ਹਾਈਕੋਰਟ ਆਖ ਦਿਤਾ..ਉਮਰਾਨੰਗਲ ਬਹਾਲ ਕਰੋ..ਸੈਣੀ ਦੀ ਗ੍ਰਿਫਤਾਰੀ ਤੇ ਅੱਗੇ ਹੀ ਪੱਕੀ ਰੋਕ..ਬੇਅਦਬੀ ਦਾ ਮੁੱਖ ਦੋਸ਼ੀ ਡੇਰਾ ਪ੍ਰੇਮੀਂ ਯੂਪੀ ਪ੍ਰਧਾਨ ਮੰਤਰੀ ਨਾਲ ਸਟੇਜ ਸਾਂਝੀ ਕਰ ਰਿਹਾ..ਕੋਈ ਲੁੱਕ ਆਉਟ ਨੋਟਿਸ..ਤਲਾਸ਼ੀ..ਰੈੱਡ ਅਲਰਟ ਜਾਂ ਛਾਪੇ ਨਹੀਂ..ਬਾਬੂ ਬਜਰੰਗੀ..ਸਟਿੰਗ ਵਿੱਚ ਸ਼ਰੇਆਮ ਮੰਨਿਆ ਗੁਜਰਾਤ ਦੰਗਿਆਂ ਵੇਲੇ ਸੌ ਕਤਲ ਕੀਤੇ ਪਰ ਜਦੋਂ ਇੱਕ ਗਰਭਵਤੀ ਔਰਤ ਦਾ ਢਿਡ੍ਹ ਚੀਰਨ ਮਗਰੋਂ ਅੰਦਰੋਂ ਜਿਉਂਦਾ ਜਾਗਦਾ ਭਰੂਣ ਤਲਵਾਰ ਦੀ ਨੋਕ ਤੇ ਟੰਗਿਆ ਤਾਂ ਇੰਝ ਲੱਗਿਆ ਮਹਾਰਾਣਾ ਪ੍ਰਤਾਪ ਦੀ ਰੂਹ ਅੰਦਰ ਪ੍ਰਵੇਸ਼ ਕਰ ਗਈ ਹੋਵੇ..ਬਾਬੂ ਨੂੰ ਕੋਈ ਸਜਾ ਨਹੀਂ..ਕੋਈ ਐੱਨ ਐੱਸ ਏ ਨਹੀਂ..ਕੋਈ ਯੂਆਪਾ ਨਹੀਂ..ਕੋਈ ਡਿਬ੍ਰੂਗੜ ਨਹੀਂ!
ਨਵੰਬਰ ਚੁਰਾਸੀ..ਸੈਂਕੜਿਆਂ ਦਾ ਕਾਤਲ ਕਸਾਈ ਕਿਸ਼ੋਰੀ ਲਾਲ..ਪਹਿਲੋਂ ਫਾਂਸੀ ਮਗਰੋਂ ਉਮਰ ਕੈਦ ਤੇ ਫੇਰ ਚੰਗੇ ਆਚਰਣ ਦੀ ਬਿਨਾ ਤੇ ਪੱਕਾ ਜੇਲੋਂ ਬਾਹਰ..ਹਜਾਰਾਂ ਦੰਗਾਈਆਂ ਦੀਆਂ ਫੋਟੋਆਂ..ਅੱਗ ਲਾਉਂਦੀ ਹੱਸਦੀ ਭੀੜ..ਚਾਲੀ ਸਾਲ ਇੱਕ ਵੀ ਪਛਾਣਿਆਂ ਨਾ ਗਿਆ..ਸਮਝੌਤਾ ਐਕਸਪ੍ਰੈੱਸ ਅਤੇ ਮਾਲੇਗਾਓਂ ਬ੍ਲਾਸ੍ਟ..ਦੋਸ਼ੀ ਕਰਨਲ ਪੁਰੋਹਿਤ ਅਤੇ ਸਾਧਵੀਂ ਪ੍ਰਿਗਿਆ..ਐੱਮ.ਪੀ ਬਣ ਸੰਸਦ ਵਿੱਚ ਬੈਠੇ..!
ਏਧਰ ਡੇਢ ਲੱਖ ਦੇ ਕਰੀਬ ਨੌਜੁਆਨੀ ਵੱਢ ਟੁੱਕ ਕੇ ਨਹਿਰਾਂ ਦਰਿਆਵਾਂ ਵਿਚ ਰੋੜ ਦਿੱਤੀ..ਕਿਸੇ ਇੱਕ ਨੂੰ ਵੀ ਫਾਹੇ ਟੰਗਿਆ..!
