ਅੰਬ ਦਾ ਅਚਾਰ ਤੇ ਪਰੌਂਠੇ | amb da achaar te paronthe

ਹਰ ਜੀਵ ਜੰਤੂ ਦਰਖੱਤ ਪ੍ਰਾਣੀ ਨੂੰ ਵੱਧਣ ਫੁੱਲਣ ਲਈ ਖੁਰਾਕ ਦੀ ਜਰੂਰਤ ਹੁੰਦੀ ਹੈ। ਇਨਸਾਨ ਨੇ ਇਹ ਖੋਂ ਕਰ ਲਈ ਹੈ ਕਿ ਉਸ ਲਈ ਵਧੇਰੇ ਗੁਣਕਾਰੀ ਭੋਜਨ ਕਿਹੜਾ ਹੈ। ਫਿਰ ਇਨਸਾਨ ਉਸ ਭੋਜਨ ਨੁੰ ਹੀ ਖਾਣ ਦੀ ਕੋਸ਼ਿਸ਼ ਕਰਦਾ ਹੈ। ਸਵਾਦ ਇਨਸਾਨ ਦੀ ਕੰਮਜੋਰੀ ਹੈ। ਭੋਜਨ ਦੀ ਚੋਣ ਕਰਨ ਵੇਲੇ ਉਹ ਸਵਾਦ ਨੂੰ ਵੀ ਮੂਹਰੇ ਰੱਖਦਾ ਹੈ।ਕਈ ਵਾਰੀ ਤਾਂ ਉਹ ਸਵਾਦ ਦੇ ਚੱਕਰ ਵਿੱਚ ਗਲਤ ਅਤੇ ਹਾਨੀਕਾਰਕ ਪਦਾਰਥਾਂ ਦਾ ਸੇਵਨ ਕਰ ਲੈੱਦਾ ਹੈ। ਮਾਸਾ ਹਾਰ ਸਮੇ ਦੀ ਲੋੜ ਸੀ ਪਰ ਮਨੁੱਖ ਨੇ ਇਸ ਨੂੰ ਵੀ ਤਾਕਤ ਅਤੇ ਸਵਾਦ ਨਾਲ ਜੋੜ ਲਿਆ। ਪਸੂ ਪੰਛੀ ਜਾਨਵਾਰ ਵੀ ਬਹੁਤੇ ਵਾਰੀ ਸਵਾਦ ਅਤੇ ਰੁਚੀ ਨੂੰ ਪਹਿਲ ਦਿੰਦੇ ਹਨ। ਜਮੀਨ ਤੋ ਵਧੇਰੇ ਪੈਦਾਵਾਰ ਲੈਣ ਲਈ ਕਿਸਾਨ ਉਸ ਨੂੰ ਚੰਗੀ ਖਾਦ ਵਗੈਰਾ ਪਾਉਦੇ ਹਨ ਜੋ ਜਮੀਨ ਦੀ ਖੁਰਾਕ ਹੁੰਦੀ ਹੈ। ਜਿੰਨਾ ਜਾਨਵਰਾਂ ਤੋ ਸਖਤ ਮਿਹਨਤ ਵਾਲਾ ਕੰਮ ਲਿਆ ਜਾਂਦਾ ਹੈ ਉਹਨਾ ਨੂੰ ਵਿਸੇਸ ਖੁਰਾਕ ਖਵਾਈ ਜਾਂਦੀ ਹੈ। ਮੱਝਾਂ ਗਾਂਵਾਂ ਤੌ ਵਧੇਰੇ ਦੁੱਧ ਲੈਣ ਲਈ ਵੀ ਉਹਨਾਂ ਨੂੰ ਪੋਸਟਿਕ ਆਹਰ ਦਿੱਤਾ ਜਾਂਦਾ ਹੈ।
ਵਿਸ਼ਾ ਮਨੁੱਖੀ ਖਾਣੇ ਬਾਰੇ ਗੱਲ ਕਰਨ ਵਾਲਾ ਹੈ। ਹਰ ਇਲਾਕੇ ਦਾ ਖਾਣਾ ਅਲੱਗ ਅਲੱਗ ਹੁੰਦਾ ਹੈ । ਜੋ ਉਸ ਇਲਾਕੇ ਦੀ ਪੈਦਾਵਾਰ ਮੌਸਮ ਹਾਲਾਤ ਤੇ ਨਿਰਭਰ ਕਰਦਾ ਹੈ।