ਬਾਪੂ ਆਏ ਨ੍ਹੀਂ ਸਰਨਾ ,ਸ਼ਰੀਕ ਕਿਵੇਂ ਉੱਤੋਂ ਦੀ ਹੋ ਜੇ।
ਪੁੱਤਰਾ ਹੁਣ ਕੀ ਹੋਇਆ। ਜੰਗੀਰ ਸਿੰਘ ਨੇ ਮੁੱਛਾਂ ‘ਤੇ ਹੱਥ ਫੇਰਦੇ ਆਪਣੇ ਪੁੱਤ ਗ਼ੈਰੀ ਨੂੰ ਪੁੱਛਿਆ?
ਬਾਪੂ ਲੰਬੜਾਂ ਦਾ ਮੁੰਡਾ ਹੁਣ ਨਵੇਂ ਬੁਲਟ ‘ਤੇ ਕਾਲਜ ਜਾਂਦਾ।
ਅੱਛਾ… ਕੋਈ ਨਾ ਫਿਰ, ਪਹਿਲਾਂ ਗੱਡੀ ਲਈ ਸ਼ਰੀਕਾਂ ਦੇ ਬਰਾਬਰ ਹੁਣ ਬੁਲਟ ਸਹੀ।
ਆਹ ਫੜ ਚੈੱਕ ਬੁੱਕ ‘ਤੇ ਲਿਆ ਬੁਲਟ। ਬਾਲਦੇ ਦੀਵਾ ਸ਼ਰੀਕਾਂ ਦੀ ਹਿੱਕ ‘ਤੇ ,ਪਿਉ ਪੁੱਤ ਦੇ ਹਾਸੇ ਨਾਲ ਹਵੇਲੀ ਗੂੰਜਣ ਲੱਗੀ।
ਪਸ਼ੂਆਂ ਨੂੰ ਪੱਠੇ ਪਾਉਂਦੇ ਸੀਰੇ ਦੇ ਕੰਨੀਂ ਵੀ ਸਰਦਾਰ ਦਾ ਹਾਸਾ ਪੈ ਗਿਆ। ਅੱਜ ਤਾਂ ਸਰਦਾਰ ਜੀ ਖੁਸ਼ ਨੇ ਕਰਦਾਂ ਗੱਲ।ਸਿਰ ਤੋਂ ਲਾਹ ਮੈਲਾ ਪਰਨਾ ਮੂੰਹ ‘ਤੇ ਚੰਗੀ ਤਰ੍ਹਾਂ ਫੇਰ ਸਰਦਾਰ ਜੀ ਵੱਲ ਹੋ ਤੁਰਿਆ।ਸਰਦਾਰ ਜੀ ਇਕ ਬੇਨਤੀ ਕਰਨੀ ਸੀ।ਸੀਰੇ ਨੇ ਹੱਥ ਜੋੜ ਪੈਰੀਂ ਭਾਰ ਬੈਠਦੇ ਆਖਿਆ।ਹਾਂ ਦੱਸ ਬਈ ਸੀਰੇ ਕੀ ਕਹਿਣਾ।
ਸਰਦਾਰ ਜੀ ਮੇਰੀ ਵੱਡੀ ਧੀ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਏ।ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਆ।ਹੁਣ ਸ਼ਹਿਰ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਆਂ।ਪਰ ਆਹ ਫੀਸ ਬਹੁਤ ਜ਼ਿਆਦਾ ਪੜ੍ਹਾਈ ਦੀ।
