ਨੇੜਿਉਂ ਤੱਕਿਆ ਰੱਬ | neryo takya rabb

ਬਾਬਾ ਜੀ!ਮੇਰੀ ਨਿੱਕੀ ਜਿਹੀ ਮੰਗ ਆ ਮੰਨ ਲਵੋ।ਮੈਂ ਪਤਾਸੇ ਵੀ ਚੜ੍ਹਜੂੰਗਾ।ਮਾਂ ਨੇ ਵੀ ਕਿਹਾ ਸੀ ਕਿ ਬਾਬਾ ਜੀ ਨੂੰ ਕਹਿ ਦੇਵੀਂ,ਉਹ ਜ਼ਰੂਰ ਸੁਣਨਗੇ।
ਸੋਚਾਂ ਦੀ ਉਡਾਣ ਨੇ ਜਿਵੇਂ ਅੱਜ ਫਿਰ ਕਈ ਸਾਲ ਪਿੱਛੇ ਲਿਆ ਫਿਰ ਉਸੇ ਗੁਰੂ ਘਰ ਅੱਗੇ ਹੱਥ ਜੋੜੀ ਮਾਸੂਮ ਜਿਹਾ ਬੱਲੀ ਖਡ਼੍ਹਾ ਕਰ ਦਿੱਤਾ।ਅੱਖਾਂ ਅੱਜ ਫਿਰ ਨਮ ਸੀ।ਉਹ ਪਿਆਰ ਜਿਸ ਲਈ ਮੇਰਾ ਬਚਪਨ ਤਰਸਦਿਆਂ ਹੀ ਲੰਘਿਆ ‘ਤੇ ਅੱਜ ਵੀ ਉਹ ਕਮੀ ਮਹਿਸੂਸ ਕਰ ਮਨ ਭਰ ਜਾਂਦਾ।
ਅਕਸਰ ਮਾਂ ਹੀ ਸਕੂਲ ਜਾਣ ਲਈ ਤਿਆਰ ਕਰਦੀ।ਤਿਆਰ ਹੋ, ਮੈਂ AQਜੀਤੇ ਕੇ ਬੂਹੇ ਅੱਗੇ ਜਾ ਆਵਾਜ਼ ਮਾਰਨੀ।
ਜੀਤੇ ਆ ਜੋ ਸਕੂਲ ਚੱਲੀਏ।
ਜੀਤੇ ਨੇ ਵੀ ਮੇਰੀ ਆਵਾਜ਼ ਸੁਣ ਦੌੜੇ ਆ ਜਾਣਾ।
ਤੇਰਾ ਬਸਤਾ ਕਿੱਥੇ ਐ ਜੀਤੇ?
ਯਾਰ ਬੱਲੀ ਤੈਨੂੰ ਪਤਾ ਤਾਂ ਏ ਬਸਤਾਂ ਤਾਂ ਸਰਬੀ ਹੀ ਲੈ ਕੇ ਆਵੇਗੀ।
ਸਰਬੀ ਜੀਤੇ ਦੀ ਵੱਡੀ ਭੈਣ ਸੀ ‘ਤੇ ਅਸੀਂ ਸਾਰੇ ਇੱਕੋ ਸਕੂਲ ਵਿੱਚ ਹੀ ਪੜ੍ਹਦੇ ਸੀ।ਸਕੂਲ ਤੋਂ ਸਾਡਾ ਘਰ ਕਾਫ਼ੀ ਦੂਰ ਸੀ।ਏਸੇ ਕਰਕੇ ਰੋਟੀ ਡੱਬੇ ਵਿੱਚ ਹੀ ਲੈ ਕੇ ਆਉਂਦੇ।
ਸਕੂਲ ਦੇ ਵਿਚਕਾਰ ਇੱਕ ਵੱਡਾ ਸਾਰਾ ਬੋਹੜ ਸੀ ‘ਤੇ ਆਸੇ ਪਾਸੇ ਪੱਕਾ ਇੱਟਾਂ ਦਾ ਥੜ੍ਹਾ।ਗਰਮੀਆਂ ਹੋਣ ਕਾਰਨ ਬੋਹੜ ਦੀ ਠੰਢੀ ਹਵਾ ਬੇਹੱਦ ਚੰਗੀ ਲੱਗਦੀ। ਥਡ਼੍ਹੇ ‘ਤੇ ਜਗ੍ਹਾ ਘੱਟ ਹੋਣ ਕਾਰਨ ਸਾਰਿਆਂ ਨੂੰ ਹੀ ਤੇਜ਼ੀ ਹੁੰਦੀ ਕੇ ਬੋਹੜ ਦੀ ਠੰਢੀ ਛਾਂ ਹੇਠ ਬੈਠ ਕੇ ਰੋਟੀ ਖਾਈ ਜਾਵੇ ।
