ਬੀਬੀ ਹਰਲੇਪ ਕੌਰ..ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬੁਲਾਰਾ ਦੀ ਧੀ..ਇੰਟਰਵਿਊ ਦੌਰਾਨ ਪਿਤਾ ਜੀ ਦਾ ਹਵਾਲਾ ਆਉਂਦਿਆਂ ਹੀ ਗੱਚ ਭਰ ਆਇਆ..!
ਨਾਨੀ ਆਖਿਆ ਕਰਦੀ ਕੇ ਮੈਂ ਏਦਾਂ ਦਾ ਜੁਆਈ ਲੈ ਲੱਭਣਾ ਜਿਹੜਾ ਕਦ ਕਿਰਦਾਰ ਖਾਨਦਾਨੀ ਪੱਖੋਂ ਏਡਾ ਉੱਚਾ ਕੇ ਕੋਈ ਬਰੋਬਰੀ ਹੀ ਨਾ ਕਰ ਸਕੇ..ਫੇਰ ਇੱਕ ਦਿਨ ਨਾਨੀ ਜੀ ਦੇ ਮਿਥੇ ਮਿਆਰ ਤੇ ਪੂਰੇ ਉੱਤਰਦੇ ਭਾਈ ਰਾਜਿੰਦਰ ਪਾਲ ਸਿੰਘ ਜੀ ਦੀ ਆਮਦ ਹੋਈ!
ਜਨਮ ਸੰਨ ਉਂਣਤਾਲੀ..ਹਰ ਕਸੌਟੀ ਤੇ ਪੂਰੇ ਅਤੇ ਵਿਲੱਖਣ..ਸੰਤਾਂ ਨਾਲ ਅੰਤਾਂ ਦੀ ਨੇੜਤਾ..ਅਕਸਰ ਹੁੰਦੇ ਬਚਨ ਬਿਲਾਸ..ਜੂਨ ਚੁਰਾਸੀ ਮਗਰੋਂ ਸਿਸਟਮ ਦੇ ਸਕੈਨਰ ਤੇ ਆ ਗਏ..ਪਰ ਨਾ ਤੇ ਕੋਈ ਗੋਲੀ ਚਲਾਈ ਤੇ ਨਾ ਹੀ ਕੋਈ ਹਿੰਸਾ..ਬੱਸ ਗਰੀਬ ਦੀ ਰੱਖਿਆ ਅਤੇ ਜਾਬਰ ਦਾ ਭਖਿਆ..ਚੋਟੀ ਦੀ ਲੀਡਰਸ਼ਿਪ ਘਰੇ ਜਲ ਪਾਣੀ ਸ਼ਕਣ ਜਰੂਰ ਆ ਜਾਇਆ ਕਰਦੀ..ਛੇ ਕਰੋੜ ਦੀ ਡਕੈਤੀ ਵਾਲਾ ਮਿੰਨੀ ਟਰੱਕ ਸਾਡੇ ਪਿੰਡ ਕੋਲੋਂ ਮਿਲਿਆ..ਬੱਸ ਦਮਨ ਚੱਕਰ ਸ਼ੁਰੂ ਹੋ ਗਿਆ..!
ਓਦੋਂ ਮੈਂ ਚੰਡੀਗੜ ਪੜਿਆ ਕਰਦੀ..ਜਿਆਦਾ ਤੰਗ ਕਰਨ ਲੱਗੇ ਤਾਂ ਆਖਣ ਲੱਗੇ ਹੁਣ ਮੈਨੂੰ ਘਰ ਛੱਡਣਾ ਪੈ ਸਕਦਾ..ਆਪਣੇ ਨਿੱਕੇ ਵੀਰ ਅਤੇ ਮਾਂ ਦਾ ਖਿਆਲ ਰੱਖੀਂ..!
ਫੇਰ ਪੱਚੀ ਜਨਵਰੀ ਉਣੰਨਵੇਂ ਨੂੰ ਸੈਕਟਰ ਪੰਦਰਾਂ ਮੇਰੇ ਹੋਸਟਲ ਆਏ..ਕਿੰਨੀਆਂ ਗੱਲਾਂ ਕੀਤੀਆਂ..ਢੇਰ ਸਾਰਾ ਪਿਆਰ ਵੀ ਦਿੱਤਾ..ਫੇਰ ਓਸੇ ਦਿਨ ਪਿੰਕੀ ਗੈਂਗ ਵੱਲੋਂ ਫੜ ਲਏ ਗਏ..ਪਰ ਮੈਂ ਬੇਖਬਰ ਸਾਂ..ਅਗਲੇ ਦਿਨ ਘਰੇ ਨਾ ਅੱਪੜੇ..ਫਿਕਰ ਹੋਇਆ..ਮੰਮੀ ਆਖਣ ਲੱਗੇ ਜਰੂਰ ਭੂਆ ਜੀ ਕੋਲ ਮਾਛੀਵਾੜੇ ਗਏ ਹੋਣੇ..ਪਰ ਓਥੇ ਵੀ ਨਹੀਂ ਸਨ..!
ਬੱਸੇ ਵਾਪਿਸ ਮੁੜ ਰਹੇ ਸਾਂ ਤਾਂ ਲੁਧਿਆਣੇ ਦੇ ਬਾਹਰਵਾਰ ਸ਼ਮਸ਼ਾਨ ਘਾਟ ਤੇ ਬੇਸ਼ੁਮਾਰ ਪੁਲਸ..ਕੋਲ ਤਿੰਨ ਸਿਵੇ ਬਲ ਰਹੇ ਸਨ..ਕਾਲਜੇ ਦਾ ਰੁੱਗ ਭਰਿਆ ਗਿਆ..ਨਜਰ ਨਾ ਹਟੇ..ਪਰ ਦੋਵੇਂ ਚੁੱਪ ਰਹੀਆਂ..!
ਫੇਰ ਡੇਢ ਮਹੀਨੇ ਲੱਭਦੀਆਂ ਰਹੀਆਂ..ਕਿਧਰੇ ਟਰੈਕਟਰ ਦਾ ਹੀ ਪਤਾ ਲੱਗ ਜਾਵੇ..ਪਰ ਕੋਈ ਪੱਲਾ ਨਾ ਫੜਾਵੇ..ਫੇਰ ਪ੍ਰੋਫੇਸਰਸ ਯੂਨੀਅਨਾਂ ਦਾ ਦਬਾਅ ਪਿਆ..ਸੈਣੀ ਨੂੰ ਦੱਸਣਾ ਪਿਆ ਕੇ ਉਹ ਤੇ ਪੱਚੀ ਤਰੀਕ ਨੂੰ ਹੀ ਦੋ ਸਾਥੀਆਂ ਸਣੇ ਮੁੱਕ ਗਏ ਸਨ..ਪਰ ਮੈਨੂੰ ਪਤਾ ਸੀ ਇਹ ਅਖੌਤੀ ਗਹਿਗੱਚ ਝੂਠਾ ਸੀ..ਨਾਲਦਾ ਸਿੰਘ ਭਾਈ ਅਵਤਾਰ ਸਿੰਘ ਦਾਊਂਮਾਜਰਾ..ਮੈਨੂੰ ਛੱਬੀ ਤਰੀਕ ਨੂੰ ਬਲਦੇ ਓਹੀ ਤਿੰਨ ਸਿਵੇ ਚੇਤੇ ਆ ਅਗੇ..ਜੇ ਪਤਾ ਹੁੰਦਾ ਤਾਂ ਦੂਰੋਂ ਖਲੋ ਥੋੜਾ ਚਿਰ ਹੋਰ ਵੇਖ ਲੈਂਦੀ..ਲੰਮ-ਸਲੱਮਾ ਪ੍ਰਭਾਵਸ਼ਾਲੀ ਦਿੱਖ ਵਾਲਾ ਮੇਰਾ ਬਾਪ ਏਡੀ ਛੇਤੀ ਮੁੱਕ ਹੀ ਨਹੀਂ ਸੀ ਸਕਦਾ..ਤਸ਼ੱਦਤ ਦੌਰਾਨ ਜਰੂਰ ਕੁਝ ਕੀਤਾ ਹੋਣਾ..ਫੇਰ ਅੰਦਰਲੇ ਸਰੋਤਾਂ ਦੱਸਿਆ ਕੇ ਸੈਣੀ ਦੇ ਚੁਪੇੜ ਵੀ ਮਾਰੀ ਸੀ..!
