ ਤੇ ਅੱਜ ਕੱਲ ਦੋਸਤ ਬਣਾਉਣ ਦਾ ਜਿਵੇਂ ਰਿਵਾਜ ਈ ਚੱਲ ਪਿਆ ਐ। ਏਦਾਂ ਈ ਮੇਰੀ ਵੀ ਇੱਕ ਫੇਸਬੁੱਕ ਦੋਸਤ ਐ।
ਉਹ ਅਕਸਰ ਈ ਗੱਲਾਂ ਕਰਦੇ ਕਰਦੇ ਇਮੋਸ਼ਨਲ ਹੋ ਜਾਂਦੀ ਐ ।ਮੈਂ ਉਸ ਨੂੰ ਇੱਕ ਦਿਨ ਕਿਹਾ ਕਿ ਬਲਜੀਤ ਤੁਸੀਂ ਛੋਟੀ ਛੋਟੀ ਗੱਲ ਤੇ ਇਮੋਸ਼ਨਲ ਹੋ ਜਾਂਦੇ ਓ ਤਾਂ ਕਹਿਣ ਲੱਗੀ ਜਸ ਵੀ ਏਦਾਂ ਈ ਕਹਿੰਦੇ ਨੇ। ਮੈਂ ਕਿਹਾ ਜਸ ਕੌਣ ਤੁਹਾਡੇ ਪਤੀ। ਕਹਿੰਦੀ ਨਹੀਂ ਉਹ ਵੀ ਤੁਹਾਡੇ ਤਰ੍ਹਾਂ ਮੇਰੇ ਦੋਸਤ ਨੇ।
ਉਹ ਕਹਿਣ ਲੱਗੀ ਮੈ ਮੇਰੇ ਪਤੀ ਨਾਲ ਲੜਦਿਆਂ ਝਗੜਦਿਆਂ ਅੱਧੀ ਉਮਰ ਲੰਘਾ ਦਿੱਤੀ ।ਮੈ ਮੇਰੇ ਪਤੀ ਨੂੰ ਪਸੰਦ ਨਹੀਂ। ਘਰਦਿਆਂ ਦੀ ਮਰਜ਼ੀ ਨਾਲ ਵਿਆਹ ਹੋਇਆ ਐ। ਮੇਰੇ ਪਤੀ ਨੂੰ ਕੋਈ ਹੋਰ ਕੁੜੀ ਪਸੰਦ ਸੀ। ਪਰ ਘਰਦਿਆਂ ਨੇ ਜ਼ਬਰਦਸਤੀ ਮੇਰੇ ਨਾਲ ਵਿਆਹ ਕਰ ਦਿੱਤਾ।
ਹਰ ਰੋਜ਼ ਘਰ ਵਿੱਚ ਕਿਸੇ ਨਾ ਕਿਸੇ ਬਹਾਨੇ ਕਲ਼ੇਸ਼ ਛਿੜਿਆ ਰਹਿੰਦੈ। ਮੇਰੀ ਮਾਂ ਜਦ ਜਿਉਂਦੀ ਸੀ ਤਾਂ ਕਹਿ ਦਿੰਦੀ ਸੀ। ਬੱਚਿਆਂ ਨੂੰ ਲੈ ਕੇ ਸਾਡੇ ਕੋਲ ਆ ਜਾ।ਪਰ ਮੈਨੂੰ ਪਤਾ ਸੀ ਕਿ ਜੇ ਮੈਂ ਪੇਕੇ ਚਲੀ ਗਈ ਤਾਂ ਮੇਰੇ ਪਤੀ ਨੇ ਹੋਰ ਵਿਆਹ ਕਰਵਾ ਲੈਣਾ ਐ ਤੇ ਤੁਹਾਨੂੰ ਪਤੈ ਟੁੱਟੇ ਪਰਿਵਾਰ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਐ ।ਇਸ ਕਰਕੇ ਮੈਂ ਆਪਣੇ ਪਤੀ ਨਾਲ ਲੜ ਝਗੜ ਕੇ ਟਾਈਮ ਪਾਸ ਕਰ ਰਹੀ ਆਂ।
ਕਈ ਵਾਰ ਇਨਸਾਨ ਜਦੋਂ ਇਕੱਲਤਾ ਮਹਿਸੂਸ ਕਰਦਾ ਐ ਤਾਂ ਉਹ ਇਮੋਸ਼ਨਲ ਸਪੋਟ ਦੀ ਜ਼ਰੂਰਤ ਮਹਿਸੂਸ ਕਰਦਾ ਐ। ਉਸਨੇ ਦੱਸਿਆ ਕਿ ਮੇਰੀ ਮਾਂ ਬਿਮਾਰ ਸੀ ਮੈਂ ਆਪਣੇ ਪਤੀ ਤੋਂ ਪੇਕੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਮਨ੍ਹਾ ਕਰ ਦਿੱਤਾ। ਰੋਂਦੀ ਨੇ ਸਾਰਾ ਦਿਨ ਕੱਢ ਲਿਆ ਸ਼ਾਮ ਨੂੰ ਵੱਡੀ ਭੈਣ ਦਾ ਫੋਨ ਆਇਆ ਕਿ ਮਾਂ ਜ਼ਿਆਦਾ ਬਿਮਾਰ ਐ ਤੈਨੂੰ ਯਾਦ ਕਰਦੀ ਐ। ਅੱਜ ਸਵੇਰੇ ਤਾਂ ਇਸ ਗੱਲ ਪਿੱਛੇ ਲੜਾਈ ਹੋਈ ਸੀ ਮੈਂ ਭੈਣ ਨੂੰ ਕਿਵੇਂ ਦੱਸਦੀ ਕਿ ਮੈਨੂੰ ਆਉਣ ਨਹੀਂ ਦਿੱਤਾ।