ਜਦੋਂ ਆਖੀਏ ਇਸ ਮੁਲਖ ਵਿੱਚ ਦੋ ਕਨੂੰਨ ਤਾਂ ਇੱਕ ਵਰਗ ਬਹਿਸਣ ਲੱਗ ਜਾਂਦਾ..ਦਲੀਲ ਦਿੰਦਾ..ਐਵੇਂ ਟਿੰਡ ਵਿੱਚ ਕਾਨਾ ਫਸਾਈ ਰੱਖਦੇ ਹੋ..ਏਨਾ ਕੁਝ ਦਿੱਤਾ ਸਿਸਟਮ ਨੇ..ਖੁੱਲ੍ਹਾ ਮਾਹੌਲ ਅਜਾਦੀ ਪਦਵੀਆਂ ਸੁਖ ਸਹੂਲਤਾਂ..ਮਾੜੀ ਮੋਟੀ ਉੱਨੀ ਇੱਕੀ ਜਰਨਾ ਸਿੱਖੋ..!
ਇਕ ਹੋਰ ਵਰਗ..ਸਾਨੂੰ ਆਪਣੇ ਕੇਸ ਅਦਾਲਤਾਂ ਵਿੱਚ ਰਖਣੇ ਹੀ ਨਹੀਂ ਆਏ..ਹੁਣ ਦੱਸੋ ਕਿੱਦਾਂ ਰੱਖੀਏ ਆਪਣੇ ਕੇਸ ਜਦੋਂ ਸਿੱਖੀ ਨਾਲ ਧ੍ਰੋਹ ਕਮਾਉਣ ਵਾਲੇ ਅਦਾਲਤਾਂ ਦੇ ਗੂੜੇ ਮਿੱਤਰ ਅਤੇ ਸਾਡੇ ਨਾਇਕ ਦੇਸ਼ ਦੁਸ਼ਮਣ ਗਰਦਾਨ ਡਿਬ੍ਰੂਗੜ ਅਤੇ ਤਿਹਾੜ ਦੱਖਣ ਦੀਆਂ ਜੇਲਾਂ ਵਿੱਚ..ਕੱਤੀ ਕੱਤੀ ਸਾਲਾਂ ਤੋਂ ਬਿਨਾ ਸੁਣਵਾਈ ਦੇ ਅੰਦਰ ਤੇ ਅਖੀਰ ਰੋ ਪਿੱਟ ਕੇ ਪੈਰੋਲ ਮਿਲਦੀ ਸਿਰਫ 2 ਘੰਟਿਆਂ ਦੀ ਤੇ ਓਧਰ ਬਲਾਤਕਾਰੀ ਕਾਤਲ ਅਤੇ ਹਿੰਸਾ ਭੜਕਾਊ ਨੌਵੀਂ ਵੇਰ ਪੈਰੋਲ ਤੇ ਬਾਹਰ..!
ਇਨਸਾਫ ਸ਼ਬਦ ਮਜਾਕ ਬਣ ਕੇ ਰਹਿ ਗਿਆ..”ਸਾਨੂੰ ਇਨਸਾਫ ਦਿਓ” ਸ਼ਬਦ ਵਰਤਣ ਤੇ..ਪੱਕੀ ਪਾਬੰਦੀ ਲਾ ਦੇਣੀ ਚਾਹੀਦੀ!
ਦੋ ਪੀੜੀਆਂ ਨਿੱਕਲ ਗਈਆਂ..ਤੀਜੀ ਰੋਜਗਾਰ ਟਿੱਕ-ਟਾਕ ਰੀਲਾਂ ਨਸ਼ਿਆਂ ਆਈਲੈਟਸ ਵੱਲ ਉਲਝਾ ਦਿੱਤੀ..!
ਹਯਾਤੀ ਕੱਟਣ ਦੇ ਦੋ ਤਰੀਕੇ..ਪਹਿਲਾ ਆਸੇ ਪਾਸੇ ਜੋ ਹੁੰਦਾ ਬੱਸ ਹੋਈ ਜਾਣ ਦਿਓ..ਸਿਰਫ ਇਹ ਗੱਲ ਹੀ ਯਕੀਨੀ ਬਣਾਈ ਜਾਵੇ..ਪੈਨਸ਼ਨ ਸਹੂਲਤਾਂ ਮੈਡੀਕਲ ਰੇਲਵੇ ਪਾਸ ਅਤੇ ਕੰਸੇਸ਼ਨਾਂ ਕਾਰੋਬਾਰ ਬੰਦ ਨਾ ਹੋ ਜਾਵਣ..!
ਤੇ ਦੂਜਾ ਧੱਕੇ ਸ਼ਾਹੀ ਵਿਰੁੱਧ ਅਵਾਜ ਉਠਾਈ ਜਾਵੇ..!