ਲੋਕਾਂ ਨੂੰ ਉਹੀ ਭੋਜਨ ਖਾਸ਼ਣਾ ਪੈਂਦਾ ਹੈ ਤੇ ਉਹ ਓਹੀ ਭੋਜਨ ਛੱਕਦੇ ਹਨ। ਹਰ ਇਲਾਕੇ ਦੇ ਮੋਸਮ ਤੇ ਰਿਵਾਜ ਅਨੁਸਾਰ ਹੀ ਉਸਦਾ ਭੋਜਨ ਹੁੰਦਾ ਹੈ। ਠੰਡੇ ਇਲਾਕਿਆਂ ਦੇ ਲੋਕ ਗਰਮ ਤਾਸੀਰ ਵਾਲਾ ਭੋਜਨ ਕਰਦੇ ਹਨ। ਇਸੇ ਤਰਾਂ ਗਰਮ ਇਲਾਕਿਆਂ ਦੇ ਲੋਕ ਠੰਡੀ ਤਸੀਰ ਵਾਲੇ ਭੋਜਨ ਨੂੰ ਪਹਿਲ ਦਿੰਦੇ ਹਨ। ਸਮੁੰਦਰੀ ਕਿਨਾਰਿਆਂ ਦੇ ਵਸਨੀਕ ਉਹ ਭੋਜਨ ਖਾਂਦੇ ਹਨ ਜੋ ਉਹਨਾ ਨੂੰ ਸਮੁੰਦਰ ਵਿਚੋ ਜਾਂ ਕਿਨਾਰਿਆਂ ਤੋ ਪ੍ਰਾਪਤ ਹੁੰਦਾ ਹੈ। ਮੱਛੀ ਅਤੇ ਨਾਰੀਅਲ ਪਾਣੀ ਨਾਰੀਅਲ ਦੀ ਚੱਟਣੀ ਇਹਨਾਂ ਦਾ ਵਿਸ਼ੇਸ਼ ਭੋਜਨ ਹੁੰਦਾ ਹੈ।
ਖਾਣ ਪੀਣ ਦੇ ਮਾਮਲੇ ਵਿੱਚ ਪੰਜਾਬੀ ਖਾਣੇ ਦਾ ਜਬਾਬ ਨਹੀ। ਮੈਦਾਨੀ ਇਲਾਕਾ ਹੋਣ ਕਰਕੇ ਅਤੇ ਮਾਲੀ ਹਾਲਾਤ ਚੰਗੇ ਹੋਣ ਕਾਰਣ ਇਸਨੂੰ ਨੰਬਰ ਇੱਕ ਤੇ ਮੰਨਿਆ ਜਾਂਦਾ ਹੈ। ਪੰਜਾਬੀ ਮਿਹਨਤੀ ਹੁੰਦੇ ਹਨ ਚੰਗੀਆਂ ਤੇ ਤਾਕਤ ਦੇਣ ਵਾਲੀਆਂ ਖੁਰਾਕਾਂ ਖਾਂਦੇ ਹੋਣ ਕਰਕੇ ਇਹਨਾਂ ਦੇ ਜਿਸਮ ਜੁੱਸੇ ਵਧੀਆ ਹੁੰਦੇ ਹਨ। ਚਾਹੇ ਪਿਛਲੇ ਇੱਕ ਦਹਾਕੇ ਤੋ ਪੰਜਾਬ ਦਾ ਪਾਣੀ ਦੂਸਿਤ ਹੋਣ ਕਰਕੇ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਛੇਵੇ ਦਰਿਆ ਦੇ ਚਲਣ ਨਾਲ ਉਹ ਗੱਲਾਂ ਨਹੀ ਰਹੀਆਂ ਪਰ ਫਿਰ ਵੀ ਪੰਜਾਬੀ ਖਾਣਾ, ਪੰਜਾਬੀ ਜਵਾਨ ਅਤੇ ਪੰਜਾਬੀ ਮਹਿਮਾਨਨਿਵਾਜੀ ਅਜੇ ਵੀ ਸਭ ਤੋ ਅੱਗੇ ਹੈ।