ਪਰ ਅਕਸਰ ਵੱਡੇ ਬੱਚੇ ਛੋਟੇ ਬੱਚਿਆਂ ਨੂੰ ਪਛਾੜ ਕੇ ਥੜ੍ਹਾ ਰੋਕ ਲੈਂਦੇ ।
ਸਰਬੀ ਵੱਡੀ ਸੀ ‘ਤੇ ਹਰ ਰੋਜ਼ ਹੀ ਸਰਬੀ ਥਡ਼੍ਹੇ ‘ਤੇ ਥਾਂ ਰੋਕ ਲੈਂਦੀ।ਜਿਸ ਕਰਕੇ ਜੀਤਾ ਹਰ ਰੋਜ਼ ਬੋਹੜ ਦੀ ਠੰਢੀ ਛਾਂ ਹੇਠ ਬੈਠ ਰੋਟੀ ਖਾਂਦਾ।ਸਵੇਰ ਤੋਂ ਲੈ ਕੇ ਸ਼ਾਮ ਤਕ ਸਰਬੀ ਜੀਤੇ ਦਾ ਖ਼ਿਆਲ ਰੱਖਦੀ।ਜਿਵੇਂ ਘਰੇ ਮੇਰੀ ਮਾਂ ਮੇਰਾ ਖ਼ਿਆਲ ਰੱਖਦੀ।
ਕਈ ਵਾਰ ਮਨ ਵਿੱਚ ਅਜੀਬ ਜਿਹੇ ਵਲਵਲੇ ਉੱਠਣੇ ‘ਤੇ ਸੋਚਣਾ…..
ਇਸ ਜੀਤੇ ਤੋਂ ਮੈਂ ਸਰਬੀ ਖੋਹ ਕੇ ਆਪਣੇ ਘਰ ਭੈਣ ਬਣਾ ਕੇ ਲੈ ਜਾਵਾਂ…
ਫਿਰ ਸਰਬੀ ਮੇਰਾ ਖ਼ਿਆਲ ਰੱਖੇਗੀ। ਮੇਰਾ ਬਸਤਾ ਆਪ ਸਕੂਲ ਲੈ ਕੇ ਜਾਵੇਗੀ ‘ਤੇ ਰੋਜ਼ ਮੈਂ ਬੋਹੜ ਦੀ ਠੰਢੀ ਛਾਂ ਹੇਠ ਬੈਠ ਰੋਟੀ ਖਾਵਾਂਗਾ।
ਅਕਸਰ ਮਾਂ ਨੂੰ ਸਵਾਲ ਕਰਨਾ। ਮਾਂ ਸਰਬੀ ਵਰਗੀ ਭੈਣ ਕਦੋਂ ਆਵੇਗੀ ।
ਮੈਨੂੰ ਵੀ ਭੈਣ ਚਾਹੀਦੀ ਏ।
ਹਾਂ ਪੁੱਤ ਮਿਲਜੂਗੀ ਤੈਨੂੰ ਵੀ ਭੈਣ ‘ਤੇ ਫਿਰ ਘਰ ਇੱਕ ਹੋਰ ਵੀਰੇ ਨੇ ਜਨਮ ਲੈ ਲਿਆ।ਸਭ ਖ਼ੁਸ਼ ਸੀ, ਪਰ ਮੈਂ ਉਦਾਸ ਸੀ।ਮੈਨੂੰ ਤਾਂ ਭੈਣ ਚਾਹੀਦੀ ਸੀ ਸਰਬੀ ਵਰਗੀ।
ਸਾਡੇ ਗੁਆਂਢ ਹੀ ਰਹਿੰਦੀ ਰਾਣੀ ਆਂਟੀ ਕਈ ਵਾਰ ਨਿੱਕੀਆਂ ਕੁੜੀਆਂ ਨੂੰ ਇਕੱਠੀਆਂ ਕਰ ਭਾਂਤ ਭਾਂਤ ਦੇ ਖਾਣੇ ਖੁਆਉਂਦੀ ‘ਤੇ ਸਰਬੀ ਵੀ ਉਹ ਖਾਣਾ ਖਾਣ ਜਾਂਦੀ।ਜਦ ਮੈਂ ਸਰਬੀ ਨੂੰ ਪੁੱਛਣਾ ਕਿ ਉਹ ਖਾਣਾ ਕੁੜੀਆਂ ਨੂੰ ਹੀ ਕਿਉਂ ਖਵਾਉਂਦੀ ਆਂ ਮੁੰਡਿਆਂ ਨੂੰ ਕਿਉਂ ਨਹੀਂ?