ਵੰਡ | vand

ਜ਼ਿੰਦਗੀ ਦੇ ਅਖੀਰਲੇ ਪਲਾਂ ਵਿੱਚ ਆ ,ਕੁਝ ਖਾਲੀ ਖਾਲੀ ਜਾਪਦਾ।ਅਧੂਰੇ ਸਵਾਲਾਂ ਦੇ ਜਵਾਬ ਲੱਭਣ ‘ਚ ਉਲਝਿਆ ਰਹਿੰਦਾ।ਆਖਿਰ ਕੌਣ ਏ ਕਸੂਰਵਾਰ?ਪਤਾ ਨਹੀਂ ..
ਹਾਂ ਮੈਨੂੰ ਇੰਨਾ ਪਤਾ ਹੈ। ਉਸ ਦਿਨ ਸ਼ਾਇਦ ਉਸ ਦੀ ਅੱਖ ਕਿਸੇ ਪੁਰਾਣੀ ਯਾਦ ਨੇ ਭਰ ਦਿੱਤੀ ਸੀ।ਅਣਜਾਣ ਸੀ, ਸਮਝ ਨਹੀਂ ਸਕਿਆ ਉਨ੍ਹਾਂ ਹੰਝੂਆਂ ਦਾ ਮੁੱਲ।ਤੜਫਦਾ ਹਾਂ ਹੁਣ ,ਉਸ ਆਖਰੀ ਗੱਲਵਕੜੀ ਨੂੰ,”ਉੇਏ ਮੇਰਾ ਪੁੱਤ”ਸ਼ਾਇਦ ਆਖਰੀ ਵਾਰ ਉਸ ਦੇ ਮੂੰਹੋਂ ਇਹੀ ਸੁਣਿਆ ਸੀ। ਧੁਰ ਅੰਦਰ ਖਾਲੀਪਣ, ਪਰ ਬਾਹਰੋਂ ਭਰਿਆ ਪਿਆ ਸੀ।ਦੋਨੋਂ ਧੀ ਪੁੱਤ ਵਿਆਹ ਦਿੱਤੇ, ਆਪੋ ਆਪਣੀ ਵਧੀਆ ਜ਼ਿੰਦਗੀ ਬਸਰ ਕਰ ਰਹੇ ਨੇ।ਇੱਕ ਪਰੀਆਂ ਵਰਗੀ ਪੋਤੀ ‘ਤੇ ਪੋਤਾ, ਧੀਆਂ ਵਰਗੀ ਨੂੰਹ ਰਾਣੀ।ਸਰਕਾਰੀ ਨੌਕਰੀ ਖਤਮ ਕਰ, ਹੁਣ ਆਰਾਮ ਹੀ ਆਰਾਮ ਸੀ।ਹੋਰ ਭਲਾ ਇਨਸਾਨ ਨੂੰ ਉਮਰ ਦੇ ਇਸ ਪੜਾਅ ‘ਤੇ ਆ ਕੇ ਹੋਰ ਕੀ ਚਾਹੀਦਾ।
ਅਕਸਰ ਘਰ ਦੀ ਛੱਤ ‘ਤੇ ਚੜ੍ਹਦਾ ਤਾਂ ਉਦਾਸ ਹੋ ਜਾਂਦਾ।
ਦੂਰ ਦੂਰ ਤੱਕ ਨਜ਼ਰ ਮਾਰਦਾ ‘ਤਾਂ ਘਰ ਘੱਟ ਮਕਾਨ ਜ਼ਿਆਦਾ ਦਿਖਾਈ ਦਿੰਦੇ।
ਉਹ ਖੁੱਲ੍ਹੇ ਵਿਹੜੇ, ਕੱਚੇ ਘਰ, ਆਪਸੀ ਭਾਈਚਾਰਾ। ਬਿਨਾਂ ਜਾਤਾਂ ਪਾਤਾਂ ਵਾਲਾ
ਇੱਕੋ ਲਹੂ ਇੱਕੋ ਮਿੱਟੀ ਕਿਤੇ ਨਾ ਦਿਖ ਦੇ। ਕਿੰਨਾ ਕਿੰਨਾ ਚਿਰ ਲਹਿੰਦੇ ਵਾਲੇ ਪਾਸੇ ਤੱਕਦਾ ਰਹਿੰਦਾ।
ਮੈਂ ਰੱਬ ਨੂੰ ਮੰਨਦਾ ਹਾਂ, ਪਰ ਉਸ ਲਈ ਉਸ ਦੇ ਅੱਲ੍ਹਾ ਨੂੰ ਵੀ ਯਾਦ ਕਰਦਾ ਹਾਂ।ਦੋਵੇਂ ਹੱਥ ਅੱਡ ਦੁਆਵਾਂ ਮੰਗਦਾ, ਜੱਨਤ ਨਸੀਬ ਹੋਵੇ ਉਸ ਰੂਹ ਨੂੰ ‘ਤੇ ਸ਼ੁਕਰਾਨਾ ਕਰ ਅੱਖ ਭਰ ਜਾਂਦੀ ।
