ਉਹਨਾਂ ਵੇਲਿਆਂ ਵਿੱਚ ਪਿੰਡਾਂ ਦੇ ਘਰਾਂ ਵਿੱਚ ਨਾ ਗੁਸਲਖਾਨੇ ਹੁੰਦੇ ਸਨ ਤੇ ਨਾ ਪਖਾਨੇ। ਆਦਮੀ ਆਮਤੌਰ ਤੇ ਖੁੱਲੇ ਵੇਹੜੇ ਵਿੱਚ ਨਹਾਉਂਦੇ ਸਨ ਤੇ ਔਰਤਾਂ ਮੰਜੇ ਵਗੈਰਾ ਦਾ ਪਰਦਾ ਕਰਕੇ ਨ੍ਹਾਉਂਦੀਆਂ ਸਨ। ਜਦੋਂ ਗੁਸਲਖਾਨੇ ਪਖਾਨੇ ਬਣੇ ਵੀ ਤਾਂ ਉਹ ਬਹੁਤੇ ਬਿਨਾਂ ਦਰਵਾਜੇ ਦੇ ਹੁੰਦੇ ਸਨ। ਬਾਹਰ ਪਰਦਾ ਲਟਕਾਇਆ ਹੁੰਦਾ ਸੀ। ਪਖਾਨੇ ਦੀ ਕੰਧ ਤੇ ਪਈ ਪਾਣੀ ਵਾਲੀ ਗੜਵੀ ਇਸ ਗੱਲ ਦਾ ਸੰਕੇਤ ਹੁੰਦਾ ਸੀ ਕਿ ਲੇਟਰੀਨ ਵਿੱਚ ਕੋਈ ਹੈ। ਫਿਰ ਕੁਝ ਘਰਾਂ ਨੇ ਬਜ਼ੁਰਗਾਂ ਯ ਬਿਮਾਰਾਂ ਲਈ ਘਰੇ ਖੂਹੀ ਵਾਲੀਆਂ ਟੱਟੀਆਂ ਬਣਾਈਆਂ। ਬਾਕੀ ਦੇ ਜੀਅ ਇਹਨਾਂ ਲੇਟਰੀਨ ਦਾ ਪ੍ਰਯੋਗ ਨਹੀਂ ਸੀ ਕਰਦੇ। ਪਰਿਵਾਰ ਦੇ ਜੀਅ ਬਾਹਰ ਖੇਤਾਂ ਵਿੱਚ ਹੀ ਜਾਂਦੇ ਸਨ। ਜਦੋਂ ਕਦੇ ਘਰੇ ਕੋਈ ਰਿਸ਼ਤੇਦਾਰ ਪ੍ਰਾਹੁਣਾ ਆਉਂਦਾ ਤਾਂ ਉਸਨੂੰ ਜੰਗਲ ਪਾਣੀ ਲਈ ਬਾਹਰ ਲਿਜਾਇਆ ਜਾਂਦਾ। ਇੱਕ ਜਣਾਂ ਪਾਣੀ ਦੀ ਗੜਵੀ ਨਾਲ ਲਿਜਾਂਦਾ। ਖਾਸਕਰ ਜਦੋ ਕੋਈ ਜਵਾਈ ਭਾਈ ਆਉਂਦਾ ਤਾਂ ਉਸਦਾ ਸਾਲਾ ਯ ਕੋਈ ਹੋਰ ਪਾਣੀ ਨਾਲ ਲਿਜਾਂਦਾ। ਸਾਡੇ ਵੀ ਜਦੋਂ ਕਦੇ ਮੇਰੇ ਸਰਸੇ ਵਾਲੇ ਮਾਸੜ ਜੀ ਯ ਬੀਰਾਂਬੱਧੀ ਤੋਂ ਸਰਦਾਰ ਕੇਹਰ ਸਿੰਘ ਗਿੱਲ ਆਉਂਦੇ ਤਾਂ ਉਹ ਘਰੇ ਨਹੀਂ ਸੀ ਜਾਂਦੇ। ਮੈਨੂੰ ਉਹਨਾਂ ਦੇ ਨਾਲ ਜਾਣਾ ਪੈਂਦਾ ਸੀ। ਉਹ ਕੱਸੀ ਯ ਛੱਪੜ ਤੇ ਹੀ ਜਾਂਦੇ। ਉਹ ਤੁਰਦੇ ਤੁਰਦੇ ਮੈਨੂੰ ਸਾਡੇ ਖੇਤ ਤੱਕ ਲੈ ਜਾਂਦੇ। ਉਂਜ ਮੈਂ ਸਾਡੇ ਖੇਤ ਤੱਕ ਅਕਸਰ ਸਾਈਕਲ ਤੇ ਜਾਂਦਾ ਸੀ। ਆਉਂਦੇ ਹੋਏ ਉਹ ਟਾਹਲੀ ਯ ਕਿੱਕਰ ਦੀ ਦਾਤੂਨ ਕਰਦੇ। ਹੁਣ ਉਹ ਸਮਾਂ ਨਹੀਂ ਰਿਹਾ। ਆਮ ਘਰਾਂ ਵਿੱਚ ਬੈਡਰੂਮ ਨਾਲੋਂ ਜਿਆਦਾ ਲੈਟਰੀਨ ਹੁੰਦੀਆਂ ਹਨ। ਹਰ ਕਮਰੇ ਨਾਲ ਅਟੈਚ ਲੈਟਰੀਨ ਬਾਥਰੂਮ।
ਪਹਿਲਾਂ ਲੋਕ ਖਾਂਦੇ ਘਰੇ ਸਨ ਤੇ ਜਾਂਦੇ ਬਾਹਰ ਸਨ। ਪਰ ਹੁਣ ਲੋਕ ਬਾਹਰ ਖਾਂਦੇ ਹਨ ਤੇ ਘਰੇ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