ਦੋ ਸਿੱਖ ਲੜਾਕੇ..ਅਠਾਰਾਂ ਸੌ ਸੱਤਰ ਪੰਝੱਤਰ ਦੇ ਐਂਗਲੋ-ਅਫਗਾਨ ਯੁੱਧ ਵੇਲੇ ਦੀ ਫੋਟੋ..ਗੋਰਿਆਂ ਵੱਲੋਂ ਲੜੇ ਸਨ..ਪੰਜਾਬ ਅੰਗਰੇਜਾਂ ਅਧੀਨ ਹੋਏ ਨੂੰ ਸਿਰਫ ਤੀਹ ਕੂ ਵਰੇ ਹੀ ਹੋਏ ਸਨ..ਪਜਾਮੇ ਕੁੜਤੇ ਵਸਤਰ ਕਿਰਪਾਨ ਦੀ ਮੁੱਠ ਨੂੰ ਪਾਏ ਹੱਥ..ਗਰਮੀਆਂ ਵਿਚ ਸਿਆਹ ਹੋਏ ਰੰਗ..ਦੁਮਾਲੇ ਤਿਉੜੀਆਂ ਕਿੰਨਾ ਕੁਝ ਬਿਆਨ ਕਰ ਰਹੇ..ਅਜੋਕੀ ਪੀੜੀ ਲਈ ਅਤੀਤ ਇਤਿਹਾਸ ਪੜਨਾ ਵਿਚਾਰਨਾ ਬਹੁਤ ਜਰੂਰੀ..!
ਮੇਰਾ ਦਾਗਿਸਤਾਨ ਵਾਲਾ ਰਸੂਲ ਹਮਜ਼ਾਤੋਵ ਆਖਦਾ..ਜੇ ਅਤੀਤ ਇਤਿਹਾਸ ਨੂੰ ਗੋਲੀਆਂ ਨਾਲ ਮਾਰੋਗੇ ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਉਡਾਵੇਗਾ..!
ਪਿਛਲੇ ਤਿੰਨ ਸਾਲਾਂ ਤੋਂ ਇਸ ਛੱਬੀ ਜਨਵਰੀ ਦੇ ਮਾਈਨੇ ਬਦਲ ਗਏ..ਲਾਲ ਕਿਲੇ ਤੇ ਝੰਡਾ ਚਾੜਿਆ..ਬੜਾ ਹੋ ਹੱਲਾ ਮਚਿਆ..ਅੱਜ ਅਦਾਲਤਾਂ ਚਰਚਾਂ ਤੇ ਭਗਵਾਂ ਚੜਦਾ..ਸਭ ਚੁੱਪ..ਸਭ ਜਾਇਜ!
ਛੱਬੀ ਜਨਵਰੀ ਉੱਨੀ ਸੌ ਉਣੰਨਵੇਂ..ਪ੍ਰੋਫੈਸਰ ਰਜਿੰਦਰ ਪਾਲ ਸਿੰਘ ਬੁਲਾਰਾ ਚੰਡੀਗੜ ਵਿਚੋਂ ਫੜ ਝੂਠੇ ਵਿਚ ਮੁਕਾ ਦਿੱਤਾ..ਕਸੂਰ ਸਿਰਫ ਸਿੱਖੀ ਸਿੱਖਿਆ ਗੁਰਵੀਚਾਰ ਨਾਲ ਪਿਆਰ..ਨੌਜੁਆਨੀ ਦਾ ਰਾਹ ਦਸੇਰਾ..ਪਰ ਸਿਸਟਮ ਨੂੰ ਪ੍ਰਵਾਨ ਨਹੀਂ!