ਗੱਲ ਸੰਨ ਸੰਤਾਲੀ ‘ਤੋਂ ਪਹਿਲਾਂ ਦੀ ਏ,ਜਦੋਂ ਇੱਕ ਹੀ ਪੰਜਾਬ ਸੀ। ਕੋਈ ਹੱਦਾਂ ,ਸਰਹੱਦਾਂ ਨਹੀਂ ਸੀ।
ਬਾਪੂ ਦਾ ਦੇਸੀ ਦਵਾਖਾਨਾ ਸੀ ‘ਤੇ ਆਮ ਹੀ ਲਾਹੌਰੋਂ ਦਿੱਲੀ ‘ਤੇ ਦਿੱਲੀ ‘ਤੋਂ ਲਾਹੌਰ ਦਵਾਈਆਂ ਲੈਣ ਜਾਂਦਾ।
ਬੇਬੇ ਨੇ ਬਥੇਰਾ ਆਖਣਾ, ਆਬਦੇ ਬਾਪੂ ਨਾਲ ਕੰਮ ਕਰਵਾਇਆ ਕਰ। ਦਵਾਖਾਨੇ ਬੈਠਿਆ ਕਰ ਕੁੱਝ ਨੁਸਖੇ ਿਸਖ ਲੈ।ਪਰ ਮੇਰਾ ਮਨ ਨਹੀਂ ਸੀ, ਕਰਦਾ ਦਵਾਖਾਨੇ ਬੈਠਣ ਨੂੰ।
ਉਹਨੇ ਦਿਨੀਂ ਅਸਲਮ ਖਾਨ ਮੰਨਿਆ ਪ੍ਰਮੰਨਿਆ ਭਲਵਾਨ ਹੁੰਦਾ ਸੀ।ਬੜੀ ਚੜ੍ਹਾਈ ਸੀ ਉਸਦੀ। ਸੁਣਿਆ ਸੀ, ਪੰਦਰਾਂ ਕਿੱਲੋ ਦੇਸੀ ਘਿਓ ਦਾ ਪੀਪਾ
ਇੱਕ ਹਫ਼ਤੇ ਵਿੱਚ ਹੀ ਖਾਲੀ ਕਰ ਦਿੰਦਾ।ਪਾਣੀ ਵਾਂਗੂੰ ਪੀਂਦਾ ਸੀ ਿਘਉਂ ਤਾਹੀਂ ਤਾਂ ਇੰਨਾ ਤਕੜਾ ਸੀ।
ਅਖਾੜੇ ਵਿੱਚ ਕਹਿੰਦੇ ਕਹਾਉਂਦੇ ਪੇੇਸਾਵਰ ਦੇ ਨਬੀ ਖ਼ਾਂ ਨੂੰ ਜਦੋਂ ਪਹਿਲੀ ਵਾਰ ਚਿੱਤ ਕੀਤਾ,ਤਾਂ ਉਦੋਂ ਤੋਂ ਹੀ ਅਸਲਮ ਦੀ ਝੰਡੀ ਰਹੀ।ਚੜ੍ਹਦੇ ਲਹਿੰਦੇ ਚਾਰੇ ਪਾਸੇ ਨਾ ਬੋਲਦਾ ਸੀ, ਅਸਲਮ ਦਾ।ਮੈਂ ਵੀ ਪਹਿਲਵਾਨ ਬਣਨਾ ਚਾਹੁੰਦਾ ਸੀ,ਪਰ ਘਰ ਦੀ ਆਰਥਿਕ ਹਾਲਤ ਠੀਕ ਠਾਕ ਸੀ।
‘ਤੇ ਪਹਿਲਵਾਨ ਬਣਨ ਲਈ ਸਰੀਰ ਨੂੰ ਲੋੜੀਦੀ ਖੁਰਾਕ ਕਿੱਥੋਂ ਦਿੰਦਾ ।
ਮੈਂ ਆਮ ਹੀ ਲਾਹੌਰ ਦੇ ਬਲੋਚ ਵਾਲਾ ਪਿੰਡ ਵਿੱਚ ਅਖਾੜਾ ਦੇਖਣ ਜਾਂਦਾ।
ਪਹਿਲਵਾਨਾਂ ਨੂੰ ਘੁਲਦੇ ਦੇਖਦਾ ਦਾਅ,ਪੇਚ ਦੇ ਭੇਤ ਸਿੱਖਦਾ। ਬਾਹਰ ਬੈਠੇ ਦਾ ਵੀ ਮੇਰਾ ਉਨਾਂ ਹੀ ਜ਼ੋਰ ਲੱਗ ਜਾਂਦਾ,ਜਿਨਾਂ ਅਖਾੜੇ ਅੰਦਰ ਪਹਿਲਵਾਨ ਦਾ ਲੱਗ ਰਿਹਾ ਹੁੰਦਾ।ਅਸਲ ਰੂਹ ‘ਤੋਂ ਪਿਆਰ ਕਰਦਾ ਸੀ, ਮੈਂ ਪਹਿਲਵਾਨੀ ਨੂੰ।
ਬਾਪੂ ਅਕਸਰ ਝਿੜਕਦਾ, ਇਸ ਨਿਕੰਮੇ ਨੇ ਕੁਝ ਨਹੀਂ ਕਰਨਾ, ਕਿੰਨੀ ਵਾਰੀ ਕਿਹਾ ਦਵਾਖਾਨੇ ਬੈਠ ਜਾਂ ਇਸ ਪਲਵਾਨੀ ਨੇ ਕੁਝ ਨਹੀਂ ਦੇਣਾ।
ਅੱਜ ਤਾਂ ਮੈਨੂੰ ਵੀ ਪਤਾ ਸੀ ਕਿ ਬਾਪੂ ਡੰਡਾ ਚੱਕੂ।ਤੇ ਮੈਂ ਪਹਿਲਾਂ ਵਾਂਗ ਸਾਡੇ ਹੀ ਮੁਹੱਲੇ ਵਿੱਚ ਰਹਿੰਦੇ ਰਸ਼ੀਦ ਖਾਨ ਦੇ ਬੱਕਰੀਆਂ ਵਾਲੇ ਵਾੜੇ ਵਿੱਚ ਜਾ ਲੁਕਿਆ।ਵੈਸੇ ਤਾਂ ਸਾਰੇ ਉਸ ਨੂੰ ਖ਼ਾਨ ਸਾਬ ਕਹਿੰਦੇ ਸੀ, ਪਰ ਬਜ਼ੁਰਗ ਹੋਣ ਕਰਕੇ ਮੈਂ ਉਸ ਨੂੰ ਬਾਬਾ ਹੀ ਕਹਿੰਦਾ।
ਪਰ ਪਤਾ ਨਹੀਂ ਅੱਜ ਬਾਪੂ ਨੂੰ ਕਿੱਥੋਂ ਕਨਸੋਅ ਮਿਲ ਗਈ,ਤੇ ਆਣ ਬੱਕਰੀਆਂ ਵਿੱਚ ਹੀ ਢਾਹ ਲਿਆ।ਮੈਂ ਤਾਂ ਘੱਟ ਰੌਲਾ ਪਾਇਆ ਪਰ, ਬੱਕਰੀਆਂ ਨੇ ਜ਼ਿਆਦਾ ਹੀ ਰੌਲਾ ਚੁੱਕ ਦਿੱਤਾ।ਬੱਕਰੀਆਂ ਦਾ ਰੌਲਾ ਸੁਣ ਖਾਨ ਬਾਬਾ ਵੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਆਇਆ।ਦੂਰੋਂ ਹੀ ਆਵਾਜ਼ ਮਾਰੀ ਸਰਦਾਰ ਜੀ ਰੁੱਕ ਜਾਓ ਨਾ ਮਾਰੋ ਮੁੰਡੇ ਨੂੰ ‘ਤੇ ਖਾਨ ਬਾਬੇ ਨੇ ਮੈਨੂੰ ਬਾਪੂ ਕੋਲੋਂ ਛੁਡਵਾ ਲਿਆ।ਸਰਦਾਰਾਂ ਕਿਉਂ ਕੁੱਟੀ ਜਾਨੇ ਜਵਾਕ ਨੂੰ? ਬਾਪੂ ਨੇ ਡੰਡਾ ਸੁੱਟ ਦਿੱਤਾ ‘ਤੇ ਮੱਥੇ ‘ਤੇ ਫਿਕਰ ਦੀਆਂ ਲਕੀਰਾਂ ਲਿਆ ਬੋਲਿਆ,”ਖਾਨ ਸਾਹਬ ਤੁਸੀਂ ਕਿਹੜਾ ਓਪਰੇ ਹੋ ,ਤੁਹਾਡੇ ਕੋਲੋਂ ਕੀ ਓਹਲਾ।ਦਵਾਖਾਨੇ ਚ ਕਿਹੜੀ ਕਮਾਈ ਮਸੀ ਰੋਟੀ ਜੋਗਾ ਹੀਲਾ ਵਸੀਲਾ ਹੁੰਦਾ ਏ ‘ਤੇ ਇਹ ਜਨਾਬ ਕੋਈ ਕੰਮ ਕਾਰ ਨਹੀਂ ਕਰਦਾ, ਅਤੇ ਉੱਤੋਂ ਕਹਿੰਦਾ ਮੈਂ ਪਹਿਲਵਾਨ ਬਣਨਾ।ਹੁਣ ਤੁਸੀਂ ਦੱਸੋਂ ਖ਼ਾਨ ਸਾਬ ਮੈਂ ਕੀ ਕਰਾਂ ?
ਖਾਨ ਬਾਬੇ ਨੇ ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ।
ਪਹਿਲਵਾਨ ਬਣਨਾ ਇਹ ਤਾਂ ਆਜਾ ਫਿਰ?
ਖ਼ਾਨ ਸਾਬ ਨੇ ਬਾਪੂ ਨੂੰ ਸਮਝਾਇਆ ਕਿ ਮੇਰੇ ਕੋਲ ਬਹੁਤ ਬੱਕਰੀਆਂ ਤੇ ਕੁਝ ਮੱਝਾਂ ਨੇ,ਬਜ਼ੁਰਗ ਸਰੀਰ ਹੋਣ ਕਾਰਨ ਹੁਣ ਓਨਾ ਕੰਮ ਨਹੀਂ ਹੁੰਦਾ ‘ਤੇ ਇਹ ਬੱਕਰੀਆਂ ਤੇ ਮੱਝਾਂ ਨੂੰ ਚਾਰ ਲਿਆਇਆ ਕਰੋ।ਦੁੱਧ ਲੱਸੀ ਸੁੱਖ ਨਾਲ ਵਾਧੂ ਆ ,ਮੇਰਾ ਤਾਂ ਇਹੋ ਆਂ ਰੋਜ਼ੀ ਰੋਟੀ ਦਾ ਸਾਧਨ ‘ਤੇ ਹੁਣ ਥੋੜ੍ਹਾ ਘੱਟ ਕਮਾ ਲਵਾਂਗੇ।
ਤੇ ਲਓ ਜੀ ਉਸ ਦਿਨ ‘ਤੋਂ ਆਪਾਂ ਵੀ ਪਹਿਲਵਾਨੀ ਦੇ ਅਖਾੜੇ ਵਿੱਚ ਪੈਰ ਧਰ ਦਿੱਤਾ।ਰੋਜ਼ ਬੱਕਰੀਆਂ ਚਾਰਨ ਜਾਂਦਾ ਜਦ ਮਨ ਕਰਨਾ ਬੱਕਰੀ ਦਾ ਦੁੱਧ ਕੱਢਣਾ ‘ਤੇ ਰੱਜ ਕੇ ਪੀਣਾ।ਸਾਰਾ ਸਾਰਾ ਦਿਨ ਕਸਰਤ ਕਰਦੇ ਰਹਿਣਾ, ਪਰ ਜਦ ਅਸਲਮ ਪਹਿਲਵਾਨ ਦੀ ਪੰਦਰਾਂ ਕਿਲੋ ਦੇ ਦੇਸੀ ਘਿਓ ਵਾਲੀ ਗੱਲ ਯਾਦ ਆਉਂਦੀ ਤਾਂ ਲੱਗਦਾ ਕਿ ਬੱਕਰੀਆਂ ਦੇ ਦੁੱਧ ਨਾਲ ਕੁਝ ਨਹੀਂ ਬਣਨਾ ਿਘਉਂ ਤਾਂ ਖਾਣਾ ਹੀ ਪੈਣਾ?
‘ਤੇ ਮੈਨੂੰ ਪਤਾ ਸੀ, ਕਿ ਬਾਬੇ ਦੇ ਕਮਰੇ ਵਿੱਚ ਤਿੰਨ ਵੱਡੇ ਵੱਡੇ ਤੋਂੜੇ ਦੇਸੀ ਘਿਓ ਦੇ ਭਰੇ ਰਹਿੰਦੇ ਨੇ,ਜਿਸ ਨੂੰ ਬਾਬਾ ਲਾਹੌਰ ਮੰਡੀ ਵੇਚ ਆਉਦਾ।ਅੰਦਰ ਅੱਗ ਮੰਚਦੀ ਰਹਿੰਦੀ ਪਹਿਲਵਾਨ ਬਣਨ ਵਾਲੀ ‘ਤੇ ਉਸੇ ਅੱਗ ਨੇ ਇੱਕ ਦਿਨ ਇੱਕ ਬੱਕਰੀ ਦਾ ਮੇਮਨਾ ਚੋਰੀ ਕਰਵਾ ਦਿੱਤਾ ‘ਤੇ ਮੇਮਣਾ ਵੇਚ ਘਿਉ ਦਾ ਪੀਪਾ ਲਿਆ ਬੱਕਰੀਆਂ ਵਾਲੇ ਵਾੜੇ ਵਿੱਚ ਰੱਖ ਲਿਆ ‘ਤੇ ਰੋਜ ਬਾਟੀ ਭਰ ਪੀ ਜਾਣਾ, ਕਸਰਤ ‘ਤੇ ਧਿਆਨ ਦੇਣਾ ‘ਤੇ ਸਰੀਰ ਵਿੱਚ ਲਚਕ ਆਉਣ ਲੱਗੀ, ਪਰ ਡਰ ਵੀ ਸਤਾਵੇ ਕਿ ਜੇ ਖਾਨ ਬਾਬੇ ਨੂੰ ਲੱਗ ਗਿਆ ‘ਤੇ ਫਿਰ।
ਖੈਰ ਉਹ ਿਘਉਂ ਵੀ ਮੈਂ ਕੁਝ ਦਿਨਾਂ ਵਿੱਚ ਹੀ ਖ਼ਤਮ ਕਰ ਦਿੱਤਾ
ਹੁਣ ਹੋਰ ਜ਼ਿਆਦਾ ਨਸ਼ੇ ਵਾਂਗ ਤਲਬ ਲੱਗਦੀ ਿਘਉਂ ਦੀ ‘ਤੇ ਜਦ ਕਦੇ ਬਾਬਾ ਕਿਤੇ ਬਾਹਰ ਜਾਂਦਾ ‘ਤਾਂ ਬਾਬੇ ਦੇ ਕਮਰੇ ਵਿੱਚ ਜਾਂਦਾ ‘ਤੇ ਤੋੜੇ ਵਿੱਚੋਂ ਿਘਉਂ ਕੱਢ ਪੀ ਜਾਦਾ।ਰੋਜ਼ ਅਖਾੜੇ ਵਿੱਚ ਪਹਿਲਵਾਨੀ ਕਰਦਾ, ਅੱਗੇ ਨਾਲੋਂ ਬਹੁਤ ਸੁਧਾਰ ਹੋ ਗਿਆ ਸੀ।
ਪਤਾ ਹੀ ਨਹੀਂ ਲੱਗਿਆ ਕਦ ਬਾਬੇ ਦੇ ਤਿੰਨੇ ਤੌੜੇ ਖਾਲੀ ਹੋ ਗਏ।ਹੁਣ ਤਾਂ ਹੋਰ ਵੀ ਡਰ ਸਤਾਉਣ ਲੱਗਾ ‘ਤੇ ਫਿਰ ਇੱਕ ਦਿਨ ਜਦ ਬਾਬੇ ਨੇ ਘਿਓ ਵੇਚਣ ਜਾਣਾ ਸੀ ‘ਤਾਂ ਦੇਖਿਆ ਤੌੜੇ ਖਾਲੀ।ਖਾਨ ਬਾਬਾ ਸੋਚਣ ਲੱਗਾ ਕਿ ਚੋਰ ਦਾ ‘ਤਾਂ ਇਹ ਕੰਮ ਨਹੀਂ।ਫਿਰ ਜਦ ਬਾਬੇ ਨੇ ਮੇਰੇ ਵੱਲ ਤੱਕਿਆ ‘ਤਾਂ ਬਾਬਾ ਸਮਝ ਗਿਆ ਸੀ।ਮੈਂ ਡਰਦਾ ਮਾਰਾ ਭੱਜ ਵਿਹੜੇ ਦੀ ਕੱਚੀ ਕੰਧ ਟੱਪਣ ਹੀ ਲੱਗਾ ਸੀ, ਕਿ ਬਾਬੇ ਨੇ ਆਵਾਜ਼ ਮਾਰੀ।
ਰੁੱਕ ਜਾਂ ਪੁੱਤ ,ਸੱਚ ਦੱਸੀਂ ਿਘਉਂ ਤੂੰ ਹੀ ਖਾਧਾ ਏ?
