ਦੱਸ ਸੁਰਜੀਤ ਕੁਰੇ ਕੀ ਚਾਹੀਦਾ ?
ਬੱਸ ,ਕੁਝ ਨਹੀਂ …
ਇਹ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਤੋਂ ਸੁਣਦਾ ਆ ਰਿਹਾ?
ਆਹ ਵੇਖ ਪਰਸ ,ਪਿਆ ਨਾ ਡਾਲਰਾਂ ਨਾਲ ਭਰਿਆ।
ਇਹ ਇੰਨੇ ਡਾਲਰ ?
ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ, ਉੱਥੇ ਦੋ ਘੰਟੇ ਕੰਮ ਕਰ ਆਉਣਾ ਨਾਲੇ ਟਾਈਮ ਪਾਸ ਹੋ ਜਾਂਦਾ।
ਚੱਲ ਦੱਸ ?ਅੱਜ ਆਪਣੀ ਪੰਜਾਹਵੀਂ ਵਰ੍ਹੇਗੰਢ ਆ ,ਤੂੰ ਕੀ ਲੈਣਾ ?
ਅੱਛਾ ਜੀ? ਜਦੋਂ ਉਹ ਦਿਨ ਸੀ ਉਦੋਂ ਤਾਂ ਝਾਂਜਰਾਂ ਵੀ ਅੱਠਾਂ ਸਾਲਾਂ ਬਾਅਦ ਪੈਰਾਂ ਨੂੰ ਨਸੀਬ ਹੋਈਆ ਸੀ।ਸੁਰਜੀਤ ਕੌਰ ਨੇ ਥੋੜ੍ਹਾ ਮਸ਼ਕਰੀ ਜਿਹੀ ਨਾਲ ਕਿਹਾ।
ਬਿੱਕਰ ਇੱਕਦਮ ਪਿੱਛੇ ਅਤੀਤ ਵਿੱਚ ਚਲਾ ਗਿਆ।ਸੁਰਜੀਤ ਕੋਰ ਵੱਲ ਤੱਕਿਆ ‘ਤੇ ਸੋਚਿਆ ,
ਉਹ ਭਲੀਏ ਲੋਕੇ, ਤੇਰੀ ਸੂਝ ਸਿਆਣਪ ‘ਤੇ ਆਪਣੀਆਂ ਸੱਧਰਾਂ ਮਾਰ ਮੁੱਠੀ ਘੁੱਟ ਚਲਾਏ ਘਰ ਨੇ ਹੀ ਤਾਂ ਆਹ ਕੈਨੇਡਾ ਬਿਠਾ ਦਿੱਤਾ ।
ਕੀ ਹੋਇਆ? ਕਿਹੜੀਆਂ ਸੋਚਾਂ ਵਿੱਚ ਪੈ ਗਏ। ਸੁਰਜੀਤ ਕੌਰ ਨੇ ਬਿੱਕਰ ਦੇ ਮੋਢੇ ‘ਤੇ ਹੱਥ ਧਰਦੇ ਕਿਹਾ?
ਕੁੱਝ ਨਹੀਂ ਸੁਰਜੀਤ ਕੁਰੇ ?
ਅੱਛਾ ਏਦਾਂ ਕਰਿਉ ਠੰਢ ਬਹੁਤ ਏ ਤੁਸੀਂ ਕੋਈ ਨਵਾਂ ਕੋਟ ਵੀ ਨਹੀਂ ਲਿਆ ਇਸ ਵਾਰ ਆਪਣੀ ਸਾਲਗਿਰਾ ‘ਤੇ ਨਵਾਂ ਕੋਟ ਲੈ ਲਓ?