ਪੰਜਾਬੀ ਖਾਣੇ ਦੁਨਿਆਂ ਦੇ ਹਰ ਕੋਨੇ ਵਿੱਚ ਮਸਹੂਰ ਹਨ। ਤੇ ਪੰਜਾਬੀ ਜਿੱਥੇ ਵੀ ਜਾਂਦਾ ਹੈ ਪੰਜਾਬੀ ਤੜਕਾ ਲਾਕੇ ਦੂਸਰਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਪੰਜਾਬੀ ਅਕਸਰ ਮਿਲਕੇ ਹੀ ਖਾਂਦੇ ਹਨ। ਕਿਰਤ ਕਰਨ ਤੇ ਵੰਡ ਛੱਕਣ ਦਾ ਸਿਧਾਂਤ ਸਾਡੇ ਗੁਰੂਆਂ ਪੀਰਾਂ ਦੀ ਪੰਜਾਬੀਆਂ ਨੂੰ ਖਾਸ਼ ਦੇਣ ਹੈ।
ਜੇ ਪੰਜਾਬੀ ਖਾਣੇ ਦੀ ਗੱਲ ਚਲਦੀ ਹੋਵੇ। ਤਾਂ ਮੱਕੀ ਦੀ ਰੋਟੀ ਤੇ ਸਰੌ ਦੇ ਸਾਗ ਦਾ ਜਿਕਰ ਨਾ ਆਵੇ ਤਾਂ ਗੱਲ ਅਧੂਰੀ ਲੱਗਦੀ ਹੈ। ਚਾਹੇ ਪੰਜਾਬ ਦੀ ਮੁੱਖ ਫਸਲ ਕਣਕ ਹੈ ਤੇ ਪੰਜਾਬ ਕਣਕ ਦੀ ਪੈਦਾਵਾਰ ਨਾਲ ਪੂਰੇ ਦੇਸ ਦਾ ਢਿੱਡ ਭਰਦਾ ਹੈ। ਹੁਣ ਪੰਜਾਬ ਝੋਨੇ ਦੀ ਪੈਦਾਵਾਰ ਵਿੱਚ ਵੀ ਕਾਫੀ ਅੱਗੇ ਹੈ ਪਰ ਫਿਰ ਵੀ ਮੱਕੀ ਦੀ ਰੋਟੀ ਨੂੰ ਪੰਜਾਬੀ ਨਿਆਮਤ ਸਮਝਦੇ ਹਨ । ਸਰਦੀਆਂ ਦੇ ਸੁਰੂ ਤੋ ਲੈਕੇ ਅੰਤ ਤੱਕ ਪੰਜਾਬੀ ਸਰੋਂ ਦਾ ਸਾਗ ਬਣਾਉੰਦੇ ਹਨ ਅਤੇ ਨਾਲ ਮੱਕੀ ਦੀ ਰੋਟੀ। ਸਾਗ ਨਾਲ ਬਾਜਰੇ ਦੀ ਰੋਟੀ ਵੀ ਬਹੁਤ ਚਲਦੀ ਹੈ। ਕਹਿੰਦੇ ਬਾਹਰਲੇ ਮੁਲਕਾਂ ਵਿੱਚ ਵੀ ਮੱਕੀ ਦੀ ਰੋਟੀ ਅਤੇ ਸਰੋ ਦਾ ਸਾਗ ਦੇ ਸਮੈਸਲ ਹੋਟਲ ਖੁੰਲ੍ਹੇ ਹਨ। ਉਥੇ ਪੰਜਾਬੀ ਆਪਣੇ ਵਿਰਸੇ ਲਈ ਅਤੇ ਵਿਦੇਸ਼ੀ ਸਵਾਦ ਲਈ ਵਹੀਰਾਂ ਘੱਤਕੇ ਜਾਂਦੇ ਹਨ।
ਪਹਿਲੋ ਪਹਿਲ ਜਦੋ ਪੰਜਾਬੀ ਰੇਲ ਗੱਡੀ ਵਿੱਚ ਸਫਰ ਕਰਦੇ ਤਾਂ ਪੁਰਾਣਾ ਅੰਬ ਦਾ ਆਚਾਰ ਅਤੇ ਦੇਸੀ ਘਿਉ ਨਾਲ ਗੜੁੱਚ ਵੱਡੇ ਵੱਡੇ ਪਰੋਂਠੇ ਵੱਡੇ ਸਾਰੇ ਪੋਣੇ ਚ ਬੰਨਕੇ ਜਰੂਰ ਆਪਣੇ ਨਾਲ ਲਿਜਾਂਦੇ ਸਨ। ਫਿਰ ਗੱਡੀ ਚੱਲਦੇ ਸਾਰ ਹੀ ਉਹ ਪਰੋਂਠਿਆਂ ਵਾਲਾ ਪੋਣਾ ਖੋਲ੍ ਲੈਂਦੇ। ਸਾਰੀ ਗੱਡੀ ਵਿੱਚ ਇੱਕ ਖਾਸ ਤਰਾਂ ਦੀ ਮਹਿਕ ਬਿਖਰ ਜਾਂਦੀ। ਆਪ ਵੀ ਖਾਂਦੇ ਅਤੇ ਨਾਲ ਦੀਆਂ ਸੀਟਾਂ ਤੇ ਬੈਠੇ ਅੰਜਾਣ ਲੋਕਾਂ ਦਾ ਢਿੱਡ ਵੀ ਧੱਕੇ ਨਾਲ ਭਰ ਦਿੰਦੇ। ਰੇਲ ਗੱਡੀ ਦੇ ਉਸ ਡਿੱਬੇ ਵਿੱਚ ਬੈਠੀਆਂ ਸਵਾਰੀਆਂ ਜਿੰਨਾ ਤੱਕ ਇਹ ਪ੍ਰਸ਼ਾਦਾ ਨਹੀ ਸੀ ਪਹੁੰਚਦਾ ਲਲਚਾਈਆਂ ਅੱਖਾਂ ਨਾਲ ਵੇਖਦੀਆਂ ਰਹਿੰਦੀਆਂ। ਜਿਸਨੇ ਚਲਦੀ ਗੱਡੀ ਵਿੱਚ ਅੰਬ ਦੇ ਆਚਾਰ ਨਾਲ ਪਰਾਉਂਠੇ ਨਹੀ ਖਾਧੇ ਤਾਂ ਸਮਝੋ ਉਹ ਪੰਜਾਬੀ ਹੀ ਨਹੀ। ਬਹੁਤੇ ਪੰਜਾਬੀ ਲੇਖਕਾਂ ਨੇ ਆਪਣੇ ਲੇਖਾਂ ਵਿੱਚ ਇਸਦਾ ਜਿਕਰ ਕੀਤਾ ਹੈ।
ਪੰਜਾਬੀ ਛੋਲਿਆਂ ਦੇ ਦਾਣੇ ਭੁੰਨਕੇ ਵਿੱਚ ਗੁੜ ਜਾ ਖੰਡ ਪਾਕੇ ਪਿੰਡਾਂ ਸਹਿਰਾਂ ਚ ਵੱਸਦੇ ਪੰਜਾਬੀ ਬਹੁਤ ਖਾਂਦੇ ਹਨ। ਬਾਜਰੇ ਮੋਠਾਂ ਦੀ ਖਿੱਚੜੀ ਨੂੰ ਅਦਰਕ ਦਾ ਤੜਕਾ ਲਾਕੇ ਬਹੁਤੇ ਪੰਜਾਬੀ ਹੀ ਖਾਂਦੇ ਹਨ। ਤੇ ਕਈ ਇਸੇ ਖਿਚੜੀ ਨੂੰ ਮਿੱਠਾ ਪਾਕੇ ਦੁੱਧ ਨਾਲ ਖਾਂਦੇ ਵੇਖੇ ਗਏ ਹਨ। ਜਿਵੇਂ ਰਾਜਸਥਾਨੀ ਲੋਕ ਰੋਟੀ ਬਾਦ ਪਾਪੜ ਖਾਂਦੇ ਹਨ ਪੰਜਾਬੀ ਰੋਟੀ ਤੋ ਬਾਦ ਗੁੜ ਦੀ ਡਲੀ ਖਾਕੇ ਸੰਤੁਸਟ ਮਹਿਸੂਸ ਕਰਦੇ ਹਨ। ਦੁੱਧ ਵਿੱਚ ਜਲੇਬੀਆਂ ਪਾਕੇ ਖਾਣਾ ਪੰਜਾਬੀਆਂ ਦਾ ਸੌਕ ਹੈ। ਪਰ ਹੁਣ ਪੰਜਾਬੀ ਇਸ ਲਈ ਦੇਸੀ ਘਿਉ ਵਿੱਚ ਫਿੱਕੀਆਂ ਜਲੇਬੀਆਂ ਪਾਕੇ ਖਾਂਦੇ ਹਨ। ਪਰ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਮੈ ਲੋਕਾਂ ਨੂੰ ਦਹੀਂ ਨਾਲ ਜਲੇਬੀਆਂ ਖਾਂਦੇ ਵੇਖਿਆ।