ਮੈਂ ਨੀਵੀਂ ਪਾ ਬਾਬੇ ਕੋਲ ਆ ਗਿਆ। ਨਜ਼ਰ ਮਿਲਾਉਣ ਦੀ ਹਿੰਮਤ ਨਹੀਂ ਸੀ, ਬਾਬੇ ਨਾਲ,ਤੇ ਮੈਂ ਬਾਬੇ ਨੂੰ ਦੱਸ ਦਿੱਤਾ ਕਿ ਿਘਉਂ ਮੈਂ ਹੀ ਖਾਧਾ ਏ।
ਖਾਨ ਬਾਬਾ ਕਦੇ ਮੈਨੂੰ ਦੇਖਦਾ ਅਤੇ ਕਦੇ ਤਿੰਨੇ ਖ਼ਾਲੀ ਤੋੜਿਆਂ ਨੂੰ।
ਮਾਸ਼ਾ ਅੱਲ੍ਹਾ …
ਏਨਾ ਆਖ ਖਾਨ ਬਾਬੇ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਆ ਗਈ।ਮੋਢੇ ਤੇ ਥਾਪੀ ਮਾਰ ਬਾਬੇ ਨੇ ਕਿਹਾ, “ਲੈ ਸ਼ੇਰਾ” ਘਿਓ ਦਾ ਮੁੱਲ ਜ਼ਰੂਰ ਮੋੜੀ।ਇਸ ਵਾਰ ਲਾਹੌਰ ਦੇ ਅਖਾੜੇ ਵਿੱਚ ਝੰਡੀ ਤੇਰੀ ਹੋਵੇ ।
ਜਾਂ ਮੇਰਾ ਸ਼ੇਰ ਕਰ ਤਿਆਰੀ ਅਖਾੜੇ ਵਿੱਚ ਜਾ ਕੇ ,ਮੈਂ ਖੁਸ਼ੀ ਮਾਰੇ ਭੱਜਿਆ, ਪਰ ਫੇਰ ਰੁਕ ਕੇ ਬਾਬੇ ਨੂੰ ਆਵਾਜ਼ ਮਾਰੀ।ਬਾਬਾ ਇੱਕ ਹੋਰ ਗੁਨਾਹ ਏ ਜੋ ਮੈਨੂੰ ਰਾਤ ਨੂੰ ਸੌਣ ਨਹੀਂ ਦਿੰਦਾ?
ਦੱਸ ਪੁੱਤ ਕੀ ਗੁਨਾਹ ਏ ?
ਬਾਬਾ ਮੈਂ ਇੱਕ ਬੱਕਰੀ ਦਾ ਮੇਮਣਾ ਵੇਚ ਦਿੱਤਾ ਸੀ ‘ਤੇ ਉਸ ਦਾ ਘਿਉ ਲਿਆ ਕੇ ਖਾ ਗਿਆ ।
ਖਾਨ ਬਾਬੇ ਦੇ ਹਾਸੇ ਨਾਲ ਸਾਰਾ ਮੁਹੱਲਾ ਗੂੰਜ ਉੱਠਿਆ। ਪਹਿਲੀ ‘ਤੇ ਆਖ਼ਰੀ ਵਾਰ ਬਾਬੇ ਨੂੰ ਏਨਾ ਖੁਸ਼ ਦੇਖਿਆ ਸੀ ।
ਓਏ ਮੇਰਾ ਪੁੱਤ ‘ਤੇ ਖਾਨ ਬਾਬੇ ਨੇ ਮੈਨੂੰ ਗਲਵੱਕੜੀ ਪਾ ਲਈ,ਅੱਖਾਂ ਵਿੱਚੋਂ ਹੰਝੂ ਵਗ ਤੁਰੇ ਬਾਬੇ ਦੇ ਸ਼ਾਇਦ ਕੋਈ ਪੁਰਾਣੀ ਯਾਦ ਤਾਜ਼ਾ ਹੋ ਗਈ।ਬਾਪੂ ਕਦੇ ਕਦੇ ਦੱਸਦਾ ਹੁੰਦਾ ਸੀ, ਕਿ ਖਾਨ ਸਾਬ ਦਾ ਵੀ ਹੱਸਦਾ ਵੱਸਦਾ ਪਰਿਵਾਰ ਸੀ ।ਇੱਕੋ ਇੱਕ ਮੁੰਡਾ ਸੀ, ਬਹੁਤ ਲਾਇਕ ‘ਤੇ ਭਰ ਜਵਾਨੀ ਵਿੱਚ ਹੀ ਕਿਸੇ ਬਿਮਾਰੀ ਕਾਰਨ ਅੱਲ੍ਹਾ ਨੂੰ ਪਿਆਰਾ ਹੋ ਗਿਆ ‘ਤੇ ਉਸ ਤੋਂ ਬਾਅਦ ਬਾਬੇ ਦੀ ਘਰ ਵਾਲੀ ਵੀ ਬਾਬੇ ਨੂੰ ਛੱਡ ਇਸ ਜਹਾਨ ਤੋਂ ਤੁਰ ਗਈ ‘ਤੇ ਖਾਨ ਬਾਬਾ ਅਤੇ ਉਸ ਦੀਆ ਆਹ ਬੱਕਰੀ ਹੀ ਰਹਿ ਗਈਆਂ।ਅੱਜ ਸ਼ਾਇਦ ਖਾਨ ਬਾਬੇ ਨੂੰ ਆਪਣੇ ਪੁੱਤ ਦੀ ਝਲਕ ਮੇਰੇ ਵਿੱਚੋਂ ਪੈ ਰਹੀ ਸੀ।ਖਾਨ ਬਾਬੇ ਨੇ ਹੋਰ ਘੁੱਟ ਕੇ ਜੱਫੀ ਪਾ ਲਈ ‘ਤੇ ਬਾਬੇ ਦਾ ਉਹ ਆਖਰੀ ਸ਼ਬਦ ਅੱਜ ਵੀ ਦਰਦ ਦਿੰਦਾ ਹੈ।