ਛੱਬੀ ਜਨਵਰੀ ਬਾਬਾ ਦੀਪ ਸਿੰਘ ਦਾ ਜਨਮ ਦਿਨ..ਪਹੂਵਿੰਡ ਅਮ੍ਰਿਤਸਰ ਤੋਂ ਤਕਰੀਬਨ ਤੀਹ ਕਿਲੋਮੀਟਰ ਦੂਰ..ਸ਼੍ਰੀ ਦਰਬਾਰ ਸਾਬ ਦੀ ਪੂਰਬੀ ਬਾਹੀ ਤੇ ਦਿੱਤੀ ਸ਼ਹੀਦੀ..ਓਥੇ ਅਜੇ ਵੀ ਲੱਗਦੇ ਸ਼ਹੀਦੀ ਪਹਿਰੇ..ਕਿਸੇ ਵੇਲੇ ਸ਼ਹੀਦੀ ਪਹਿਰਿਆਂ ਦਾ ਮਜਾਕ ਉਡਾਇਆ ਸੀ..ਦਾਸ ਨੇ ਇਹ ਇਹਸਾਸ ਖੁਦ ਮਹਿਸੂਸ ਕੀਤਾ..ਓਦੋਂ ਅੱਧੀ ਰਾਤ ਪ੍ਰਕਰਮਾ ਦੇ ਖੁੱਲੇ ਫਰਸ਼ ਤੇ ਲੰਮੇਂ ਪੈ ਜਾਈਦਾ ਸੀ..ਫੇਰ ਰਾਤੀ ਸੁਫ਼ਨੇ ਵੀ ਓਦਾਂ ਦੇ ਆਉਂਦੇ..ਘੋੜਿਆਂ ਦੀਆਂ ਟਾਪਾਂ..ਗੋਲੀਆਂ ਦੇ ਬਰਸਟ..ਤੀਰਾਂ ਦੀ ਚੋਭ..ਕਾਹਲੇ ਕਦਮੀਂ ਲੰਘ ਗਿਆ ਜਥਾ..ਮੋਰਚਿਆਂ ਵਿਚ ਡਟੇ ਸਿੰਘ..ਇੱਕ ਦੂਜੇ ਨੂੰ ਮਖੌਲਾਂ ਕਰਦੇ..ਪੁਜੀਸ਼ਨਾਂ ਬਦਲਦੇ ਟੋਲੇ..ਅਜੀਬ ਵਚਿੱਤਰ ਇਹਸਾਸ..ਮਾਨਸਿਕਤਾ ਸੈੱਲ ਫੋਨ ਦੀ ਚਕਾਚੌਂਦ ਤੋਂ ਹਟਾ ਕੇ ਇਤਿਹਾਸ ਤੇ ਕੇਂਦਰਿਤ ਕਰਨੀ ਪੈਂਦੀ ਤਾਂ ਸ਼ਹੀਦੀ ਪਹਿਰੇ ਲੱਗਦੇ ਦਿਸਦੇ ..!
ਸੁੱਖਾ ਸਿੰਘ ਮਹਿਤਾਬ ਸਿੰਘ..ਮੱਸੇ ਰੰਘੜ ਦਾ ਸਿਰ ਵੱਢ ਚੰਗੇ ਭਲੇ ਤੁਰੇ ਜਾਂਦੇ ਇੱਕ ਵੇਰ ਫੇਰ ਪਰਤ ਆਏ..ਲਲਕਾਰਿਆ..ਕਿਧਰੇ ਕੋਈ ਇਹ ਨਾ ਆਖ਼ ਦੋਵੇਂ ਡਰ ਕੇ ਨੱਸ ਗਏ..ਓਥੇ ਸੰਗਮਰਮਰ ਤੇ ਨਿਸ਼ਾਨ ਅੱਜ ਵੀ ਵੇਖੇ ਜਾ ਸਕਦੇ..
ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾਂ ਦੇ ਵਿੱਚ..ਛੇ ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿਚ..ਭੋਰਾ ਸਿਦਕ ਨਾ ਤਿੜਕਿਆ ਉੱਤੋਂ ਫਤਹਿ ਬੁਲਾ ਤੀ..ਵੇਖ ਸ਼ਹੀਦੀ ਜੱਥਿਆਂ ਫੇਰ ਭਾਜੜ ਪਾ ਤੀ..!
ਭਾਈ ਮੁਖਤਿਆਰ ਸਿੰਘ ਮੁਖੀ..ਭਾਈ ਭਗਵਾਨ ਸਿੰਘ ਕਾਰ ਸੇਵਾ ਵਾਲੇ..ਚੱਲਦੀ ਜੰਗ ਦੇ ਸਮਕਾਲੀਨ ਪਾਤਰ..ਸ੍ਰੀ ਅਕਾਲ ਤਖ਼ਤ ਸਾਬ ਦੇ ਭੋਰੇ ਵਿਚ..ਸੰਤਾਂ ਦੇ ਨਾਲ..ਟੈਂਕ ਐਨ ਲਾਚੀ ਬੇਰ ਤੀਕਰ ਆ ਗਏ..ਇੱਕ ਬੰਬ ਵੱਜਿਆ..ਇਮਾਰਤ ਕੰਬ ਉੱਠੀ..ਸੰਤਾਂ ਦੇ ਪੈਰ ਨੂੰ ਘੁੱਟ ਰਿਹਾ ਵਜੂਦ ਵੀ ਕੰਬ ਗਿਆ..ਸੰਤ ਜੀ ਨੇ ਚੋਬ ਲਾਈ..ਓਏ ਡਰ ਗਿਆਂ..ਆਖਿਆ ਨਹੀਂ ਜੀ..ਤੁਹਾਡੇ ਹੁੰਦਿਆਂ ਕਾਹਦਾ ਡਰ..ਅਜੀਬ ਮਿੱਟੀ ਦਾ ਬਣਿਆਂ ਇਨਸਾਨ..ਡਰ ਖ਼ੌਫ਼ ਨਾਮ ਦੀ ਚੀਜ ਕੀ ਹੁੰਦੀ..ਪਤਾ ਹੀ ਨਹੀਂ..ਫੇਰ ਮਿਥ ਕੇ ਪਾਈ ਸ਼ਹਾਦਤ..ਹਰੇਕ ਦੇ ਵੱਸ ਨਹੀਂ..ਬੜੇ ਬੜੇ ਗੋਡਿਆਂ ਭਾਰ ਹੋ ਜਾਂਦੇ!
