ਬਲਜੀਤ ਨੇ ਘਰ ਵੜਦੇ ਹੀ ਬਸਤਾ ਵਗਾਹ ਵਿਹੜੇ ਵਿੱਚ ਮਾਰਿਆ।ਕੰਧੋਲੀ ਚ’ ਬੈਠੀ ਮਾਂ ਨੇ ਝਾਤ ਮਾਰੀ ਤਾਂ ਬਲਜੀਤਾ ਸਿਰ ਦਾ ਪਟਕਾ ਹੱਥ ਚ’ ਫੜੀ ਗਰਮੋ ਗਰਮੀ ਹੋਇਆ ਤੁਰਿਆ ਆਉਂਦਾ ਸੀ।
ਮਾਂ ਨੇ ਪਿਆਰ ਨਾਲ ਬਲਜੀਤ ਨੂੰ ਬੁੱਕਲ ਵਿੱਚ ਲੈ ਲਿਆ……
ਕੀ ਗੱਲ ਹੋ ਗਈ ਪੁੱਤ, ਇੰਨਾ ਗੁੱਸਾ…?
ਮਾਂ ,ਮੈਂ ਨੀਂ ਸਕੂਲ ਜਾਣਾ ਕੱਲ੍ਹ ਤੋਂ!
ਕਿਉਂ ਪੁੱਤ ਕੀ ਗੱਲ?
ਮਾਂ ਉਹ ਜੋ ਜੰਗੀਰ ਤਾਏ ਕਾ ਮੁੰਡਾ ਨਹੀਂ, ਜਿਹੜਾ ਨਾਨਕੇ ਰਹਿੰਦਾ। ਉਹਨੇ ਮੇਰਾ ਅੱਜ ਫਿਰ ਪਟਕਾ ਢਾਹ ਦਿੱਤਾ।
ਮੈਨੂੰ ਰੋਜ਼ ਕਲਾਸ ਵਿੱਚ ਜੁੂੜੀ ਮਾਸਟਰ ਕਹਿ ਕੇ ਚੜ੍ਹਾਉਂਦੇ ਨੇ,ਮਾਂ, ਮੈਂ ਨਹੀਂ ਪਟਕਾ ਬੰਨ੍ਹਿਆਂ ਕਰਨਾ।
ਮਾਂ ਨੇ ਬੜੇ ਪਿਆਰ ਨਾਲ ਬਲਜੀਤ ਦਾ ਮੱਥਾ ਚੁੰਮਦੇ ਕਿਹਾ..”ਕੋਈ ਗੱਲ ਨਹੀਂ ਪੁੱਤ” ਹਾਲੇ ਉਹ ਨਿਆਣੇ ਨੇ ਇਸ ਪਟਕੇ ਦੀ ਕਦਰ ਕੀ ਹੈ,ਉਨ੍ਹਾਂ ਨੂੰ ਪਤਾ ਨਹੀਂ ‘ਤੇ ਏਨਾਂ ਆਖ ਮਾਂ ਨੇ ਬਲਜੀਤ ਦੇ ਕੇਸ ਚੰਗੀ ਤਰ੍ਹਾਂ ਕੰਘੇ ਨਾਲ ਵਾਹ ਫਿਰ ਤੋਂ ਪਟਕਾ ਕਰ ਦਿੱਤਾ।
ਸਮਾਂ ਗੁਜ਼ਰਦਾ ਗਿਆ। ਕੌੜੇ ਮਿੱਠੇ ਜ਼ਿੰਦਗੀ ਦੇ ਅਨੁਭਵ ਸਮੇਟ ਸਭ ਆਪੋ ਆਪਣੀ ਜ਼ਿੰਦਗੀ ਵਿੱਚ ਵਿਅਸਥ ਹੋ ਗਏ।ਅਚਾਨਕ ਕਈ ਸਾਲਾਂ ਬਾਅਦ ਕੁਝ ਸਕੂਲੀ ਦੋਸਤਾਂ ਨੇ ਇਕੱਠੇ ਹੋਣ ਦਾ ਵਿਚਾਰ ਬਣਾ ਲਿਆ।