ਅਕਸਰ ਮੁਕਤਸਰ ਵਾਲੀ ਵੱਡੀ ਭੂਆ ਆਉਂਦੀ ਤਾਂ ਨੀਲੇ ਪੀਲੇ ਰੰਗਾਂ ਦੇ ਖੰਡ ਦੇ ਖਿਡੌਣੇ ਜ਼ਰੂਰ ਲਿਆਉਂਦੀ।
ਜਦ ਵੀ ਭੂਆ ਨੇ ਆਉਣਾ ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਣਾ।ਇਕ ਤਾਂ ਖਾਣ ਨੂੰ ਕਿੰਨੇ ਸਾਰੇ ਖੰਡ ਦੇ ਖਿਡੌਣੇ ‘ਤੇ ਦੂਜਾ ਭੂਆ ਤੋਂ ਰਾਤ ਨੂੰ ਵੱਡੇ ਕੱਦ ਵਾਲੇ ਦਾਨਵ ਦੀ ਬਾਤ ਸੁਣਨੀ।
ਭੂਆ ਜਦ ਵੀ ਆਉਂਦੀ ਉਹੀ ਬਾਤ ਸੁਣਾਉਂਦੀ ‘ਤੇ ਮੈਂ ਵੀ ਹਰ ਵਾਰ ਬਾਤ ਇੰਜ ਸੁਣਦਾ ਜਿਵੇਂ ਪਹਿਲੀ ਵਾਰ ਸੁਣੀ ਹੋਵੇ ‘ਤੇ ਬਾਤ ਸੁਣਦੇ ਸੁਣਦੇ ਮੈਂ ਵੀ ਅਜੀਬ ਜਿਹੀ ਦੁਨੀਆਂ ਵਿਚ ਗੁਆਚ ਜਾਣਾ।ਖ਼ੁਦ ਨੂੰ ਬਾਤ ਵਿਚਲਾ ਰਾਜ ਕੁਮਾਰ ਸਮਝ ਦਾਨਵ ਕੋਲੋਂ ਰਾਜਕੁਮਾਰੀ ਨੂੰ ਛੁਡਵਾਉਣਾ।
‘ਤੇ ਬਾਤ ਸੁਣਦੇ ਸੁਣਦੇ ਪਤਾ ਹੀ ਨਾ ਲੱਗਣਾ। ਕਦ ਮੈਂ ਸੌਂ ਜਾਣਾ ‘ਤੇ ਪਿੱਛੋਂ ਮਾਂ ‘ਤੇ ਭੂਆ ਨੇ ਢੇਰ ਸਾਰੀਆਂ ਗੱਲਾਂ ਕਰਦੇ ਰਹਿਣਾ।
ਸਵੇਰ ਹੋਣੀ ਤਾਂ ਜ਼ਿੱਦ ਕਰਕੇ ਸਕੂਲੋਂ ਛੁੱਟੀ ਕਰ ਲੈਣੀ। ਪਤਾ ਹੁੰਦਾ ਸੀ ਕਿ ਭੂਆ ਸਿਰਫ਼ ਇਕ ਰਾਤ ਹੀ ਰਹਿੰਦੀ ਹੈ ‘ਤੇ ਅਗਲੀ ਸਵੇਰ ਚਲੀ ਜਾਂਦੀ ਏ।
ਦਸ ਵਜੇ ਤਕ ਅਸੀਂ ਸਾਰਿਆਂ ਨੇ ਰਲ ਮਿਲ ਕੇ ਰੋਟੀ ਖਾ ਲੈਣੀ ਤੇ ਉਚੇਚੇ ਤੌਰ ਤੇ ਮੈਂ ਤੇ ਮੇਰੀ ਮਾਂ ਨੇ ਭੂਆ ਨੂੰ ਬੱਸ ਸਟੈਂਡ ਤੇ ਛੱਡ ਕੇ ਆਉਣਾ।
ਬੇਸ਼ੱਕ ਰਾਤ ਨੂੰ ਕਿੰਨੀਆਂ ਹੀ ਗੱਲਾਂ ਕਿਉਂ ਨਾ ਕੀਤੀਆਂ ਹੋਣ,ਪਰ ਘਰ ਤੋਂ ਬੱਸ ਸਟੈਂਡ ਦੇ ਪੰਜ ਮਿੰਟ ਦਾ ਸਫ਼ਰ ਵੀ ਭੂਆ ਨਾਲ ਗੱਲਾਂ ਹੀ ਕਰਦੇ ਜਾਣਾ ‘ਤੇ ਮੈਂ ਵਾਰ ਵਾਰ ਭੂਆ ਨੂੰ ਇਹੋ ਕਹੀ ਜਾਣਾ ਕਿ ਭੂਆ ਹੁਣ ਫਿਰ ਕਦ ਆਵੇਗੀ।