ਦੀਪ ਸਿੱਧੂ ਆਖਦਾ ਹੁੰਦਾ..ਇੱਕ ਵੇਰ ਜੰਗ ਦੇ ਮੈਦਾਨ ਵਿੱਚ ਕੁੱਦ ਕੇ ਫੇਰ ਬਚਣ ਦਾ ਰਾਹ ਲੱਭਣਾ..ਖਾਲਸੇ ਦਾ ਫਲਸਫਾ ਨਹੀਂ..ਸੰਨ 1962 ਦੀ ਜੰਗ..ਪੰਡਤ ਨਹਿਰੂ ਦਾ ਚਹੇਤਾ ਲੇਫ਼ਟੀਨੇੰਟ ਜਰਨਲ ਕੌਲ..ਭਖੀ ਹੋਈ ਜੰਗ ਵਿਚ ਸਾਬਣ ਦਾ ਪਾਣੀ ਪੀ ਕੇ ਹਸਪਤਾਲ ਭਰਤੀ ਹੋ ਗਿਆ..ਪਰ ਇਤਿਹਾਸ ਬਦਲੀ ਜਾਂਦੇ..ਕਰਵਾ ਚੋਥ ਦਾ ਹਵਾਲਾ..ਰਾਣੀ ਸੀ ਉਹ ਗੋਲੀ ਹੋਈ..ਗੋਲੀ ਸੀ ਉਹ ਰਾਣੀ ਹੋ ਗਈ..ਨਾਇਕ ਖਲਨਾਇਕ ਹੋ ਗਏ ਤੇ ਐਨ ਮੌਕੇ ਸਿਰਾਂ ਤੇ ਪੈਰ ਰੱਖ ਦੂਰ ਨੱਸ ਗਏ ਅੱਜ ਮੂਹਰਲੀ ਕਤਾਰ ਵਿੱਚ..!
ਛੇ ਜੂਨ ਚੁਰਾਸੀ ਨੂੰ ਹੱਥ ਖੜੇ ਕਰਕੇ ਬਾਹਰ ਨਿੱਕਲੇ ਝੂਠ ਦਾ ਸਭ ਤੋਂ ਪਹਿਲਾ ਸਵਾਲ ਸੀ ਸੱਚ ਹੈ ਕੇ ਮੁੱਕ ਗਿਆ?
ਕੌਣ ਸਮਝਾਉਂਦਾ ਭੋਲਿਓ ਸੱਚ ਵੀ ਕਦੇ ਮਰ ਸਕਦਾ..ਇਹ ਤੇ ਸੌ ਪਰਦੇ ਪਾੜ ਕੇ ਵੀ ਬਾਹਰ ਨਿੱਕਲ ਆਉਂਦਾ..ਨਹੀਂ ਇਤਬਾਰ ਤਾਂ ਏਨੀ ਸਖਤੀ ਦੇ ਬਾਵਜੂਦ ਵੀ ਟਰੈਕਟਰ ਟਰਾਲੀਆਂ ਜਰਸੀਆਂ ਟਰੱਕਾਂ ਦੇ ਡਾਲਿਆਂ ਤੇ ਸ਼ਾਹਦੀ ਭਰਦੀ ਉਸਦੀ ਤਸਵੀਰ ਵੇਖੀ ਜਾ ਸਕਦੀ!
ਮੁੱਕਦੀ ਗੱਲ..ਜਿੰਨੀ ਦੇਰ ਤੀਕਰ ਸ਼ੇਰਾਂ ਦੇ ਆਪਣੇ ਲਿਖਾਰੀ ਪੈਦਾ ਨਹੀਂ ਹੁੰਦੇ..ਬਹਾਦਰੀ ਦੇ ਕਿੱਸੇ ਸ਼ਿਕਾਰੀ ਧਿਰ ਆਪਣੇ ਹਿਸਾਬ ਨਾਲ ਲਿਖਦੀ ਰਹੇਗੀ!
ਹਰਪ੍ਰੀਤ ਸਿੰਘ ਜਵੰਦਾ