ਬੇਸ਼ਕ ਪਰਿਵਾਰ ਵਿੱਚ ਛੋਟਾ ਸੀ, ਪਰ ਅੰਦਰਲੇ ਹਊਮੇ ਕਾਰਨ ਹਮੇਸ਼ਾ ਆਪਣੇ ਆਪ ਨੂੰ ਵੱਡਾ ਹੀ ਮਹਿਸੂਸ ਕੀਤਾ।ਪਿੰਡ ਦੀ ਮਿੱਟੀ ‘ਤੇ ਲੋਕ ਜਿਵੇਂ ਬਦਲਦੇ ਮੌਸਮ ਵਾਂਗ ਅਲਰਜੀ ਜਿਹੀ ਕਰਦੇ ਹੋਣ। ਅੰਦਰਲੀ ਅਫ਼ਸਰੀ ਨੇ ਕਿੰਨੇ ਹੀ ਰਿਸ਼ਤਿਆਂ ਨੂੰ ਨਿਗਲ ਲਿਆ। ਭਰ ਜਵਾਨੀ ਜੰਗੀਰੋ ਦਾ ਪਤੀ ਗੁਜ਼ਰ ਗਿਆ।ਦੋ ਮਾਸੂਮ ਜੇ ਪੁੱਤਾਂ ਨੂੰ ,ਪਤੀ ਤੋਂ ਬਗੈਰ ਬੜੀ ਨਿਡਰਤਾ ਨਾਲ ਪਾਲ਼ਿਆ ਪੋਸਿਆ।ਹਰ ਰੋਜ਼ ਕਿੰਨੀਆਂ ਹੀ ਤੋਹਮਤਾਂ ‘ਤੇ ਮੈਲੀਆਂ ਅੱਖਾਂ ਨੂੰ ਕਿਸੇ ਜ਼ਹਿਰ ਦੇ ਘੁੱਟ ਵਾਂਗ ਅੰਦਰੇ ਹੀ ਨਿਗਲ ਜਾਂਦੀ।ਵੱਡਾ ਪੁੱਤ ਸਮੇਂ ਤੋਂ ਪਹਿਲਾਂ ਹੀ ਜਵਾਨ ਹੋ ਗਿਆ ‘ਤੇ ਪੜ੍ਹਾਈ ਵਿੱਚੇ ਛੱਡ ਕਿਸੇ ਕੰਮਕਾਰ ਲੱਗ ਗਿਆ।
ਛੋਟੇ ਪੁੱਤ ਨੂੰ ਖ਼ੂਬ ਪੜ੍ਹਾਇਆ ਲਿਖਾਇਆ ‘ਤੇ ਅਖੀਰ ਅਫ਼ਸਰ ਬਣ ਸ਼ਹਿਰ ਜਾ ਕੋਠੀ ਪਾ ਲਈ।ਵੱਡੇ ਪੁੱਤ ਨੇ ਉੱਥੇ ਪਿੰਡ ਵਿੱਚ ਰਹਿ ਕੇ ਹੀ ਆਪਣਾ ਕੰਮਕਾਰ ਸ਼ੁਰੂ ਕਰ ਲਿਆ।
ਅਫ਼ਸਰ ਪੁੱਤ ਆਪਣੀ ਮਾਂ ਨਾਲ ਅਕਸਰ ਝਗੜਾ ਕਰਦਾ ਕੇ ਸ਼ਹਿਰ ਕੋਠੀ ਵਿੱਚ ਆ ਕੇ ਰਹਿ।
‘ਤੇ ਅਖੀਰ ਜਗੀਰੋ ਇੱਕ ਦਿਨ ਆਪਣੇ ਪੁੱਤ ਨਾਲ ਚਲੀ ਗਈ।
ਪੁੱਤ ਦੇ ਘਰ ਹਰ ਸੁੱਖ ਸਹੂਲਤ ਵੇਖ ਜਗੀਰੋ ਅਸੀਸਾਂ ਦਿੰਦੀ।
ਛੋਟਾ ਪੁੱਤ ਹੋਣ ਦੇ ਬਾਵਜੂਦ ਵੀ ਖ਼ੁਦ ਨੂੰ ਵੱਡਾ ਮਹਿਸੂਸ ਹੁੰਦਾ।
ਤਿੱਨ ਚਾਰ ਦਿਨ ਰਹਿਣ ਤੋਂ ਬਾਅਦ ਜਗੀਰੋ ਨੇ ਆਪਣੇ ਕੱਪੜੇ ਝੋਲੇ ਵਿੱਚ ਪਾ ਲਏ।
ਕੀ ਗੱਲ ਮਾਂ ਇੱਥੇ ਕੋਈ ਕਮੀ ਏਂ।
ਨਹੀਂ ਪੁੱਤ ਕੋਈ ਕਮੀ ਨਹੀਂ।
ਸਭ ਕੁਝ ਆ ਤੇਰੇ ਕੋਲ ,ਹਰ ਸੁੱਖ ਸਹੂਲਤ।
ਪਰ ਪੁੱਤ ਇੱਥੇ ਮੈਨੂੰ ਤੇਰੇ ਬਾਪੂ ਦੀ ਕਮੀ ਜਿਹੀ ਮਹਿਸੂਸ ਹੁੰਦੀ ਆ,
ਮੈਨੂੰ ਪਿੰਡ ਛੱਡ ਆ, ਘਰ ਬਿਨਾਂ ਨਹੀਂ ਸਰਦਾ।
ਅੱਜ ਮਹਿਸੂਸ ਹੋਇਆ ਜਿਵੇਂ ਦੋ ਮੰਜ਼ਲੀ ਕੋਠੀ ਕਿੰਨਾ ਸਾਰਾ ਐਸ਼ੋ ਆਰਾਮ, ਉਨ੍ਹਾਂ ਕੱਚੇ ਢਾਰਿਆਂ ਅੱਗੇ ਕੱਖੋਂ ਹੌਲਾ ਹੋ ਗਿਆ ਹੋਵੇ।
ਕੁਲਵੰਤ ਘੋਲੀਆ
95172-90006