‘ਤੇ ਏਨੀ ਮੇਰੀ ਹੈਸੀਅਤ ਵੀ ਨਹੀਂ ਕਿ ਮੈਂ ਆਪਣੀ ਧੀ ਨੂੰ ਏਨੀਆਂ ਮੋਟੀਆਂ ਫ਼ੀਸਾਂ ਦੇ ਕੇ ਪੜ੍ਹਾ ਲਵਾਂ।
ਸਰਦਾਰ ਜੀ ਅੱਧਿਓਂ ਵੱਧ ਉਮਰ ਲੰਘ ਗਈ ਤੁਹਾਡੀ ਸੇਵਾ ਕਰਦਿਆਂ ‘ਤੇ ਬਾਕੀ ਵੀ ਇੱਥੇ ਹੀ ਲੰਘਣੀ ਆਂ।
ਜੇ ਤੁਸੀਂ ਪੈਸੇ ਉਧਾਰ ਦੇ ਦੇਵੋ ਤਾਂ ਮੇਰੀ ਧੀ ਪੜ੍ਹ ਲਿਖ ਜਾਵੇਗੀ ।ਸਾਨੂੰ ਵੀ ਗ਼ਰੀਬੀ ਤੋਂ ਕੁਝ ਸਾਹ ਮਿਲਜੂ।
ਓਏ ਸੀਰੀਆ ਤੂੰ ਕਦੇ ਕਮਲ ਦਾ ਫੁੱਲ ਵੇਖਿਆ ਬਹੁਤ ਸੋਹਣਾ ਹੁੰਦਾ। ਪਰ ਉਗਦਾ ਉਹ ਚਿੱਕੜ ਚ’ ਹੀ ਆ।ਪਰ ਆਹ ਹਵੇਲੀਆਂ ਦੀ ਸ਼ਾਨ ਨਹੀਂ ਬਣਦਾ।ਨਾਲੇ ਜੇ ਤੁਸੀਂ ਹੀ ਅਫ਼ਸਰ ਬਣ ਗਏ ਤਾਂ ਸਾਡੇ ਪਸ਼ੂਆਂ ਨੂੰ ਪੱਠੇ ਕੌਣ ਪਾਊ, ਝਾੜੂ ਪੋਚਾ ਕੌਣ ਕਰੂ। ਆ ਪੜ੍ਹਾਈਆਂ ਸੋਡੇ ਵਸਦੀਆਂ ਨੀਂ,ਕੁੜੀ ਨੂੰ ਹੱਥ ਪੀਲੇ ਕਰ ਤੋਰਨ ਦੀ ਕਰ।
ਹੱਥ ਜੋੜੀ ਬੈਠਾ ਸੀਰਾ ਅੱਖਾਂ ਭਰ ਆਇਆ।ਸ਼ਾਇਦ ਉਸ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਉਸ ਦੀ ਕੀਤੀ ਸੇਵਾ ਦਾ ਮੁੱਲ ਇਸ ਤਰ੍ਹਾਂ ਮਿਲੇਗਾ।
ਸਰਦਾਰ ਜੀ ਤੁਸੀਂ ਸਾਨੂੰ ਢਿੱਡ ਭਰ ਰੋਟੀ ਦਿੱਤੀ। ਕਦੇ ਹਰਾਮ ਨਹੀਂ ਕਰਾਂਗੇ।ਗ਼ਰੀਬ ਜ਼ਰੂਰ ਹਾਂ ਪਰ ਬੇਸ਼ੁਕਰੇ ਨਹੀਂ।ਜਿਵੇਂ ਵੀ ਹੋਵੇ ਧੀ ਨੂੰ ਪੜ੍ਹਾਉਣਾ ਤਾਂ ਜ਼ਰੂਰ ਏ।ਸ਼ਹਿਰ ਵਿੱਚ ਜਾ ਕੇ ਦਿਨ ਰਾਤ ਕੰਮ ਕਰਾਂਗਾ।
ਸਰਦਾਰ ਜੀ ਹੁਣ ਇਜਾਜ਼ਤ ਦਿਉ। ਸਤਿ ਸ੍ਰੀ ਅਕਾਲ।