ਚੱਲ ਠੀਕ ਆ, ਤੂੰ ਬੈਠ ਮੈਂ ਹੁਣੇ ਆਇਆ, ਏਨਾ ਆਖ ਬਿੱਕਰ ਸਾਹਮਣੇ ਸ਼ਾਪਿੰਗ ਮਾਲ ਵਿੱਚ ਚਲਾ ਗਿਆ ।
ਕੁਝ ਸਮੇਂ ਬਾਅਦ ਵਾਪਿਸ ਆ ਬਿੱਕਰ ਨੇ ਸੁਰਜੀਤੋ ਦੇ ਪੈਰਾਂ ਵਿੱਚ ਨਵੀਆਂ ਝਾਂਜਰਾਂ ਪਾ ਦਿੱਤੀਆਂ।
ਝਾਂਜਰਾਂ ਵੇਖ ਸੁਰਜੀਤੋ ਨੂੰ ਚਾਅ ਜਿਹਾ ਚੜ੍ਹ ਗਿਆ।ਇੱਕ ਦੂਜੇ ਵੱਲ ਤੱਕਿਆ ਜਿਵੇਂ ਦੋਨਾਂ ‘ਤੇ ਫਿਰ ਤੋਂ ਜਵਾਨੀ ਵਾਪਸ ਆ ਗਈ ਹੋਵੇ।
ਲੈ ਹੁਣ ਨਾ ਉਲਾਂਭਾ ਦੇਵੀ ਬਿੱਕਰ ਨੇ ਸੁਰਜੀਤੋ ਦੇ ਪੈਰੀਂ ਝਾਂਜਰਾਂ ਪਾ ਖੜ੍ਹੇ ਹੁੰਦੇ ਕਮਰ ਦੇ ਦਰਦ ਨੂੰ ਬਰਦਾਸ਼ਤ ਜਿਹਾ ਕਰਦੇ ਨੇ ਕਿਹਾ?
ਆਹ ਵੇਖ ਸੁਰਜੀਤ ਕੁਰੇ, ਆਪਣੇ ਗੈਰੀ ਵਾਸਤੇ ਕੋਟ ‘ਤੇ ਨੂੰਹ ਦੇ ਕੱਪੜੇ।
ਤੁਸੀਂ ਨਹੀਂ ਸੁਧਰੇ ਨਾ? ਮੈਂ ਕੀ ਕਿਹਾ ਸੀ? ਕਿ ਠੰਢ ਬਹੁਤ ਆ ਆਪਣੇ ਲਈ ਕੋਈ ਕੋਟ ਲੈ ਆਇਓ?
ਸੁਰਜੀਤ ਕੁਰੇ ਆਪਣੇ ਗੈਰੀ ਨੇ ਰੋਜ਼ ਆਫਿਸ ਜਾਣਾ ਹੁੰਦਾ ਹੈ, ਵੱਡੇ ਲੋਕਾਂ ਚ ਬਹਿਣੀ ਉੱਠਣੀ ਕੱਪੜੇ ਤਾਂ ਵਧੀਆ ਹੀ ਚਾਹੀਦੇ ਨੇ ਉਸ ਲਈ।
ਹਾਂ ਇਹ ਤਾਂ ਮੈਂ ਬਹੁਤ ਸਮੇਂ ਤੋਂ ਸੁਣਦੀ ਆ ਰਹੀਆਂ ?
ਸੁਰਜੀਤੋ ਨੇ ਥੋੜ੍ਹਾ ਬਿੱਕਰ ਨਾਲ ਨਾਰਾਜ਼ਗੀ ਜਿਹੀ ਨਾਲ ਕਿਹਾ?
ਚੱਲ ਛੱਡ। ਤੂੰ ਤਾਂ ਖੁਸ਼ ਹੈ ।ਅੱਜ ਤੇ ਪਹਿਲੇ ਬੋਲ ਤੇਰੀ ਮੰਗ ਪੂਰੀ ਕਰ ਦਿੱਤੀ ‘ਤੇ ਫਿਰ ਦੋਨੋਂ ਜਾਣੇ ਕਿੰਨਾ ਚਿਰ ਬੈਂਚ ‘ਤੇ ਬੈਠੇ ਦੂਰ ਤੱਕ ਸਾਹਮਣੇ ਸ਼ਾਂਤ ਖੜ੍ਹੇ ਪਾਣੀ ਨੂੰ ਤੱਕਦੇ ਰਹੇ।
ਚਲੋ ਜੀ ਚੱਲੀਏ, ਬਹੁਤ ਸਮਾਂ ਹੋ ਗਿਆ ।ਅੱਜ ਤਾਂ ਨਾਲੇ ਨੂੰਹ ‘ਤੇ ਪੁੱਤ ਉਡੀਕਦੇ ਹੋਣਗੇ। ਸੁਰਜੀਤ ਕੌਰ ਨੇ ਬੈਂਚ ਤੋਂ ਉੱਠਦੇ ਕਿਹਾ ?
ਭਲਾ ਤੂੰ ਦੱਸਿਆ ਉਨ੍ਹਾਂ ਨੂੰ ਕਿ ਅੱਜ ਆਪਣੀ ਪੰਜਾਵੀ ਸਾਲਗਿਰਾ ਏ?
ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਆ, ਸਾਲ ਬਾਅਦ ਤਾਂ ਇੱਕ ਦਿਨ ਆਉਂਦਾ ਏਨਾ ਤਾਂ ੳੁਨ੍ਹਾਂ ਨੂੰ ਪਤਾ ਹੀ ਹੋਵੇਗਾ ।
ਚੱਲ ਲੱਗ ਜੂ ਪਤਾ, ਕੀ ਗਿਫਟ ਦਿੰਦੇ ਨੇ ਤੇਰੇ ਨੂੰਹ ਪੁੱਤ? ਬਿੱਕਰ ਨੇ ਸੁਰਜੀਤੋ ਦੇ ਹੱਥ ਦਾ ਸਹਾਰਾ ਲੈ ਖੜ੍ਹੇ ਹੁੰਦੇ ਕਿਹਾ ‘ਤੇ ਘਰ ਵੱਲ ਹੋ ਤੁਰੇ।
ਘਰ ਵੜਦੇ ਹੀ ਸਾਹਮਣੇ ਗੈਰੀ ‘ਤੇ ਉਹਦੀ ਘਰ ਵਾਲੀ ਡਾਈਨਿੰਗ ਟੇਬਲ ‘ਤੇ ਬੈਠੇ ਸੀ ।
ਪਾਪਾ ਜੀ ,ਆਹ ਕੋਈ ਟਾਈਮ ਆ?ਘਰ ਆਉਣ ਦਾ, ਅਸੀਂ ਮੋਰਨਿੰਗ ਜਲਦੀ ਜਾਣਾ ਹੁੰਦਾ ਤੁਸੀਂ ਤਾਂ ਵਿਹਲੇ ਹੋ?
ਘੱਟੋ ਘੱਟ ਸ਼ਾਮ ਨੂੰ ਤਾਂ ਘਰ ਜਲਦੀ ਆ ਜਾਇਆ ਕਰੋ ਅਸੀਂ ਤੁਹਾਡੀ ਵੇਟ ਕਰੀਏ ਕਿ ਰੈਸਟ ਕਰੀਏ?
ਇਹ ਪਿੰਡ ਨਹੀਂ ਕੈਨੇਡਾ ਆ, ਇੱਥੇ ਸਮੇਂ ‘ਤੇ ਹੈਲਥ ਦੀ ਕਦਰ ਕਰਨੀ ਪੈਂਦੀ ਏ?
ਤੁਸੀਂ ਏਨੇ ਕੇਅਰਲੈੱਸ ਕਿਉਂ ਬਣ ਗਏ ਹੋ?
ਹੱਥ ਵਿੱਚ ਫੜਿਆ ਪੁੱਤ ਦਾ ਕੋਟ ਬਿੱਕਰ ਨੇ ਚੁੱਪ ਚਾਪ ਟੇਬਲ ‘ਤੇ ਰੱਖ ਦਿੱਤਾ।ਕਮਰੇ ਵਿੱਚ ਸਿਰਫ਼ ਸਨਾਟਾ ਹੀ ਸੀ ।ਪਰ ਬਿੱਕਰ ਦੇ ਅੰਦਰ ਤਾਂ ਜਿਵੇਂ ਦਰਦਾਂ ਦਾ ਦਰਿਆ ਛੱਲਾਂ ਮਾਰ ਆਖ ਰਿਹਾ ਹੋਵੇ ਕੇ ਮੈਂ ਬਾਹਰ ਨਿਕਲਣਾ ਤੂੰ ਅੈਵੇ ਬਰਦਾਸ਼ਤ ਨਾ ਕਰ ਅੱਖਾਂ ਰਾਹੀਂ ਡੁੱਲ ਲੈਣ ਦੇ ;
ਪਰ ਅੱਜ ਦਰਿਆ ਤਾਂ ਸੁਰਜੀਤੋ ਦੇ ਅੰਦਰ ਵੀ ਸੀ,ਪਰ ਗੁੱਸੇ ਨਾਲ ਭਰਿਆ ‘ਤੇ ਫੁੱਟ ਪਿਆ।
ਅੱਛਾ ਇਹ ਨੇ ਕੇਅਰ ਲੈੱਸ ?
ਹਾਂ ਹੈਗੇ ਨੇ ਇਹ ਕੇਅਰਲੈੱਸ ਜਦੋਂ ਸਾਡੇ ਵਿਆਹ ਤੋਂ ਬਾਅਦ ਤੂੰ ਪੈਦਾ ਹੋਇਆ ਤਾਂ ਬਾਰਾਂ ਘੰਟੇ ਦੀ ਡਿਊਟੀ ਤੋਂ ਬਾਅਦ ਛੇ ਘੰਟੇ ਫਿਰ ਵੀ ਲਾਉਣੇ ‘ਤੇ ਕਹਿਣਾ ਗੈਰੀ ਦਾ ਚੰਗਾ ਭਵਿੱਖ ਬਣਾਉਣ ਲਈ ਮਿਹਨਤ ਤਾਂ ਕਰਨੀ ਹੀ ਪੈਣੀ ਏ।
ਮੈਂ ਬਹੁਤ ਕਹਿਣਾ ਸਿਹਤ ਦਾ ਖਿਆਲ ਤਾਂ ਰੱਖੋ, ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈੱਸ ?