ਮੈਨੂੰ ਵੀ ਸੱਦਾ ਭੇਜ ਦਿੱਤਾ। ਅੱਜ ਫੇਰ ਉਹ ਯਾਰ ਬੇਲੀ ਸਭ ਇਕੱਠੇ ਹੋ ਗਏ।ਬੀਤੇ ਬਚਪਨ ਦੀਆਂ ਗੱਲਾਂ ਸਾਂਝੀਆਂ ਕਰ ਹੱਸਦੇ।ਕਈ ਸਾਡੇ ਪੁਰਾਣੇ ਟੀਚਰ ਸਾਹਿਬਾਨ ਵੀ ਸਟੇਜ ‘ਤੇ ਬਿਰਾਜਮਾਨ ਸੀ।ਇਤਫਾਕਨ ਸਟੇਜ ਸੈਕਟਰੀ ਦੀ ਡਿਊਟੀ ਉਹੀ ਮੁੰਡਾ ਨਿਭਾ ਰਿਹਾ ਸੀ, ਜੋ ਮੈਨੂੰ ਬਚਪਨ ਵਿੱਚ ਜੁੂੜੀ ਮਾਸਟਰ ਕਹਿੰਦਾ ਹੁੰਦਾ ਸੀ।ਬਚਪਨ ਦੀਆਂ ਗੱਲਾਂ ਚੱਲ ਪਈਆਂ। ਸਭ ਦੋਸਤਾਂ ਬਾਰੇ ਦੱਸਿਆ ਗਿਆ, ਪਰ ਮੇਰਾ ਦਿਲ ਧੜਕ ਰਿਹਾ ਸੀ।ਇੰਝ ਲੱਗਿਆ ਜਿਵੇਂ ਮੈਂ ਫਿਰ ਤੋਂ ਉਸ ਸਕੂਲੀ ਲਾਈਫ ਵਿੱਚ ਵਾਪਸ ਆ ਗਿਆ ਹੋਵਾਂ ‘ਤੇ ਅੱਜ ਉਹ ਫਿਰ ਤੋਂ ਮੈਨੂੰ ਚੜ੍ਹਾਵੇਗਾ।ਮੈਂ ਖੁਦ ਨੂੰ ਲੁਕਾਉਣ ਦੀ ਕੋਸ਼ਿਸ਼ ਜਿਹੀ ਕਰਨ ਲੱਗਾ,ਪਰ ਜਦ ਉਸ ਨੇ ਮੇਰੇ ਬਾਰੇ ਸਟੇਜ ਤੋਂ ਬੋਲਿਆ ਤਾਂ ਮੇਰਾ ਮਨ ਭਰ ਆਇਆ।ਉਸ ਦੇ ਮੇਰੇ ਪ੍ਰਤੀ ਅੱਜ ਬੋਲ ਸੀ…….ਸਰਦਾਰ ਬਲਜੀਤ ਸਿੰਘ ਜੀ।
ਏਨਾਂ ਸੁਣ ਮਾਂ ਯਾਦ ਆ ਗਈ ।ਜਦ ਮਾਂ ਨੇ ਕਿਹਾ ਸੀ ਕਿ ਇਹ ਹਾਲੇ ਨਿਆਣੇ ਨੇ ਇਨ੍ਹਾਂ ਨੂੰ ਪਟਕੇ ਦੀ ਕਦਰ ਨਹੀਂ ਪਤਾ ‘ਤੇ ਅੱਜ ਉਹੀ ਪਟਕਾ ਮੇਰੇ ਸਿਰ ਬੰਨ੍ਹੀ ਪੱਗ ਦੇ ਰੂਪ ਵਿੱਚ ਮੇਰੀ “ਪਹਿਚਾਣ” ਬਣ ਗਿਆ।
ਕੁਲਵੰਤ ਘੋਲੀਆ
95172-90006