ਨੱਬੇ ਦੇ ਦਹਾਕੇ ਵਿੱਚ ਅਸੀਂ ਬੱਚਿਆਂ ਦਾ ਮਦਰਾਸ, ਬੰਗਲੌਰ, ਮੈਸੂਰ ਤੇ ਊਟੀ ਦਾ ਇੱਕ ਵਿਦਿਅਕ ਟੂਰ ਲ਼ੈਕੇ ਗਏ। ਦਿੱਲੀ ਤੋਂ ਅਸੀਂ ਟ੍ਰੇਨ ਰਾਹੀਂ ਸਿੱਧੇ ਮਦਰਾਸ ਪਹੁੰਚੇ। ਇੱਧਰ ਦਸੰਬਰ ਦਾ ਮਹੀਨਾ ਹੋਣ ਕਰਕੇ ਪੂਰੀ ਠੰਡ ਸੀ ਪਰ ਮਦਰਾਸ ਸਮੁੰਦਰੀ ਕਿਨਾਰਾ ਹੋਣ ਕਰਕੇ ਪੂਰੀ ਗਰਮੀ ਸੀ। ਅਸੀ ਰੇਲਵੇ ਸਟੇਸ਼ਨ ਦੇ ਜਵਾਂ ਹੀ ਨੇੜੇ ਬਲੂਸਟਾਰ ਨਾਮਕ ਹੋਟਲ ਵਿੱਚ ਠਹਿਰੇ। ਇਹ ਹੋਟਲ ਸ਼ਾਇਦ ਛੇ ਯ ਅੱਠ ਮੰਜ਼ਿਲਾ ਸੀ। ਉਸ ਹੋਟਲ ਵਿੱਚ ਹੋਰ ਵੀ ਬਹੁਤ ਸੈਲਾਨੀ ਠਹਿਰੇ ਹੋਏ ਸਨ। ਸਾਡੇ ਟੂਰ ਦਾ ਪ੍ਰਬੰਧਕ ਦਿੱਲੀ ਦਾ ਕੋਈਂ ਗੁਪਤਾ ਸੀ। ਕੈਟਰਿੰਗ ਵੀ ਉਸਦੀ ਹੀ ਸੀ। ਉਹ ਸਾਰਾ ਸਮਾਨ ਆਪਣੇ ਨਾਲ ਹੀ ਰੱਖਦਾ ਸੀ। ਸ਼ਾਮ ਨੂੰ ਜਦੋਂ ਅਸੀਂ ਡਿਨਰ ਕਰਕੇ ਆਪਣੇ ਕਮਰੇ ਵੱਲ ਆ ਰਹੇ ਸੀ ਤਾਂ ਸਾਡੇ ਨਾਲ ਲਿਫਟ ਵਿੱਚ ਇੱਕ ਬਾਪ ਬੇਟੀ ਵੀ ਸੀ। ਬਾਪ ਚਾਲੀ ਤੋਂ ਉਪਰ ਦਾ ਲਗਦਾ ਸੀ ਤੇ ਬੇਟੀ ਬੱਚੀ ਜਿਹੀ। ਦਸ ਬਾਰਾਂ ਸਾਲ ਦੀ। ਸਾਡੇ ਬੱਚਿਆਂ ਨੇ ਉਸ ਲੜਕੀ ਨੂੰ ਬੁਲਾ ਲਿਆ। ਗੱਲਬਾਤ ਦੌਰਾਨ ਉਸ ਆਦਮੀ ਨੇ ਸਾਨੂੰ ਆਪਣੇ ਕਮਰੇ ਵਿੱਚ ਆਉਣ ਲਈ ਮਜਬੂਰ ਜਿਹਾ ਕੀਤਾ। ਮੈਂ ਮੇਰਾ ਕੁਲੀਗ ਤੇ ਪੰਜ ਸੱਤ ਬੱਚੇ ਉਹਨਾਂ ਦੇ ਕਮਰੇ ਵਿੱਚ ਚਲੇ ਗਏ। ਖੂਬ ਗੱਲਾਂਬਾਤਾਂ ਹੋਈਆਂ। ਉਹ ਨੇ ਸਾਡੀ ਬਹੁਤ ਵਧੀਆ ਆਓਂ ਭਗਤ ਵੀ ਕੀਤੀ। ਉਹ ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਤੋਂ ਭਾਰਤ ਘੁੰਮਣ ਆਏ ਸਨ। ਉਹ ਲੜਕੀ ਜਿਸਦਾ ਨਾਮ #ਪੋਰਨਾ ਸੀ ਛੇਵੀਂ ਕਲਾਸ ਵਿੱਚ ਪੜ੍ਹਦੀ ਸੀ। ਉਸ ਲੜਕੀ ਨੂੰ ਹਿੰਦੀ ਗਾਣੇ ਸੁਣਨ ਤੇ ਗਾਉਣ ਦਾ ਸ਼ੋਂਕ ਸੀ। ਉਸਨੇ ਆਪਣੇ ਪਾਪਾ ਜਿਸ ਨੂੰ ਉਹ ਅੱਬਾ ਆਖਦੀ ਸੀ ਦੇ ਕਹਿਣ ਤੇ ਇੱਕ ਗਾਣਾ ਸੁਣਾਇਆ ਜਿਸ ਦੇ ਬੋਲ ਸਨ “ਰਾਤ ਕਲੀ ਇੱਕ ਖ਼ੁਆਬ ਮੇੰ ਆਈ। ਔਰ ਗਲੇ ਕਾ ਹਾਰ ਹੁਈ।”
ਅੱਜ ਫਤੇਹਾਬਾਦ ਤੋਂ ਵਾਪਿਸ ਆਉਂਦੇ ਜਦੋਂ ਐਫ ਐਮ ਸਟੇਸ਼ਨ ਬਠਿੰਡਾ ਤੋਂ ਇਹ ਗਾਣਾ ਸੁਣਿਆ ਤਾਂ ਮੈਨੂੰ ਪੋਰਨਾ ਅਤੇ ਉਸ ਦੇ ਪਾਪਾ ਨਾਲ ਹੋਈ ਮਿਲਣੀ ਯਾਦ ਆ ਗਈ। ਮੈਨੂੰ ਅੱਜ ਵੀ ਤਾਜੁਬ ਹੁੰਦਾ ਹੈ ਕਿ ਹਿੰਦੀ ਗਾਣੇ ਬਾਹਰਲੇ ਮੁਲਕਾਂ ਵਿੱਚ ਵੀ ਕਿੰਨੇ ਮਕਬੂਲ ਹਨ। ਲੋਕ ਇਹ੍ਹਨਾਂ ਨੂੰ ਬੜੇ ਚਾਅ ਨਾਲ ਸੁਣਦੇ ਹਨ। ਤੇ ਅਸੀਂ ਅੰਗਰੇਜ਼ੀ ਰੈਪ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