ਉਏ ਕੁਝ ਨਹੀਂ ਬਣਨਾ, ਭੁੱਖੇ ਮਰੋਗੇ। ਦੋ ਟਾਈਮ ਦੀ ਰੋਟੀ ਮਿਲਦੀ ਆ ਖਾਈ ਚੱਲੋ।
ਸੀਰਾ ਬਿਨਾਂ ਕੁਝ ਬੋਲਿਆਂ, ਹਵੇਲੀਓਂ ਬਾਹਰ ਨਿਕਲ ਗਿਆ।
ਸਮਾਂ ਕਦੇ ਇਕਸਾਰ ਨਹੀਂ ਰਹਿੰਦਾ।
ਜੰਗੀਰ ਸਿੰਘ ਦਾ ਪੁੱਤ ਗ਼ੈਰੀ ਹੱਦੋਂ ਵੱਧ ਨਸ਼ੇ,ਐਸ਼ਪ੍ਰਸਤੀ ਕਰਦਾ। ਰੋਜ਼ ਲੜਾਈ ਝਗੜੇ ਕਰਦਾ।ਪਰ ਹੁਣ ਪਾਣੀ ਸਿਰੋਂ ਲੰਘ ਚੁੱਕਾ ਸੀ।ਔਲਾਦ ਨੂੰ ਵਿਗਾੜਨ ਅਤੇ ਸੰਵਾਰਨ ਵਿੱਚ ਹੱਥ ਮਾਂ ਪਿਉ ਦਾ ਵਧੇਰੇ ਹੁੰਦਾ ਏ।ਗੈਰੀ ਨੂੰ ਨਾ ਤਾਂ ਹੁਣ ਆਪਣੇ ਬਾਪ ਦਾ ਕੋਈ ਡਰ ਰਿਹਾ ਸੀ ‘ਤੇ ਨਾ ਹੀ ਉਸ ਦੀ ਕੋਈ ਇੱਜ਼ਤ।ਸਾਰੀ ਜ਼ਮੀਨ ਨਸ਼ੇ ‘ਤੇ ਐਸ਼ਪ੍ਰਸਤੀ ਵਿੱਚ ਵੇਚ ਕੇ ਖਾ ਲਈ।
ਕੁਝ ਪੱਲੇ ਨਾ ਰਿਹਾ।
ਜੰਗੀਰ ਸਿੰਘ ਅੱਜ ਵੀ ਉਸੇ ਹਵੇਲੀ ਵਿੱਚ ਕੁਰਸੀ ਡਾਹ ਕੇ ਬੈਠਦਾ ਏ। ਪਰ ਹੁਣ ਉਹ ਮਡ਼੍ਹਕ ,ਰੋਹਬ ਕੁਝ ਵੀ ਨਾ ਰਿਹਾ। ਹਵੇਲੀ ਬੈਠੇ ਜੰਗੀਰ ਸਿੰਘ ਨੂੰ ਕਿਸੇ ਪਿੰਡ ਦੇ ਬੰਦੇ ਨੇ ਦੱਸਿਆ ਕਿ ਨਸ਼ੇ ਦੀ ਹਾਲਤ ਵਿੱਚ ਗੈਰੀ ਦਾ ਐਕਸੀਡੈਂਟ ਹੋ ਗਿਆ ਏ ‘ਤੇ ਸ਼ਹਿਰ ਹਸਪਤਾਲ ਲੈ ਗਏ।ਜੰਗੀਰ ਸਿੰਘ ਵਾਹੋ ਦਾਹੀ ਸ਼ਹਿਰ ਵੱਲ ਭੱਜਿਆ।
ਗੈਰੀ ਲਹੂ ਨਾਲ ਲੱਥ ਪੱਥ ਸਟਰੈਚਰ ‘ਤੇ ਪਿਆ ਸੀ।ਪੁੱਤ ਦੀ ਅਜਿਹੀ ਹਾਲਤ ਵੇਖ ਜੰਗੀਰ ਸਿੰਘ ਦੀ ਧਾਹ ਨਿਕਲ ਗਈ।ਗੈਰੀ ਦਾ ਇਲਾਜ ਸ਼ੁਰੂ ਕਰ ਲਈ ਹਸਪਤਾਲ ਵੱਲੋਂ ਪਹਿਲਾਂ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ।