ਜੋ ਦਲੀਲ ਨਾਲ ਲੜ ਸਕਦਾ ਲੜੇ..ਜੋ ਲੜ ਨਹੀਂ ਸਕਦਾ ਉਹ ਬੋਲੇ..ਜੋ ਬੋਲ ਨਹੀਂ ਸਕਦਾ ਉਹ ਲਿਖ ਕੇ ਰੋਸ ਜਤਾਵੇ ਤੇ ਜੋ ਲਿਖ ਪੜ ਵੀ ਨਹੀਂ ਸਕਦਾ ਉਹ ਮਨ ਹੀ ਮਨ ਅਰਦਾਸ ਕਰੇ..ਹਰਕਤ ਵਿੱਚ ਤੇ ਆਵੇ..ਜਿਉਂਦੇ ਓ ਤਾਂ ਜਿਉਂਦੇ ਦਿਸਣੇ ਵੀ ਜਰੂਰੀ ਓ..ਤਾਨਾਸ਼ਾਹੀ ਵੱਲ ਵੱਧ ਰਹੀ ਪੂਰੀ ਦੁਨੀਆ..ਰੂਸ ਚੀਨ ਅੰਦਰ ਮਰਨ ਤੀਕਰ ਪੱਕੇ ਰਾਸ਼ਟਰਪਤੀ ਤੇ ਹੁਣ ਹਿੰਦੂ-ਰਾਸ਼ਟਰ ਬਾਰੇ ਗੱਲਾਂ ਉੱਠਣ ਲੱਗੀਆਂ..ਇਸ ਵੇਰ ਹੋਈਆਂ ਆਖਰੀ ਸਾਬਤ ਹੋਣਗੀਆਂ..!
ਨਿੱਕੇ ਹੁੰਦੇ ਫਿਲਮ ਵੇਖੀ ਸੀ..”ਸ਼ਤਰੰਜ ਕੇ ਖਿਲਾੜੀ”..ਲਖਨਊ ਦੇ ਦੋ ਨਵਾਬ..ਅੱਤ ਦੇ ਅਯਾਸ਼ ਅਤੇ ਸ਼ਤਰੰਜ ਦੇ ਸ਼ੋਕੀਨ..ਸਾਰਾ ਦਿਨ ਬੱਸ ਸ਼ਤਰੰਜ ਦੀ ਬਿਸਾਤ ਤੇ ਬੈਠੇ ਹੁੱਕਾ ਪੀਂਦੇ ਰਹਿੰਦੇ..ਖਬਰ ਮਿਲਦੀ ਅੰਗਰੇਜ ਨੇ ਸ਼ਹਿਰ ਘੇਰ ਲਿਆ..ਤਾਂ ਵੀ ਖੇਡਣ ਵਿਚ ਮਸਤ..ਅਖੀਰ ਗੋਰੇ ਮਹਿਲ ਘੇਰ ਲੈਂਦੇ..ਤਾਂ ਵੀ ਕੋਈ ਫਿਕਰ ਨਹੀਂ..ਅਖੀਰ ਸ਼ਤਰੰਜ ਖੇਡਦੇ ਹੀ ਆਪੋ ਵਿਚ ਲੜ ਕੇ ਮਰ ਜਾਂਦੇ..ਗੋਰੇ ਬਿਨਾ ਕੋਈ ਗੋਲੀ ਚਲਾਏ ਸ਼ਾਸ਼ਨ ਤੇ ਕਾਬਜ ਹੋ ਜਾਂਦੇ..!
ਓਥੇ ਤੇ ਸਿਰਫ ਦੋ ਨਵਾਬ ਹੀ ਸਨ ਪਰ ਇਥੇ ਤਾਂ ਢੇਰ ਸਾਰੇ ਚਾਲਾਂ ਵਿਚ ਮਸਤ ਨੇ..ਕੋਈ ਕਾਰੋਬਾਰ ਦੀ ਬਿਸਾਤ ਵਿਛਾਈ ਬੈਠਾ ਤੇ ਕੋਈ ਪੰਥ ਖਤਰੇ ਵਿਚ ਹੈ ਵਾਲੇ ਹੋਕੇ ਵਾਲੇ ਨਾਹਰੇ ਵਿਚ..ਸਹੀ ਕਿਹਾ ਕਿਸੇ ਨੇ “ਵਰਕੇ ਉੱਤੇ ਅੱਗ ਨਾ ਰਖੀਂ..ਕਮਲੇ ਦੇ ਸਿਰ ਪੱਗ ਨਾ ਰੱਖੀਂ..ਬੁੱਲੇ ਸ਼ਾਹ ਦੀ ਮੰਨ ਲੈ ਸੱਜਣਾ..ਕੌਂਮ ਦਾ ਰਾਖਾ ਠੱਗ ਨਾ ਰਖੀਂ”
ਹਰਪ੍ਰੀਤ ਸਿੰਘ ਜਵੰਦਾ