ਤਾਂ ਸਰਬੀ ਨੇ ਵੀ ਧੌਣ ਜਿਹੀ ਅਕੜਾ ਕੇ ਕਹਿਣਾ। ਤੈਨੂੰ ਨੀ ਪਤਾ,ਆਂਟੀ ਸਾਨੂੰ ਮੱਥਾ ਵੀ ਟੇਕਦੀ ਆ ਜਿਵੇਂ ਆਪਾਂ ਗੁਰੂ ਘਰੇ ਟੇਕਦੇ ਆਂ, ਪੈਰੀਂ ਹੱਥ ਵੀ ਲਾਉਂਦੀ ਹੈ। ਉਹ ਕਹਿੰਦੀ ਆ ਕੇ ਥੋਡੇ ਵਿੱਚ ਤਾਂ ਰੱਬ ਵੱਸਦਾ ਏ’ਮੈਂ ਇਕਦਮ ਸਰਬੀ ਨੂੰ ਕਹਿ ਦਿੱਤਾ। ਜੇ ਤੇਰੇ ਵਿੱਚ ਰੱਬ ਵੱਸਦਾ ਏ ਤਾਂ ਤੂੰ ਰੱਬ ਨੂੰ ਕਹਿ ਦੇ ਕਿ ਮੈਨੂੰ ਵੀ ਇਕ ਭੈਣ ਦੇ ਦੇਵੇ।ਮੇਰੀ ਗੱਲ ਸੁਣ ਸਰਬੀ ਬਹੁਤ ਹੱਸੀ,ਪਰ ਮੇਰਾ ਮਨ ਹੋਰ ਵਿਆਕੁਲ ਹੋ ਗਿਆ।
ਅਚਾਨਕ ਸਰਬੀ ਦੇ ਪਾਪਾ ਦੀ ਨੌਕਰੀ ਸ਼ਹਿਰ ਲੱਗ ਗਈ ‘ਤੇ ਉਨ੍ਹਾਂ ਸਾਰਿਆਂ ਨੂੰ ਹੀ ਸ਼ਹਿਰ ਜਾਣਾ ਪੈ ਗਿਆ।ਜੀਤਾ ‘ਤੇ ਸਰਬੀ ਸ਼ਹਿਰ ਹੀ ਕਿਸੇ ਸਕੂਲ ਵਿੱਚ ਪੜ੍ਹਨ ਲੱਗ ਪਏ।
ਮੈਂ ਜਿਵੇਂ ਇਕੱਲਾ ਜਿਹਾ ਹੋ ਗਿਆ ਕਦੇ ਕਦੇ ਸਕੂਲ ਜਾਂਦੇ ਰੋਣਾ ਜਿਹਾ ਆ ਜਾਣਾ ‘ਤੇ ਭੱਜ ਗੁਰੂਘਰ ਅੱਗੇ ਜਾ ਖੜ੍ਹਨਾ।ਬਾਬਾ ਜੀ ਇੱਕ ਸਰਬੀ ਵਰਗੀ ਭੈਣ ਹੀ ਦੇ ਦਿਓ, ਪਤਾਸੇ ਵੀ ਚੜ੍ਹ ਜੂੰਗਾ ‘ਤੇ ਏਨਾ ਆਖ ਅੱਖਾਂ ਮਲਦੇ ਸਕੂਲ ਚਲੇ ਜਾਣਾ।
ਮੇਰੇ ਵਜੂਦ ‘ਤੇ ਇਸ ਦਰਦ ਦਾ ਅਸਰ ਕਈ ਸਾਲਾਂ ਬਾਅਦ ਅੱਜ ਵੀ ਉਸੇ ਤਰ੍ਹਾਂ ਹੀ ਹੈ।ਭੈਣ ਦੇ ਪਿਆਰ ਤੋਂ ਬਿਨਾਂ ਹੀ ਬਚਪਨ ਗੁਜ਼ਰਿਆ। ਜਿਸ ਦੀ ਕਮੀ ਅੱਜ ਵੀ ਮਹਿਸੂਸ ਹੁੰਦੀ ਏ।
ਸੋਚਾਂ ਦੀ ਉਡਾਣ ਪਤਾ ਨਹੀਂ ਕਿੱਥੇ ਤੂੰ ਕਿੱਥੇ ਲੈ ਗਈ।