ਜਦ ਬਾਬੇ ਨੇ ਕਿਹਾ ਪੁੱਤ ਮੇਰਾ ਕੌਣ ਆ?ਤੇਰਾ ਹੀ ਆ ਸਭ ਕੁਝ ਤੂੰ “ਵੰਡ” ਚਾਹੇ ਵੇਚ ‘ਤੇ ਆਖ ਬਾਬਾ ਕਮਰੇ ਵਿੱਚ ਚਲਾ ਗਿਆ।ਸ਼ਾਇਦ ਉਸ ਦਿਨ ਮੈਂ ਆਖਰੀ ਵਾਰ ਉਸ ਜਿਉਂਦੀ ਜਾਗਦੀ ਰੂਹ ਨੂੰ ਦੇਖ ਰਿਹਾ ਸੀ।
ਸਵੇਰ ਨੂੰ ਖਾਨ ਬਾਬਾ ਅੱਲ੍ਹਾ ਨੂੰ ਪਿਆਰਾ ਹੋ ਗਿਆ।ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਮੇਰਾ ਇੱਕ ਬਾਪੂ ਮਰ ਗਿਆ ਹੋਵੇ।ਬਹੁਤ ਦੁੱਖ ਹੋਇਆ ਉਸ ਦਿਨ ਮੈਨੂੰ,ਅੰਦਰ ਜੋ ਅੱਗ ਮੱਚਦੀ ਸੀ, ਬਾਬਾ ਜਾਂਦਾ ਜਾਂਦਾ ਉਸ ਨੂੰ ਹੋਰ ਵਧਾ ਗਿਆ।ਦਿਨ ਰਾਤ ਇੱਕ ਕਰ ਦਿੱਤੀ ‘ਤੇ ਆਖ਼ਰ ਬਾਬੇ ਦੇ ਘਿਓ ਦਾ ਮੁੱਲ ਮੋੜ ਦਿੱਤਾ।ਲਾਹੌਰ ਦੇ ਅਖਾੜੇ ‘ਤੇ ਕਹਿੰਦੇ ਕਹਾਉਂਦੇ ਅਸਲਮ ਨੂੰ ਜਿੱਤ ਕੇ ਬਾਬੇ ਦੇ ਨਾਂ ਦੀ ਝੰਡੀ ਗੱਡ ਦਿੱਤੀ।
ਦੂਰ ਦੂਰ ਤੱਕ ਰੌਲਾ ਪੈ ਗਿਆ ਕਿ ਅਸਲਮ ਦੀ ਗੋਡੀ ਲਗਾਉਣ ਵਾਲਾ ਜੰਮ ਪਿਆ।ਜੇ ਖਾਣ ਬਾਬਾ ਨਾ ਹੁੰਦਾ ਤਾਂ ਸ਼ਾਇਦ ਪਹਿਲਵਾਨ ਬਣਨਾ ਮੁਸ਼ਕਿਲ ਸੀ ‘ਤੇ ਜਲਦ ਹੀ ਮੈਨੂੰ ਖੇਡ ਕੋਟੇ ਵਿੱਚ ਸਰਕਾਰੀ ਨੌਕਰੀ ਮਿਲ ਗਈ ‘ਤੇ ਆਖਰ ਉਹ ਕਾਲਾ ਦਿਨ ਆ ਹੀ ਗਿਆ। ਜਦ ਹੱਸਦਾ ਵੱਸਦਾ ਪੰਜਾਬ ਜਾਤਾਂ ਪਾਤਾਂ,ਮਜ਼ਹਬ ਦੀ ਭੱਠੀ ਵਿੱਚ ਝੋਕ ਦਿੱਤਾ।ਕਤਲੋ ਗਾਰਤ ਹੋਈ, ਭਾਈਚਾਰਾ ਖ਼ਤਮ ਹੋ ਗਿਆ। ਮੁਸਲਮਾਨ ਸਿੱਖਾਂ ਨੂੰ ਮਾਰਨ ਲੱਗੇ ‘ਤੇ ਸਿੱਖ ਮੁਸਲਮਾਨਾਂ ਨੂੰ।