ਅਕਸਰ ਆਖਿਆ ਕਰਦੇ ਆਪਣੀ ਧੀ ਲਈ ਕੋਈ ਵੱਡਾ ਅਫਸਰ ਲੱਭਣਾ..ਪਰ ਓਹਨਾ ਦੇ ਜਾਣ ਮਗਰੋਂ ਮੇਰੀ ਸੋਚ ਬਦਲ ਗਈ..ਕਿਸੇ ਐਸੀ ਪਦਵੀਂ ਅਹੁਦੇ ਦੇ ਲੜ ਕਦਾਚਿਤ ਵੀ ਨਹੀਂ ਲੱਗਣਾ ਜਿਹੜੀ ਇੱਕ ਮੌਕੇ ਤੇ ਇਹ ਆਖ ਦਵੇ ਕੇ ਮੇਰਾ ਬਾਪ ਗਲਤ ਸੀ..ਫੇਰ ਸੁਹਿਰਦ ਪੰਥਿਕ ਹਲਕਿਆਂ ਵਿਚੋਂ ਹੀ ਓਸੇ ਰਾਹ ਦੇ ਇਕ ਪਾਂਧੀ ਭਾਈ ਯਾਦਵਿੰਦਰ ਸਿੰਘ ਪੀਰਜ਼ਾਦਾ ਨਾਲ ਗੱਲ ਤੁਰੀ..ਮੈਂ ਝੱਟ ਹਾਂ ਕਰ ਦਿੱਤੀ..!
ਪੜਿਆ ਲਿਖਿਆ ਪੂਰੀ ਕਾਇਨਾਤ ਨੂੰ ਡਾਹਢਾ ਪਿਆਰ ਕਰਨ ਵਾਲਾ ਮੇਰਾ ਡੈਡ ਕਦੇ ਗਲਤ ਹੋ ਹੀ ਨਹੀਂ ਸਕਦੇ..ਇਸ ਚੀਜ ਨੂੰ ਪਕੇਰਾ ਕਰਨ ਖਾਤਿਰ ਮੈਂ ਇੱਕ ਕਿਤਾਬ ਲਿਖੀ..ਉਸ ਨੂੰ ਸਦੀਵੀਂ ਜਿਉਂਦੇ ਰੱਖਣ ਲਈ..ਇਤਿਹਾਸ ਵਿਚ ਆਪਣਾ ਨਿੱਕਾ ਜਿਹਾ ਪਰ ਪ੍ਰਭਾਵਸ਼ਾਲੀ ਰੋਲ ਅਦਾ ਕਰਨ ਵਾਲੇ ਇੰਝ ਦੇ ਪਾਤਰ ਸਦੀਵੀਂ ਰਹਿਣੇ ਵੀ ਚਾਹੀਦੇ..ਸੱਚੇ ਮਾਰਗ ਦਾ ਰਾਹ ਦਸੇਰੇ..ਕਿਉਂਕਿ ਜਿਸ ਕੋਲ ਗਵਾਉਣ ਲਈ ਕੁਝ ਨਾ ਹੋਵੇ..ਉਸ ਦਾ ਇਸ ਰਾਹ ਤੇ ਤੁਰ ਪੈਣਾ ਤੇ ਸਮਝ ਆਉਂਦਾ ਪਰ ਜਿਸ ਕੋਲ ਪਦਵੀਂ ਖ਼ਾਨਦਾਨ ਜਾਇਦਾਤ ਇੱਜਤ ਅਹੁਦੇ ਪਤਨੀ ਪਰਿਵਾਰ ਬੱਚੇ ਅਤੇ ਇੱਕ ਸੁਨਹਿਰੀ ਭਵਿੱਖ ਹੋਵੇ..ਉਹ ਕੌਂਮ ਦਾ ਗਵਾਚਾ ਮਾਣ ਸਨਾਮਨ ਲੱਭਣ ਘਰੋਂ ਨਿੱਕਲ ਤੁਰੇ ਤਾਂ ਉਸਨੂੰ ਕੀ ਆਖੋਗੇ..?
ਸ਼ਾਇਦ ਕਮਲਾ ਹੀ ਆਖੋਗੇ ਕਿਓੰਕੇ..ਆਪਣੇ ਘਰਾਂ ਵਿਚ ਸੇਫ ਹਾਂ ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁਧਾਂ ਦਾ ਕਾਰ!
ਹਰਪ੍ਰੀਤ ਸਿੰਘ ਜਵੰਦਾ