ਅਚਾਨਕ ਕਿਸੇ ਨੇ ਮੇਰੇ ਮੋਢੇ ‘ਤੇ ਆਣ ਹੱਥ ਧਰਿਆ।ਪਲਟ ਕੇ ਵੇਖਿਆ ਤਾਂ ਮੇਰਾ ਛੇ ਕੁ ਸਾਲ ਦਾ ਪੁੱਤਰ ਬੋਲਿਆ… ਪਾਪਾ ਪਾਪਾ, ਦੀਦੀ ਦੀਦੀ’ਤੇ ਆਣ ਨਰਸ ਨੇ ਵੀ ਵਧਾਈ ਦੇ ਦਿੱਤੀ ਕੇ ਧੀ ਨੇ ਜਨਮ ਲਿਆ ਏ।
ਮੇਰਾ ਸਾਰਾ ਸਰੀਰ ਕੰਬ ਜਿਹਾ ਗਿਆ।ਕੁਝ ਬੋਲਿਆ ਨਹੀਂ ਸੀ ਜਾ ਰਿਹਾ ਮਸਾਂ ਹੀ ਹਸਪਤਾਲ ਦੇ ਅੰਦਰ ਉਸ ਕਮਰੇ ਵਿੱਚ ਪਹੁੰਚਿਆ।
ਹਿੰਮਤ ਜਿਹੀ ਕਰ ਰੱਬ ਦੀ ਉਸ ਸੌਗਾਤ ਨੂੰ ਤੱਕਿਆ। ਭਾਵੁਕ ਹੋਏ ਤੋਂ ਕੁਝ ਵੀ ਬੋਲਿਆ ਨਹੀਂ ਸੀ ਜਾ ਰਿਹਾ।
ਨਾਜ਼ੁਕ ਜਿਹੇ ਨਿੱਕੇ ਹੱਥ ਨੂੰ ਆਪਣੇ ਹੱਥ ਵਿੱਚ ਫੜਿਆ ਤਾਂ ਮਹਿਸੂਸ ਹੋਇਆ।ਜਿਵੇਂ ਮੇਰੇ ਅੰਦਰਲਾ ਉਹ ਬਚਪਨ ਵਾਲਾ ਬੱਲੀ ਨੱਚ ਰਿਹਾ ਹੋਵੇ, ਉੱਚੀ ਉੱਚੀ ਰੌਲਾ ਪਾ ਰਿਹਾ ਹੋਵੇ।
ਉਏ ਭੈਣ ਮਿਲ ਗਈ ਮੈਨੂੰ, ਸਰਬੀ ਮਿਲ ਗਈ ਮੈਨੂੰ।ਬਾਬਾ ਜੀ ਤੁਸੀਂ ਮੇਰੀ ਮੰਗ ਪੂਰੀ ਕਰ ਦਿੱਤੀ ਪਤਾਸੇ ਜ਼ਰੂਰ ਚੜ੍ਹਾਵਾਂਗਾ।
ਨਿੱਕੇ ਜਿਹੇ ਹੱਥ ਨੇ ਮੇਰੇ ਹੱਥ ਨੂੰ ਥੋਡ਼੍ਹਾ ਘੁੱਟ ਫੜ ਲਿਆ।
ਜਿਸ ਪਿਆਰ ਲਈ ਬੱਲੀ ਸਾਰੀ ਉਮਰ ਤਰਸਿਆ ਅੱਜ ਉਹ ਪਿਆਰ ਇੱਕ ਧੀ ਦੇ ਰੂਪ ਵਿੱਚ ਮਿਲ ਗਿਆ।
ਸਰਬੀ ਦੀ ਕਹੀ ਗੱਲ ਯਾਦ ਆਈ ਕਿ ਕੁੜੀਆਂ ਵਿਚ ਤਾਂ ਰੱਬ ਵੱਸਦਾ ਏ। ਪਤਾ ਹੀ ਨਹੀਂ ਲੱਗਿਆ ਕਦ ਆਪਣੀ ਧੀ ਦੇ ਪੈਰ ਫੜ ਲਏ ‘ਤੇ ਉਸ ਬੱਲੀ ਨੇ ਜਿਵੇਂ ਅੱਜ ਸੱਚਮੁੱਚ ਰੱਬ ਵੇਖ ਲਿਆ ਹੋਵੇ।
ਕੁਲਵੰਤ ਘੋਲੀਆ
95172-90006

Leave a Reply

Your email address will not be published. Required fields are marked *