ਆਪਣੀ ਰੇਹੜੀ ਤੇ ਬਹੁਤ ਹੀ ਵਧੀਆ ਸਬਜ਼ੀਆਂ ਤੇ ਫਲ ਵੇਚਣ ਵਾਲਾ ਭਾਈ ਸ਼ਾਇਦ ਯੂ ਪੀ ਯ ਬਿਹਾਰ ਦਾ ਹੈ। ਉਸਕੋਲੋ ਗਲੀ ਦੇ ਕੁਝ ਕ਼ੁ ਚੁਣਵੇਂ ਘਰ ਹੀ ਸਬਜ਼ੀ ਤੇ ਫਰੂਟ ਲੈਂਦੇ ਹਨ। ਕਿਉਂਕਿ ਵਧੀਆ ਤੇ ਚੋਣਵਾਂ ਸਮਾਨ ਹੋਣ ਕਰਕੇ ਉਹ ਬਾਜ਼ਾਰ ਨਾਲੋਂ ਕੁਝ ਮਹਿੰਗਾ ਹੁੰਦਾ ਹੈ। ਉਹ ਹੋਕਾ ਮਾਰਨ ਦੀ ਬਜਾਇ ਆਪਣੇ ਪੱਕੇ ਲੱਗੇ ਘਰਾਂ ਦੀ ਹੀ ਡੋਰ ਬੈੱਲ ਵਜਾਉਂਦਾ ਹੈ। ਦੋ ਕ਼ੁ ਵਜੇ ਤੱਕ ਆਪਣੇ ਨਿਸਚਿਤ ਰੂਟ ਤੇ ਹੁੰਦਾ ਹੋਇਆ ਘਰੇ ਪਰਤ ਜਾਂਦਾ ਹੈ। ਕੋਈ ਸਬਜ਼ੀ ਫਲ ਖਰਾਬ ਨਿਕਲਣ ਤੇ ਅਸੀਂ ਅਗਲੇ ਦਿਨ ਉਸਨੂੰ ਬਦਲ ਲੈਂਦੇ ਹਾਂ ਯ ਵਾਪਿਸ ਕਰ ਦਿੰਦੇ ਹਾਂ।
ਜੇ ਸਬਜ਼ੀ ਸਵਾਦ ਨਾ ਬਣੇ ਤਾਂ ਭਾਵੇਂ ਰਿੱਝੀ ਰਝਾਈ ਵਾਪਿਸ ਕਰ ਦਿਓਂ। ਚਾਰ ਫੁਲਕੇ ਵੀ ਨਾਲ। ਕਈ ਦੁਕਾਨ ਅਕਸ਼ਰ ਮਜ਼ਾਕ ਵਿੱਚ ਆਪਣੇ ਗ੍ਰਾਹਕ ਨੂੰ ਕਹਿ ਦਿੰਦੇ ਹਨ। ਅਸੀਂ ਕਲ੍ਹ ਉਸ ਕੋਲੋਂ ਟੀਂਡੇ ਲਏ। ਜਿਸ ਨੂੰ ਚੱਪਣ ਕੱਦੂ ਵੀ ਕਹਿ ਦਿੰਦੇ ਹਨ। ਘਰੇ ਟੀਂਡੇ ਖਾਣ ਦੇ ਸ਼ੁਕੀਨ ਘੱਟ ਹੀ ਸਨ।ਸੋ ਅੱਜ ਟੀਂਡੇ ਵਾਪਿਸ ਕਰ ਦਿੱਤੇ। ਆਪ ਕੋ ਟੀਂਡੇ ਬਨਾਨੇ ਨਹੀਂ ਆਤੇ। ਇਸ ਲੀਏ ਬੱਚੇ ਕਮ ਖਾਤੇ ਹੈ। ਆਜ ਮੈਂ ਘਰ ਸੇਂ ਬਨਾਕਰ ਭੇਜੂਗਾ। ਫ਼ਿਰ ਦੇਖਣਾ ਕੈਸੇ ਨਹੀਂ ਖਾਤੇ ਟੀਂਡੇ। ਉਸ ਨੇ ਲਿਫਾਫਾ ਵਾਪਿਸ ਦਿੰਦੇ ਹੋਏ ਨੇ ਕਿਹਾ। ਮੈਡਮ ਨੂੰ ਉਸਦੀ ਗੱਲ ਇੱਕ ਮਜ਼ਾਕ ਯ ਸੇਲਜਮੈਨਸ਼ਿਪ ਦਾ ਹਿੱਸਾ ਲੱਗੀ।
ਤਿੰਨ ਕ਼ੁ ਵਜੇ ਉਸ ਰੇਹੜੀ ਵਾਲੇ ਦਾ ਬੇਟਾ ਘਰੇ ਸਬਜ਼ੀ ਦੇਣ ਆ ਗਿਆ। ਮੈਡਮ ਨੇ ਚੋਰੀਓ ਜਿਹੇ ਸਬਜ਼ੀ ਫੜ ਕੇ ਰੱਖ ਲਈ। ਜਦੋਂ ਮੈਨੂੰ ਇਸ ਗੱਲ ਦੀ ਕਨਸੋ ਮਿਲੀ ਤਾਂ ਉਸ ਸਬਜ਼ੀ ਨਾਲ ਚਾਰ ਫੁਲਕੇ ਨਿਬੇੜ ਗਿਆ। ਸਬਜ਼ੀ ਤਾਰੀਫ਼ ਦੇ ਕਾਬਿਲ ਸੀ। ਬਾਕੀ ਵੀ ਸਭ ਨੇ ਖੁਸ਼ ਹੋ ਕੇ ਟੀਂਡੇ ਖਾਧੇ। ਤੇ ਰੱਜਵੀਂ ਤਾਰੀਫ਼ ਕੀਤੀ।
ਉਂਗਲੀਆਂ ਚੱਟਣ ਵਾਲੀ ਗੱਲ ਹੋ ਗਈ।
ਮਨਾਂ ਕਿਤੇ ਰਿੱਝੀ ਰਝਾਈ ਖਾਣ ਦਾ ਭੁੱਸ ਨਾ ਪੈ ਜਾਵੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