ਤੂੰ ਵੱਡਾ ਹੋਇਆ ਕਾਲਜ ਗਿਆ ਤੈਨੂੰ ਵਧੀਆ ਕੱਪੜੇ, ਬੂਟ, ਖਾਣ ਪੀਣ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।
ਇਹ ਜਦ ਕਦੇ ਰਿਸ਼ਤੇਦਾਰੀ ਚ ਵਿਆਹ ਆ ਜਾਣਾ ਤਾਂ ਡਰ ਜਾਂਦਾ ਕਿ ਨਵੇਂ ਕੱਪੜਿਆਂ ‘ਤੇ ਪੈਸੇ ਲਾਉਣੇ ਪੈਣੇ ਆਂ ,ਸਾਰੇ ਵਿਆਹ ਹੁਣ ਤੱਕ ਆਪਣੇ ਵਿਆਹ ਵਾਲੇ ਹੀ ਕੋਟ ਪਾ ਵੇਖ ਲਏ।ਮੈਂ ਬਹੁਤ ਕਹਿਣਾ ਨਵਾਂ ਕੋਟ ਪੈਂਟ ਲੈ ਲਓ ਰਿਸ਼ਤੇਦਾਰ ਕੀ ਕਹਿਣਗੇ ਉਹ ਹੀ ਵਿਆਹ ਵਾਲਾ ਕੋਟ ਪਾਈ ਫਿਰਦਾ।
ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈੱਸ ?
ਹਾਂ ਪਰ ਅੱਜ ਕੇਅਰ ਲੈੱਸ ਦੇ ਮਾਇਨੇ ਹੀ ਬਦਲ ਗਏ।ਮੈਂ ਜਦ ਕਹਿਣਾ ਤਾਂ ਇਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਜਾਣੀ।ਕਿਉਂਕਿ ਇਨ੍ਹਾਂ ਨੂੰ ਵੀ ਪਤਾ ਸੀ ਕਿ ਮੇਰੇ ਗੁੱਸੇ ਵਿੱਚ ਵੀ ਇਨ੍ਹਾਂ ਲਈ ਫਿਕਰ ਏ,ਪਰ ਅੱਜ ਤੇਰੇ ਕੇਅਰਲੈੱਸ ਕਹਿਣ ‘ਤੇ ਇਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਨਹੀਂ ਇਨ੍ਹਾਂ ਦੀਆਂ ਅੱਖਾਂ ਵਿੱਚ ਤਾਂ …
ਸੁਰਜੀਤ ਕੌਰ ਭਰੇ ਮਨ ਨਾਲ ਲਗਾਤਾਰ ਬੋਲੀ ਜਾ ਰਹੀ ਸੀ, ਉਸਦੇ ਬੋਲਾਂ ਵਿੱਚ ਮਮਤਾ, ਮੇਰ, ਗਿਲਾ ਤੇ ਕਈ ਕੁਝ ਡੁੱਲ ਡੁੱਲ ਜਾਂਦਾ ਸੀ
ਬੱਸ ਕਰ ਸੁਰਜੀਤ ਕੁਰੇ ਬੱਸ ਕਰ? ਸਿਹਤ ਖਰਾਬ ਕਰ ਲਵੇਗੀ?
‘ਤੇ ਏਨਾ ਆਖਦੇ ਬਿੱਕਰ ਸਿੰਘ ਨੇ ਸੁਰਜੀਤ ਕੁਰ ਦੇ ਅੰਦਰੋਂ ਵਹਿੰਦੇ ਦਰਿਆ ਨੂੰ ਵੀ ਆਪਣੇ ਹੀ ਅੰਦਰ ਮੌੜਾ ਦੇਣ ਦੀ ਕੋਸ਼ਿਸ਼ ਕੀਤੀ ਤੇ ਚੁੱਪ ਚਾਪ ਕਮਰੇ ਅੰਦਰ ਚਲਾ ਗਿਆ।
ਕੁਲਵੰਤ ਘੋਲੀਆ
95172-90006
ਬਹੁਤ ਵਧੀਆ ਕਹਾਣੀ