ਜਿਵੇਂ ਰੋਂਦੀ ਨੇ ਦਿਨ ਕੱਢਿਆ ਓਵੇਂ ਰਾਤ ਵੀ ਰੋਂਦੀ ਦੀ ਨਿੱਕਲੀ‌। ਅਗਲੇ ਦਿਨ ਸਵੇਰੇ ਸੱਤ ਵਜੇ ਵੱਡੀ ਭੈਣ ਦਾ ਫੋਨ ਮੇਰੇ ਪਤੀ ਕੋਲ ਆ ਗਿਆ ਕਿ ਮਾਂ ਮਰ ਗਈ ਐ ਤੇ
ਨਾਲ ਈ ਮੇਰੇ ਨਾਲ ਗੱਲ ਕਰਵਾਉਣ ਲਈ ਕਿਹਾ। ਮੇਰੇ ਪਤੀ ਨੇ ਮੈਨੂੰ ਫੋਨ ਫੜਾਉਂਦਿਆਂ ਕਿਹਾ ਕਿ ਕਹਿ ਦੇ ਸਾਡੇ ਤੋਂ ਆਇਆ ਨਹੀਂ ਜਾਂਦਾ। ਮੈਨੂੰ ਜਦ ਭੈਣ ਨੇ ਮਾਂ ਦਾ ਦੱਸਿਆ ਤਾਂ ਮੇਰੀਆਂ ਉੱਚੀ ਉੱਚੀ ਭੁੱਬਾਂ ਨਿਕਲ ਗਈਆਂ। ਮੈਂ ਫੋਨ ਕੱਟ ਕੇ ਮੇਰੇ ਪਤੀ ਨੂੰ ਹੱਥ ਬੰਨ੍ਹ ਕੇ ਕਿਹਾ ਕਿ ਮੈਨੂੰ ਜਾਣ ਦਿਓ। ਮੇਰੇ ਪਤੀ ਨੇ ਕਿਰਾਏ ਜੋਗੇ ਪੈਸੇ ਮੇਰੇ ਮੂਹਰੇ ਸੁੱਟਦਿਆਂ ਕਿਹਾ ਕਿ ਚਲੀ ਜਾਹ ਮੇਰੇ ਤੋਂ ਨਹੀਂ ਜਾਇਆ ਜਾਂਦਾ।
ਮੈਂ ਬੈਗ ਵਿੱਚ ਆਪਣਾ ਇੱਕ ਸੂਟ ਪਾਇਆ ਤੇ ਪਟਿਆਲੇ ਨੂੰ ਤੁਰ ਪਈ। ਬੱਸ ਵਿੱਚ ਮੇਰੇ ਨਾਲਦੀ ਸੀਟ ਤੇ ਬੈਠੇ ਇੱਕ ਮਰਦ ਨੇ ਪੁੱਛਿਆ ਕਿ ਕਿਥੇ ਜਾਣਾ ਐ ਮੈਂ ਪਟਿਆਲੇ ਦੱਸਿਆ ਉਹ ਕਹਿੰਦਾ ਮੈਂ ਵੀ ਉਥੇ ਈ ਜਾਣੈ। ਉਸਨੇ ਆਪਣਾ ਨਾਮ ਜਸ ਦੱਸਿਆ ਤੇ ਮੈਨੂੰ ਮੇਰਾ ਨਾਮ ਪੁੱਛਿਆ । ਪੂਰੇ ਰਸਤੇ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਤੇ ਉਤਰਨ ਵੇਲੇ ਉਸ ਨੇ ਮੇਰੇ ਤੋਂ ਮੇਰਾ ਨੰਬਰ ਲੈ ਲਿਆ।
ਤਿੰਨ ਚਾਰ ਦਿਨ ਬਾਅਦ ਉਸਨੇ ਕਾਲ ਕਰੀ ਅਸੀਂ ਕਾਫੀ ਦੇਰ ਗੱਲ ਕਰਦੇ ਰਹੇ ।ਦੂਸਰੇ ਦਿਨ ਫਿਰ ਉਨ੍ਹਾਂ ਨੇ ਕਾਲ ਕਰ ਲਈ। ਪਰ ਮੈਨੂੰ ਲੱਗਾ ਕਿ ਮੇਰੇ ਪਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਲੇਸ਼ ਹੋਏਗਾ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਫੋਨ ਨਾ ਕਰਿਆ ਕਰੋ ਤਾਂ ਉਨ੍ਹਾਂ ਨੇ ਕਿਹਾ ਪਹਿਲਾਂ ਦੋਸਤ ਬਣਾ ਲਿਆ ਹੁਣ ਮਨ੍ਹਾ ਕਰ ਰਹੇ ਓ।