ਘਬਰਾਹਟ ਜਿਹੀ ਹੋਣ ਲੱਗੀ ‘ਤੇ ਜੰਗੀਰ ਸਿੰਘ ਔਖੇ ਸੌਖੇ ਕੋਲ ਪਏ ਬੈਂਚ ‘ਤੇ ਹੀ ਬੈਠ ਗਿਆ।ਪੁੱਤ ਦੇ ਇਲਾਜ ਲਈ ਪੈਸੇ ਕਿੱਥੋਂ ਲਿਆਵਾਂ।ਜੰਗੀਰ ਸਿੰਘ ਸੱਚਮੁਚ ਅੱਜ ਅੰਦਰੋਂ ਮਰ ਚੁੱਕਾ ਸੀ।ਕਈ ਰਿਸ਼ਤੇਦਾਰਾਂ ਨੂੰ ਵੀ ਫੋਨ ਲਾਏ, ਪਰ ਕਿਸੇ ਪਾਸਿਓਂ ਮਦਦ ਨਾ ਮਿਲੀ। ਸ਼ਾਇਦ ਉਸ ਵੇਲੇ ਦਾ ਹੰਕਾਰ ਉਨ੍ਹਾਂ ਰਿਸ਼ਤਿਆਂ ਨੂੰ ਖਾ ਗਿਆ ਹੋਵੇ।ਬੇਵੱਸ ‘ਤੇ ਲਾਚਾਰ ਹੋਏ ਜੰਗੀਰ ਸਿੰਘ ਨੇ ਅੱਜ ਪੁੱਤ ਦੀ ਖਾਤਰ ਪੱਗ ਉਤਾਰ ਹੱਥਾਂ ਵਿੱਚ ਫੜ ਲਈ।ਪੁੱਤ ਦੀ ਨਾਜ਼ੁਕ ਹਾਲਤ ਵੇਖ ਮਜਬੂਰ ਹੋ ਗਿਆ ਸੀ, ਜੰਗੀਰ ਸਿੰਘ ਡਾਕਟਰਾਂ ਮੂਹਰੇ ਹੱਥ ਬੰਨ੍ਹਣ ਲਈ।
ਅਚਾਨਕ ਪਿੱਛੋਂ ਆਵਾਜ਼ ਆਈ।ਇੱਕ ਹਮਦਰਦੀ ਭਰਿਆ ਹੱਥ ਜੰਗੀਰ ਸਿੰਘ ਦੇ ਆਣ ਮੋਢੇ ‘ਤੇ ਧਰਿਆ ਗਿਆ।
ਤੁਸੀਂ ਫ਼ਿਕਰ ਨਾ ਕਰੋ ਅੰਕਲ ਜੀ। ਮੈਂ ਫੀਸ ਭਰ ਦਿੱਤੀ ਏ ‘ਤੇ ਇਲਾਜ ਸ਼ੁਰੂ ਹੋ ਗਿਆ ਏ।ਵਾਰਡ ਬੁਆਏ ਸਟਰੈਚਰ ‘ਤੇ ਪਏ ਗੈਰੀ ਨੂੰ ਜਲਦੀ ਜਲਦੀ ਇਲਾਜ ਲਈ ਲਿਜਾਣ ਲੱਗੇ।
ਜੰਗੀਰ ਸਿੰਘ ਨੇ ਪਲਟ ਕੇ ਵੇਖਿਆ ਤਾਂ ਭਰੀਆਂ ਅੱਖਾਂ ਨਾਲ ਇਕ ਧੁੰਦਲਾ ਜਿਹਾ ਚਿਹਰਾ ਦਿਖਾਈ ਦਿੱਤਾ।ਅਣਜਾਣ ਸੀ ,ਪਰ ਰੱਬ ਸਮਾਨ ਸੀ।
