ਵਾਹਵਾ ਪੁਰਾਣੀ ਗੱਲ ਹੈ ਮੈਂ ਮੇਰੇ ਇੱਕ ਕਰੀਬੀ ਬਜ਼ੁਰਗ ਰਿਸ਼ਤੇਦਾਰ ਨਾਲ ਮੇਰੇ ਨਾਨਾ ਜੀ ਦਾ ਹਾਲ ਚਾਲ ਪੁੱਛਣ ਗਿਆ। ਨਾਨਾ ਜੀ ਉਦੋਂ ਸੌ ਤੋਂ ਉਪਰ ਹੀ ਸਨ ਤੇ ਮੰਜੇ ਤੇ ਹੀ ਸਨ। ਉਹਨਾਂ ਦਿਨਾਂ ਵਿੱਚ ਖ਼ਾਸ ਰਿਸ਼ਤੇਦਾਰਾਂ ਦੀ ਆਉ ਭਗਤ ਭੂਜੀਏ ਬਦਾਨੇ ਯ ਡਾਲੀਮਾ ਦੇ ਬਿਸਕੁਟਾਂ ਨਾਲ ਕੀਤੀ ਜਾਂਦੀ ਸੀ। ਉਹ ਬਿਸਕੁਟਾਂ ਦਾ ਪੈਕਟ ਕੋਈਂ ਰੁਪਏ ਯ ਦੋ ਰੁਪਏ ਦਾ ਆਉਂਦਾ ਸੀ। ਮੇਰੇ ਮਾਮੀ ਜੀ ਨੇ ਕੁੜਮਾਂਚਾਰੀ ਹੋਣ ਕਰਕੇ ਮੇਰੇ ਨਾਲ ਗਏ ਸਬੰਧੀ ਲਈ ਬਿਸਕੁਟਾਂ ਦੇ ਨਾਲ ਦੋ ਕੁ ਸੋ ਗ੍ਰਾਮ ਬਰਫੀ ਵੀ ਮੰਗਵਾ ਲਈ। ਜੋ ਸ਼ਾਇਦ ਪੱਚੀ ਤੀਹ ਰੁਪਏ ਦੀ ਆਈ ਹੋਵੇਗੀ। ਉਸ ਸਮੇ ਬਰਫੀ ਆਮ ਘਰਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਸੀ। ਆਮ ਕਰਕੇ ਆਏ ਗਏ ਰਿਸ਼ਤੇਦਾਰਦੇ ਜਾਣ ਤੋਂ ਬਾਅਦ ਬੱਚੇ ਮਹਿਮਾਨ ਦੇ ਖਾਣ ਲਈ ਲਿਆਂਦੇ ਸਮਾਨ ਤੇ ਟੁੱਟ ਪੈਂਦੇ ਸਨ। ਮੇਰੇ ਨਾਲ ਗਿਆ ਰਿਸ਼ਤੇਦਾਰ ਵੀ ਉਸ ਸਮੇ ਦੇ ਮੱਧਵਰਗੀ ਪਰਿਵਾਰ ਚੋ ਸੀ ਤੇ ਮੇਜ਼ਬਾਨ ਜੋ ਮੇਰੇ ਨਾਨਕੇ ਸਨ ਉਹ ਵੀ ਮੱਧਵਰਗੀ ਹੀ ਸਨ। ਮੇਰੇ ਨਾਲ ਗਏ ਮਹਿਮਾਨ ਨੇ ਉਚੇਚਾ ਬਰਫੀ ਲਿਆਉਣ ਦਾ ਬੁਰਾ ਮਨਾਇਆ।
“ਇੰਨਾ ਫਾਲਤੂ ਖਰਚਾ ਕਿਉਂ ਕੀਤਾ। ਮੈਂ ਤਾਂ ਬੱਸ ਚਾਹ ਦਾ ਕੱਪ ਹੀ ਪੀਵਾਂਗਾ।” ਪਰ ਮੇਜ਼ਬਾਨ ਦੇ ਜੋਰ ਪਾਉਣ ਤੇ ਉਸਨੇ ਚਾਹ ਨਾਲ ਇੱਕ ਬਿਸਕੁਟ ਹੀ ਮਸਾ ਲਿਆ। ਜਿੱਥੇ ਮੈਨੂੰ ਮੇਰੇ ਨਾਨਕਿਆਂ ਦੀ ਸ਼ਾਨਦਾਰ ਮੇਜ਼ਬਾਨੀ ਤੇ ਮਾਣ ਮਹਿਸੂਸ ਹੋਇਆ ਓਥੇ ਮੇਰੇ ਨਾਲ ਗਏ ਕਰੀਬੀ ਰਿਸ਼ਤੇਦਾਰ ਦੇ ਸ਼ਾਨਦਾਰ ਸੁਭਾਅ ਤੇ ਵੀ ਗਰਵ ਮਹਿਸੂਸ ਹੋਇਆ। ਇਨਸਾਨ ਵਿਚ ਇੱਕ ਵਧੀਆ ਮੇਜ਼ਬਾਨ ਦੇ ਗੁਣਾਂ ਦੇ ਨਾਲ ਨਾਲ ਇੱਕ ਵਧੀਆ ਮਹਿਮਾਨ ਦੇ ਗੁਣਾਂ ਦਾ ਹੋਣਾ ਵੀ ਲਾਜ਼ਮੀ ਹੁੰਦਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