ਕਈ ਦਿਨ ਉਨ੍ਹਾਂ ਨੇ ਕਾਲ ਨਾ ਕਰੀ ਮੈਨੂੰ ਬੇਚੈਨੀ ਹੋਣ ਲੱਗੀ। ਫਿਰ ਜਸ ਦੀ ਕਾਲ ਆਈ ਤਾਂ ਮੇਰੀ ਰੂਹ ਖਿੜ ਗਈ।ਪਰ ਜਦ ਜਸ ਦੀ ਆਵਾਜ਼ ਸੁਣੀ ਤਾਂ ਮੇਰਾ ਰੋਣਾ ਨਿੱਕਲ ਗਿਆ। ਹੁਣ ਜਦ ਵੀ ਉਹ ਗੱਲ ਕਰਦੇ ਹਨ ਤਾਂ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਐ ।ਮੇਰੇ ਕੋਲ ਹੋਣ ਤਾਂ ਮੈਂ ਓਹਨਾਂ ਦੇ ਗਲ ਲੱਗ ਉੱਚੀ ਉੱਚੀ ਰੋਵਾਂ । ਉਹ ਕਹਿ ਦਿੰਦੇ ਨੇ ਬਲਜੀਤ ਏਦਾਂ ਕਮਜ਼ੋਰ ਨਹੀਂ ਬਣੀਦਾ। ਨਿੱਕੀ ਨਿੱਕੀ ਗੱਲ ਤੇ ਰੋਣ ਲੱਗ ਜਾਂਦੇ ਓ ।
ਇੱਕ ਦਿਨ ਜਸ ਨੇ ਮੈਨੂੰ ਕਿਹਾ ਤੁਸੀਂ ਬਾਹਰ ਕਿਤੇ ਮਿਲੋ ।ਪਰ ਮੈਂ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਕਿ ਤੁਹਾਡੀ ਆਪਣੀ ਫੈਮਲੀ ਵੀ ਆ। ਏਦਾਂ ਮਿਲ਼ਣ ਨਾਲ ਤੁਹਾਡੀ ਨਿੱਜੀ ਜ਼ਿੰਦਗੀ ਤੇ ਅਸਰ ਪਵੇਗਾ ।ਸ਼ਾਇਦ ਇਸ ਗੱਲ ਦੀ ਸਮਝ ਜਸ ਨੂੰ ਆ ਗਈ। ਉਸਨੇ ਫੋਨ ਕਰਨਾ ਵੀ ਘੱਟ ਕਰ ਦਿੱਤਾ ਐ।ਪਰ ਜਦ ਵੀ ਮੈ ਜਸ ਨੂੰ ਯਾਦ ਕਰਦੀ ਆਂ ਤਾਂ ਮੇਰੇ ਹੰਝੂ ਆਪਣੇ ਆਪ ਵਹਿ ਤੁਰਦੇ ਹਨ। ਮੈਂ ਜਦ ਵੀ ਉਨ੍ਹਾਂ ਨੂੰ ਮੈਸੇਜ ਕਰਦੀ ਆਂ ਕਿ ਮੈਂ ਗੱਲ ਕਰਨੀ ਐ। ਝੱਟ ਉਨ੍ਹਾਂ ਦੀ ਕਾਲ ਆ ਜਾਂਦੀ ਐ।ਮੈਨੂੰ ਏਦਾਂ ਲੱਗਦਾ ਐ ਕਿ ਮੈਂ ਜਸ ਨੂੰ ਪਿਆਰ ਕਰਨ ਲੱਗੀ ਆਂ
ਮੈਂ ਕਿਹਾ ਹਾਂ ਬਲਜੀਤ ਸ਼ਾਇਦ ਤੂੰ ਜਸ ਨੂੰ ਪਿਆਰ ਕਰਨ ਲੱਗੀ ਐਂ ਤੁੰ ਤਾਂ ਹੀ ਉਸਦੀ ਗ੍ਰਿਹਸਤੀ ਬਾਰੇ ਸੋਚਿਆ ਕਿ ਉਸਦੀ ਜ਼ਿੰਦਗੀ ਬਰਬਾਦ ਨਾ ਹੋ ਜਾਵੇ ਇਹ ਪਿਆਰ ਈ ਤਾਂ ਹੈ ਜੋ ਦੇਣਾ ਜਾਣਦੈ ਤਿਆਗ ਕਰਨਾ ਜਾਣਦੈ
ਇਸੇ ਨੂੰ ਸੱਚਾ ਪਿਆਰ ਕਹਿੰਦੇ ਐ ਜੋ ਤਿਆਗ ਦੀ ਮੂਰਤ ਹੋਵੇ
k.k.k.k✍️✍️✍️

Leave a Reply

Your email address will not be published. Required fields are marked *