ਅੰਕਲ ਜੀ ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ। ਮੈਂ ਸੀਰੇ ਦੀ ਧੀ ਹਾਂ।ਜੋ ਤੁਹਾਡੇ ਸੀਰੀ ਹੁੰਦਾ ਸੀ। ਮੈਂ ਇਸੇ ਹਸਪਤਾਲ ਵਿੱਚ ਡਾਕਟਰ ਹਾਂ।
ਜੰਗੀਰ ਸਿੰਘ ਸੁੰਨ ਜਿਹਾ ਹੋ ਗਿਆ।ਉਸ ਵੇਲੇ ਸੀਰੇ ਨੂੰ ਕਹੀਆਂ ਗੱਲਾਂ ਯਾਦ ਕਰ,ਜੰਗੀਰ ਸਿੰਘ ਭੁੱਬਾਂ ਮਾਰ ਰੋਣ ਲੱਗਾ।
ਜਿਊਂਦੀ ਵਸਦੀ ਰਹਿ ਧੀਏ ,ਤੇਰਾ ਕਰਜ ਤਾਂ ਮੈਂ ਮਰ ਕੇ ਵੀ ਨਹੀਂ ਚੁਕਾ ਸਕਦਾ।
ਨਹੀਂ ਅੰਕਲ ਜੀ ਇਸ ਤਰ੍ਹਾਂ ਨਾ ਕਹੋ।
ਗ਼ਰੀਬ ਜ਼ਰੂਰ ਹਾਂ, ਪਰ ਬੇਸ਼ੁਕਰੇ ਨਹੀਂ।ਸੀਰੇ ਦੀ ਧੀ ਨੇ ਬੜੇ ਆਦਰ ਨਾਲ ਜੰਗੀਰ ਸਿੰਘ ਦੇ ਹੱਥੋਂ ਫੜ ਪੱਗ ਸਿਰ ‘ਤੇ ਸਜਾ ਦਿੱਤੀ ।ਸਮੇਂ ਦਾ ਗੇੜ ਆਖ਼ਰ ਘੁੰਮ ਕੇ ਫਿਰ ਉੱਥੇ ਹੀ ਆ ਗਿਆ। ਉਸ ਸਮੇਂ ਸ਼ੀਰੇ ਨੂੰ ਕਹੀਆਂ ਗੱਲਾਂ, ਜੰਗੀਰ ਸਿੰਘ ਨੂੰ ਸੱਚ ਜਾਪਣ ਲੱਗੀਆਂ।ਜਦ ਕਿਹਾ ਸੀ ……ਉਏ ਸੀਰਿਆ ਕਮਲ ਦਾ ਫੁੱਲ ਬਹੁਤ ਸੋਹਣਾ ਹੁੰਦਾ ਹੈ, ਪਰ ਉੱਗਦਾ ਚਿੱਕੜ ਵਿੱਚ ਹੀ ਹੈ,ਪਰ ਅੱਜ ਇੱਕ ਧੀ ਨੇ ਆਪਣੀ ਮਿਹਨਤ ਨਾਲ ਸਭ ਸੱਚ ਕਰ ਦਿੱਤਾ।ਹੌਂਸਲੇ ਬੁਲੰਦ ਹੋਣ ਤਾਂ ਇਹ ਗ਼ਰੀਬੀ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ।ਜੰਗੀਰ ਸਿੰਘ ਨੂੰ ਅੱਜ ਸੱਚਮੁਚ ਏਦਾਂ ਲੱਗ ਰਿਹਾ ਸੀ ਜਿਵੇਂ
ਸੀਰੇ ਦੀ ਧੀ ਮੇਰੇ ਸਿਰ ਬੰਨ੍ਹੀ ਪੱਗ ਦੇ ਰੂਪ ਵਿਚ ਕਮਲ ਦਾ ਫੁੱਲ ਹੋਵੇ ‘ਤੇ ਮੈਂ …ਚਿੱਕੜ।
ਕੁਲਵੰਤ ਘੋਲੀਆ
95172-90006