‘ਤੇ ਫੇਰ ਭੂਆ ਨੂੰ ਬੱਸ ਚੜ੍ਹਾ ਕੇ ਜਦ ਘਰ ਵਾਪਸ ਆਉਣਾ ਤਾਂ ਤਿੰਨ ਚਾਰ ਦਿਨ ਜੀ ਜਿਹਾ ਨਾ ਲੱਗਣਾ ‘ਤੇ ਮਾਂ ਨੂੰ ਹੀ ਪੁੱਛੀ ਜਾਣਾ ਮਾਂ ਭੂਆ ਕਦ ਆਵੇਗੀ।
ਅਜੋਕੇ ਸਮੇਂ ਦੇ ਨਾਲ ਨਾਲ ਘਰ ਦੇ ਕਮਰਿਆਂ ਵਾਂਗ ਰਿਸ਼ਤੇ ਵੀ ਭੀੜੇ ਜਿਹੇ ਹੁੰਦੇ ਗਏ।
ਅੱਜ ਵੀ ਜਦ ਉਹ ਗੱਲਾਂ ਯਾਦ ਆਉਂਦੀਆਂ ਤਾਂ ਉਹੀ ਨਿੱਘ ਜਿਹਾ ਮਹਿਸੂਸ ਹੁੰਦਾ ,ਪਰ ਜ਼ਿੰਦਗੀ ਨਾਲ ਸੰਘਰਸ਼ ਕਰਦੇ ਕਰਦੇ ਖ਼ੁਦ ਦੇ ਅੰਦਰੋਂ ਉਹ ਚਾਅ ਮਲਾਰ ਜਿਹੇ ਕਿਧਰੇ ਗੁਆਚ ਗਏ।
ਦੁਪਹਿਰ ਤੋਂ ਬਾਅਦ ਘਰੋਂ ਫੋਨ ਆਇਆ ਕਿ ਮੁਕਤਸਰ ਵਾਲੀ ਭੂਆ ਆਈ ਏ,ਪਰ ਫਿਰ ਵੀ ਕੰਮਕਾਰ ਕਰਦੇ ਕਰਦੇ ਸ਼ਾਮ ਦੇ ਸੱਤ ਵੱਜ ਗਏ।
ਘਰ ਆਇਆ ਤਾਂ ਭੂਆ ਨੂੰ ਰਸਮੀ ਤੌਰ ‘ਤੇ ਪੈਰੀਂ ਹੱਥ ਲਾਏ ‘ਤੇ ਹਾਲ ਚਾਲ ਪੁੱਛ ਨਹਾਉਣ ਚਲਾ ਗਿਆ ‘ਤੇ ਫਿਰ ਰੋਟੀ ਖਾ ਪਤਾ ਹੀ ਨਹੀਂ ਲੱਗਾ ਕਦ ਨੀਂਦ ਆ ਗਈ।
ਸਵੇਰ ਹੋਈ ਤਾਂ ਜਲਦੀ ਹੀ ਤਿਆਰ ਹੋ ਫਿਰ ਭੂਆ ਨੂੰ ਇੱਕ ਵਾਰ ਮਿਲ ਕੇ ਕੰਮ ਵੱਲ ਰਵਾਨਾ ਹੋ ਗਿਆ।
ਵੀਹ ਕੁ ਮਿੰਟ ਦੇ ਵਕਫੇ ਨਾਲ ਹੀ ਘਰੋਂ ਫੋਨ ਆ ਗਿਆ ਕਿ ਪਰਸ ਘਰ ਹੀ ਭੁੱਲ ਗਏ ‘ਤੇ ਫਿਰ ਘਰ ਵਾਪਸ ਆਉਣਾ ਪਿਆ ।
ਘਰ ਤੋਂ ਥੋੜ੍ਹੀ ਦੂਰ ਦੂਜੀ ਗਲੀ ਵਿੱਚ ਅਚਾਨਕ ਭੂਆ ਨਜ਼ਰੀਂ ਪਈ।
ਮੈਂ ਹੈਰਾਨ ਸੀ ਕਿ ਭੂਆ ਏਧਰ ਕੀ ਕਰਦੀ ਏ ‘ਤੇ ਮੈਂ ਭੂਆ ਕੋਲ ਜਾ ਰੁਕਿਆ।
ਮੈਨੂੰ ਵੇਖ ਭੂਆ ਅੱਖਾਂ ਜਿਹੀਆਂ ਭਰ, ਪਰ ਹੱਸ ਕੇ ਜਿਹੇ ਬੋਲੀ, ਪੁੱਤ ਹੁਣ ਬਾਹਲਾ ਪਤਾ ਸੁਤਾ ਜਿਹਾ ਨ੍ਹੀਂ ਲੱਗਦਾ। ਬੱਸ ਅੱਡੇ ‘ਤੇ ਜਾਣਾ ਸੀ ।ਮੈਨੂੰ ਲੱਗਦਾ ਪੁੱਤ ਮੈਂ ਗਲਤ ਆ ਗਈ।