ਕਹਿੰਦੇ ਪੰਜਾਬੀ ਦੁਨਿਆਂ ਦੇ ਹਰ ਕੋਨੇ ਵਿੱਚ ਪਹੁੰਚ ਗਏ ਹਨ। ਬਾਹਰਲੇ ਮੁਲਕ ਜਾਣ ਵੇਲੇ ਇਹ ਪੰਜਾਬੀ ਆਚਾਰ ਚਟਣੀਆਂ ਨਾਲ ਲੈ ਜਾਣੀਆਂ ਨਹੀ ਭੁੱਲਦੇ। ਕਈ ਵਾਰੀ ਹਵਾਈ ਅੱਡਿਆਂ ਤੇ ਆਚਾਰ ਚਟਣੀਆਂ ਦੀ ਤਲਾਸ਼ੀ ਹੁੰਦੀ ਸੁਣੀ ਹੈ। ਜੇ ਪੰਜਾਬੀ ਆਚਾਰ ਚੱਟਣੀਆਂ ਦੇ ਸੁਕੀਨ ਹਨ ਤਾਂ ਵਿਆਹ ਸ਼ਾਦੀਆਂ ਦੇ ਮੌਕੇ ਘਰੇ ਹਲਵਾਈ ਬਿਠਾਕੇ ਮਿਠਾਈ ਬਣਾਉਣ ਦਾ ਰਿਕਾਰਡ ਵੀ ਪੰਜਾਬੀ ਹੀ ਤੋੜਦੇ ਹਨ। ਕਿਸੇ ਜਮਾਨੇ ਵਿੱਚ ਪੰਜਾਬੀ ਵਿਆਹਾਂ ਵਿੱਚ ਲੱਡੂ ਖਾਣ ਦਾ ਰਿਕਾਰਡ ਬਣਾਉਦੇ ਸਨ। ਵਿਆਹ ਤੋ ਬਾਦ ਵੀ ਮਿਠਾਈ ਦੇ ਮੰਜੇ ਭਰੇ ਰਹਿੰਦੇ ਸਨ। ਇਸੇ ਕਰਕੇ ਹੀ ਨਾਨਕਿਆਂ ਨੂੰ ਕੋਠੀ ਝਾੜ ਦੇਣ ਦੀ ਰੀਤ ਪੰਜਾਬੀਆਂ ਵਿਚ ਪ੍ਰਚਲਿਤ ਹੈ। ਸਾਰਾ ਦਿਨ ਪਾਥੀਆਂ ਦੀ ਅੱਗ ਤੇ ਸੂਹਾ ਹੋਇਆ ਕਾੜਨੀ ਵਾਲਾ ਦੁੱਧ ਸਿਰਫ ਪੰਜਾਬੀਆਂ ਦੇ ਹਿੱਸੇ ਹੀ ਆਇਆ ਹੈ। ਅਕਸਰ ਹੀ ਬਹੁਤੇ ਪੰਜਾਬੀ ਦਾਲ ਸਬਜੀ ਨਾ ਹੋਣ ਕਰਕੇ ਮਲਾਈ ਨਾਲ ਰੋਟੀ ਖਾਂਦੇ ਵੇਖੇ ਜਾਂਦੇ ਹਨ । ਇਸੇ ਲਈ ਤਾਂ ਕਹਿੰਦੇ ਹਨ, ਸਾਧਾਂ ਨੂੰ ਕੀ ਸਵਾਦਾਂ ਤਾਂਈ, ਚਲੱਣ ਦੇ ਤੂੰ ਸਣੇ ਮਲਾਈ। ਪਰ ਅੱਜ ਦੇ ਪੰਜਾਬੀਆਂ ਨੂੰ ਨਸ਼ੇ ਦੀ ਮਾਰ ਹੇਠ ਆਇਆਂ ਨੂੰ ਦੇਖਕੇ ਦੁੱਖ ਹੁੰਦਾ ਹੈ। ਲੱਗਦਾ ਹੈ ਖਾਣਿਆਂ ਦੇ ਬਾਦਸਾਹ ਪੰਜਾਬੀਆਂ ਨੂੰ ਕਿਸੇ ਚੰਦਰੀ ਨਜਰ ਲੱਗ ਗਈ।
ਰਮੇਸ਼ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *