ਛੇਵੀਂ ਸੱਤਵੀ ਤੱਕ ਮੈਂ ਮੋਟੇ ਖੱਦਰ ਦੇ ਕੁੜਤੇ ਤੇ ਬੋਸਕੀ ਦੇ ਪਜਾਮੇ ਪਾਉਂਦਾ ਰਿਹਾ ਹਾਂ। ਮੇਰੇ ਯਾਦ ਹੈ ਛੇਵੀਂ ਵਿੱਚ ਮੈਂ ਸੂਤੀ ਕਪੜੇ ਦੀ ਪੈਂਟ ਵੀ ਬਣਵਾਈ ਸੀ। ਸਕੂਲ ਦੀ ਵਰਦੀ ਖਾਕੀ ਪੈਂਟ ਖਾਕੀ ਕਮੀਜ਼ ਹੁੰਦੀ ਸੀ। ਫਿਰ ਟੈਰਾਲੀਣ ਬਾਰੇ ਸੁਣਿਆ। ਜਿੱਥੇ ਖੱਦਰ ਯ ਸੂਤੀ ਕਪੜਾ ਪੰਜ ਕੁ ਰੁਪਏ ਮੀਟਰ ਹੁੰਦਾ ਸੀ ਇਹ ਟੈਰਾਲੀਣ ਬਾਰਾਂ ਤੇਰਾ ਰੁਪਏ ਤੋਂ ਸ਼ੁਰੂ ਹੁੰਦੀ ਸੀ। ਫਿਰ ਕਾਟਨ ਤੇ ਟੈਰਾਲੀਣ ਮਿਕਸ ਆਈ। ਜਿਸ ਨੂੰ ਸਤਾਹਟ ਤੇਤੀ ਕਹਿੰਦੇ ਸਨ। ਫਿਰ ਉਹ ਏਟੀ ਟਵੰਨਟੀ ਅਤੇ ਫਿਫਟੀ ਫਿਫਟੀ ਦੇ ਨਾਮ ਤੇ ਆਈ। ਇਹ ਨਾਮ ਕਾਟਨ ਅਤੇ ਟੈਰਾਲੀਣ ਦੇ ਅਨੁਪਾਤ ਅਨੁਸਾਰ ਹੁੰਦਾ ਸੀ। ਪੈਂਟਾਂ ਲਈ ਗੈਵਾਡੀਨ ਨਾਮ ਦਾ ਕਪੜਾ ਵੀ ਆਇਆ। ਜਿਸ ਨੇ ਕਾਫੀ ਨਾਮ ਕਮਾਇਆ। ਫਿਰ ਨਿੱਤ ਨਵੇਂ ਨਾਮ ਤੇ ਕਪੜਾ ਆਉਣ ਲੱਗਿਆ ਜਿਵੇਂ ਪਲਾਸਟਰ ਲਿਜ਼ੀਬਿਜ਼ੀ ਖਾਦੀ ਸਿਲਕ ਵਗੈਰਾ। ਲੋਕ ਸੂਤੀ ਕਪੜੇ ਛੱਡਕੇ ਹੁੱਬ ਦੇ ਸਿਲਕੀ ਜਿਹੇ ਕਪੜੇ ਪਾਉਂਦੇ। ਸੂਤੀ ਕਪੜੇ ਗਰੀਬਾਂ ਲਈ ਹੀ ਰਹਿ ਗਏ। ਹੋਲੀ ਹੋਲੀ ਲੋਕ ਫਿਰ ਸੂਤੀ ਵੱਲ ਨੂੰ ਆ ਗਏ। ਹੁਣ ਪਿਊਰ ਕਾਟਨ ਦਾ ਨਾਮ ਚੱਲਦਾ ਹੈ। ਮੋਟੇ ਖੱਦਰ ਦੇ ਕਪੜੇ ਮਿਲ਼ਦੇ ਹੀ ਨਹੀਂ। ਧਾਰੀਦਾਰ ਬੋਸਕੀ ਦਾ ਬਹੁਤ ਰਿਵਾਜ ਸੀ। ਲੋਕ ਮਲਮਲ ਦੇ ਕੁੜਤੇ ਵੀ ਪਾਉਂਦੇ। ਢਾਕੇ ਦੀ ਮਲਮਲ ਦਾ ਨਾਮ ਹੁੰਦਾ ਸੀ। ਕਹਿੰਦੇ ਢਾਕੇ ਦੀ ਮਲਮਲ ਦਾ ਪੂਰਾ ਥਾਨ ਅੰਗੂਠੀ ਵਿਚੋਂ ਨਿਕਲ ਜਾਂਦਾ ਸੀ। ਜੀਂਸ ਨੇ ਸਭ ਨੂੰ ਪਿੱਛੇ ਛੱਡ ਦਿੱਤਾ। ਮੇਰਾ ਦੋਸਤ ਨੇਪਾਲ ਦੇ ਟੂਰ ਤੇ ਗਿਆ ਮੇਰੇ ਲਈ ਜੀਂਸ ਦਾ ਕਪੜਾ ਲਿਆਇਆ। ਫਿਰ ਮੈਂ ਉਸ ਕਪੜੇ ਦੀ ਆਮ ਪੈਂਟ ਵਰਗੀ ਪੈਂਟ ਸਿਲਵਾਈ।
ਹੁਣ ਵੱਖ ਵੱਖ ਬ੍ਰਾਂਡ ਦੇ ਨਾਮ ਹੇਠ ਸੂਤੀ ਸ਼ਰਟਾਂ ਦੀ ਕੀਮਤ ਚਾਰ ਅੰਕਾ ਵਿੱਚ ਹੁੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