ਭੂਆ ਦੀ ਗੱਲ ਸੁਣ ਅੰਦਰੋਂ ਧਾਅ ਜਿਹੀ ਨਿਕਲ ਗਈ।ਅੱਖਾਂ ਨਮ ਹੋ ਗਈਆਂ।
ਨਹੀਂ ਭੂਆ ਤੂੰ ਗ਼ਲਤ ਨਹੀਂ ਆਈ। ਗਲਤ ਤਾਂ ਅਸੀਂ ਹੀ ਹੋ ਗਏ।ਜੋ ਭੂਆ ਸਾਰੀ ਸਾਰੀ ਰਾਤ ਬਾਤਾਂ ਸੁਣਾਉਂਦੀ ਨਾ ਥੱਕਦੀ, ਉਸ ਲਈ ਅੱਜ ਸਾਡੇ ਕੋਲ ਪੰਜ ਮਿੰਟ ਦਾ ਸਮਾਂ ਵੀ ਨਾ ਰਿਹਾ।
‘ਤੇ ਮੈਂ ਭੂਆ ਨੂੰ ਉਸੇ ਪਲ ਘਰ ਲੈ ਆਇਆ।
ਸਾਹਮਣੇ ਕੰਧ ‘ਤੇ ਲੱਗੀ ਮਾਂ ਦੀ ਫੋਟੋ ਵੇਖੀ ਤਾਂ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ।
ਪੁੱਤ ਰਿਸ਼ਤਿਆਂ ਦੀ ਨਿੱਘ ਮਾਨਣ ਲਈ ਹਮੇਸ਼ਾ ਰਿਸ਼ਤਿਆਂ ਨੂੰ ਮੋਹ ਦੀਆਂ ਤੰਦਾਂ ਨਾਲ ਘੁੱਟ ਕੇ ਬੰਨ੍ਹਣਾ ਪੈਂਦਾ।ਪੁੱਤ ਜੇ ਮੈਂ ਅੱਜ ਜਿਊਂਦੀ ਹੁੰਦੀ ਤਾਂ ਤੈਨੂੰ ਕਦੇ ਗਲਤ ਨਾ ਹੋਣ ਦਿੰਦੀ।
ਅੰਦਰੋ ਅੰਦਰੀ ਮਨ ਭਰ ਗਿਆ। ਭੂਆ ਨੂੰ ਘੁੱਟ ਕੇ ਕਲਾਵੇ ਵਿੱਚ ਲੈ ਲਿਆ।ਕਿੰਨਾ ਚਿਰ ਭੂਆ ਦੇ ਗਲ ਲੱਗ ਰੋਈ ਗਿਆ।
‘ਤੇ ਫਿਰ ਅਸੀਂ ਸਾਰੇ ਭੂਆ ਨੂੰ ਪਹਿਲਾਂ ਵਾਂਗ ਬੱਸ ਸਟੈਂਡ ਤਕ ਛੱਡ ਕੇ ਆਏ।
ਜਦ ਭੂਆ ਬੱਸ ਚੜ੍ਹੀ ਤਾਂ ਮੈਂ ਪਿੱਛੋਂ ਆਵਾਜ਼ ਮਾਰੀ, ਭੂਆ ਅਗਲੀ ਵਾਰ ਜਲਦੀ ਆਵੀਂ ,ਤੇਰੀ ਓ ਵੱਡੇ ਦਾਨਵ ਵਾਲੀ ਬਾਤ ਸੁਣਨੀਂ ਆ, ਨਾਲੇ ਖੰਡ ਦੇ ਖਿਡੌਣੇ ਵੀ ਖਾਣੇ ਨੇ।
ਉਹੀ ਮੋਹ ਭਿੱਜੀਆਂ ਗੱਲਾਂ ਸੁਣ ਭੂਆ ਦੇ ਚਿਹਰੇ ਦੇ ਬਦਲੇ ਰੰਗ ਵੇਖ ਦਿਲ ਨੂੰ ਅਥਾਹ ਸਕੂਨ ਜਿਹਾ ਮਿਲ ਗਿਆ।
ਬੇਸ਼ੱਕ ਸਮੇਂ ਦੇ ਨਾਲ ਨਾਲ ਸਾਡੇ ਵਿੱਚ ਕਮੀਆਂ ਆ ਗਈਆਂ, ਪਰ ਭੂਆ ਦੀਆਂ ਅਸੀਸਾਂ ਦੁਆਵਾਂ ਅੱਜ ਵੀ ਉਹੀ ਸੀ
ਕੁਲਵੰਤ ਘੋਲੀਆ
95172-90006