ਪਰ ਇਨਸਾਨ ਤਾਂ ਉਹੀ ਸੀ। ਮੇਰੇ ਬਾਪੂ ਵਰਗਾ ਸਰਦਾਰ ‘ਤੇ ਖਾਨ ਬਾਬੇ ਵਰਗਾ ਮੁਸਲਮਾਨ,ਫਿਰ ਨਫ਼ਰਤ ਕਿੱਥੇ ਪੈਦਾ ਹੋਈ? ਸਮੇਂ ਦੀਆਂ ਸਰਕਾਰਾਂ ਨੇ ਫਾਇਦਾ ਚੁੱਕਿਆ ‘ਤੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ।
ਮੈਂ ਅੱਜ ਦੇ ਪੰਜਾਬ ਦੇ ਹਿੱਸੇ ਆਇਆ ‘ਤੇ ਸਾਡਾ ਖਾਨ ਬਾਬਾ ਲਹਿੰਦੇ ਪੰਜਾਬ ਵਿੱਚ ਹੀ ਰਹਿ ਗਿਆ।
ਅੱਖਾਂ ਭਰ ਆਈਆਂ ਉਸ ਪਵਿੱਤਰ ਰੂਹ ਨੂੰ ਯਾਦ ਕਰ,ਜਿਸ ਦੀ ਬਦੌਲਤ ਇਹ ਆਰਾਮ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ।
ਅੱਲ੍ਹਾ ਜੰਨਤ ਬਖਸ਼ੇ ਉਸ ਰੂਹ ਨੂੰ ‘ਤੇ ਹੱਥ ਆਪਣੇ ਆਪ ਅੱਡੇ ਜਾਂਦੇ।
ਦਾਦਾ ਜੀ ਦਾਦਾ ਜੀ ‘ਤੇ ਆਣ ਮੇਰੀ ਪੋਤੀ ਨੇ ਮੈਨੂੰ ਅਤੀਤ ਵਿੱਚੋਂ ਬਾਹਰ ਕੱਢ ਲਿਆ।ਭਰੀਆਂ ਅੱਖਾਂ ਸਾਫ ਕਰ ਮੈਂ ਆਪਣੀ ਪੋਤੀ ਨੂੰ ਚੁੱਕ ਲਿਆ,” ਹਾਂ ਦੱਸ ਮੇਰਾ ਪੁੱਤ “ਕੀ ਗੱਲ ਏ।
ਦਾਦਾ ਜੀ ਵੀਰੇ ਨੇ ਮੇਰੀ ਟੌਫੀ ਖੋਹ ਲਈ ਏ?
ਮੈਂ ਥੋੜ੍ਹਾ ਹੱਸਿਆ ‘ਤੇ ਦੋਵੇਂ ਬੱਚਿਆਂ ਨੂੰ ਕੋਲ ਬਿਠਾ ਲਿਆ ਤੇ ਉਹ ਟੌਫੀ ਅੱਧੀ ਅੱਧੀ ਵੰਡ ਦਿੱਤੀ।ਬੱਚੇ ਦੋਨੋਂ ਹੀ ਖੁਸ਼ ਹੋ ਗਏ ।ਪਰ ਮੈਂ ਫਿਰ ਅਧੂਰੇ ਸਵਾਲਾਂ ਵਿੱਚ ਉਲਝ ਗਿਆ,ਕਿ ਉਹ ਕਿਹੋ ਜਿਹੀ “ਵੰਡ” ਸੀ। ਜਿਸ ਨੇ ਆਪਣਿਆਂ ਤੋਂ ਆਪਣਿਆਂ ਨੂੰ ਹੀ “ਵੰਡ” ਦਿੱਤਾ।
ਮਨ ਉਦਾਸ ਹੋ ਜਾਂਦਾ ਘਰਾਂ ਦੀ ਥਾਂ ਮਕਾਨਾਂ ਨੂੰ ਵੇਖ, ਕੰਧਾਂ ਹੀ ਕੰਧਾਂ “ਵੰਡ” ਦੀ ਪ੍ਰਤੀਕ ਬਣ ਮੇਰੇ ਜ਼ਖ਼ਮਾਂ ਨੂੰ ਹੋਰ ਛੱਲਣੀ ਕਰਦੀਆਂ।
ਅੱਜ ਵੀ ਉਹੀ ਖੂਨ ਉਹੀ ਮਿੱਟੀ ,ਪਰ ਜਾਤਾਂ ਪਾਤਾਂ ਵਿੱਚ “ਵੰਡ” ਗਈ ਸਾਰੀ ਧਰਤੀ। ਕੀ ਹਰ ਮਸਲੇ ਦਾ ਹੱਲ “ਵੰਡ” ਹੀ ਹੈ?
ਸਮਾਪਤ

95172-90006

Leave a Reply

Your email address will not be published. Required fields are marked *