ਹਲਵਾਈ ਵੱਲ ਗੇੜਾ ਮਾਰ ਆਈਂ, ਪਰਸੋਂ ਭੱਠੀ ਚੜ੍ਹਾਉਣੀ ਆਂ।ਉਹਨੂੰ ਦੱਸ ਦੇਵੀਂ ਕੇ ਚਾਰ ਸਿਲੰਡਰ ਭਰਾ ਲਏ ‘ਤੇ ਸੁੱਕੀਆਂ ਲੱਕੜਾਂ ਦਾ ਵੀ ਪ੍ਰਬੰਧ ਕਰ ਲਿਆ।ਨਾਲੇ ਉਹ ਆਪਣੇ ਬਾਹਰਲੇ ਘਰ ਵਾਲਾ ਜਿਹੜਾ ਸਾਮਾਨ ਰੰਗ ਰੋਗਨ ਲਈ ਦਿੱਤਾ ਸੀ, ਸਾਰਾ ਨਵੀਂ ਕੋਠੀ ਵਿਚ ਲੈ ਆਇਓ।
ਘਰ ਧੀ ਦਾ ਵਿਆਹ ਧਰਿਆ ਹੋਇਆ ਸੀ,ਤੇ ਬੰਤ ਸਭ ਨੂੰ ਕੰਮ ਸਮਝਾ ਰਿਹਾ ਸੀ।ਰਾਜੇ ਪੁੱਤ ਜਲਦੀ ਸਾਮਾਨ ਲੱਦੋ, ਪਹਿਲਾਂ ਹੀ ਕੁਵੇਲਾ ਹੋਈ ਜਾਂਦਾ, ਨਾਲੇ ਵਾਟ ਵੀ ਦੂਰ ਦੀ ਆ।ਬਸ ਪਾਪਾ ਜੀ ਅਲਮਾਰੀ ਰਹਿ ਗਈ ਰੱਖਣ ਵਾਲੀ ਬਾਕੀ ਸਾਮਾਨ ਤਾਂ ਲੱਦ ਲਿਆ।ਚਾਰਾਂ ਦਿਨਾਂ ਬਾਅਦ ਆਨੰਦਕਾਰਜ ਸੀ ਧੀ ਦੇ ‘ਤੇ ਅੱਜ ਹੀ ਸਾਰਾ ਸਾਮਾਨ ਸਹੁਰੇ ਘਰ ਭੇਜਣਾ ਸੀ।ਨਿੰਮ ਦੀ ਛਾਵੇਂ ਖੇਸਾਂ ਦੇ ਬੰਬਲ ਵੱਟ ਦੀ ਬੀਬੀ ਅੱਖਾਂ ਭਰੀ ਬੈਠੀ।ਬੰਤ ਸਿੰਘ ਨੇ ਦੇਖਿਆ ਤਾਂ ਦੌੜ ਬੀਬੀ ਕੋਲ ਜਾ ਬੈਠਾ।
ਬੀਬੀ ਕੀ ਗੱਲ ਰੋ ਕਿਉਂ ਰਹੀ ਏਂ।
ਤੈਨੂੰ ਤਾਂ ਸਗੋਂ ਖ਼ੁਸ਼ ਹੋਣਾ ਚਾਹੀਦਾ ਤੇਰੀ ਪੋਤੀ ਦਾ ਵਿਆਹ।
ਦੱਸ ਕੀ ਗੱਲ ਏ ਬੀਬੀ…
ਉਹ ਦੇਖ ਮੇਰਾ ਪੋਤਾ, ਕਿੰਨੇ ਚਾਵਾਂ ਨਾਲ ਆਪਣੀ ਭੈਣ ਦਾ ਸਾਮਾਨ ਲੱਦ ਰਿਹਾ ਏ ਉਹਦੇ ਸਹੁਰੇ ਲੈ ਕੇ ਜਾਣ ਲਈ ‘ਤੇ ਬੀਬੀ ਦੇ ਚਿਹਰੇ ‘ਤੇ ਖ਼ੁਸ਼ੀ ਜਿਹੀ ਆ ਗਈ ‘ਤੇ ਦੂਜੇ ਪਲ ਫਿਰ ਹੰਝੂ ਵਹਿ ਤੁਰੇ।ਮੈਂ ਸਮਝ ਨਹੀਂ ਸੀ ਸਕਿਆ ,ਬੀਬੀ ਦਾ ਦਰਦ ‘ਤੇ ਬੀਬੀ ਨੇ ਵੀ ਉਂਗਲ ਦਰਵਾਜ਼ੇ ਵੱਲ ਕਰ ਦਿੱਤੀ ‘ਤੇ ਬੋਲੀ..ਉਹ ਵੇਖ ਪੁੱਤ, ਮੇਰਾ ਸੁੱਚਾ ਵੀਰ ਆ ਰਿਹਾ ਮੈਨੂੰ ਮਿਲਣ।ਭਾਵੇਂ ਸੁੱਚੇ ਵੀਰ ਨੂੰ ਮੁੱਕਿਆਂ ਵਰ੍ਹੇ ਬੀਤ ਗਏ,ਪਰ ਅੱਜ ਲੱਗਦਾ ਜਿਵੇਂ ਉਹ ਫੇਰ ਮੈਨੂੰ ਆਖ ਰਿਹਾ ਹੋਵੇ, ਭੈਣੇ ਮੈਂ ਆ ਗਿਆ।ਪੁੱਤ ਲਗਦਾ ਉਮਰ ਵਧ ਗਈ ਮੇਰੀ।ਮੈਂ ਦਰਵਾਜ਼ੇ ਵੱਲ ਤੱਕਿਆ ਤਾਂ ਅੰਦਰੋਂ ਧਾਹਾਂ ਨਿਕਲ ਗਈਆਂ, ਅੱਖੋਂ ਹੰਝੂ ਵਹਿ ਤੁਰੇ,ਉਸ ਰੱਬ ਦਾ ਸ਼ੁਕਰਾਨਾ ਕੀਤਾ।ਵਾਹ ਉਏ ਰੱਬਾ ਕਿੰਨੇ ਵੱਡੇ ਪਾਪ ਤੋਂ ਬਚਾ ਲਿਆ ।ਹਲਵਾਈ ਨੇ ਤਾਂ ਕਿਹਾ ਸੀ ਕਿ ਆ ਟੁੱਟਿਆ ਭੱਜਿਆ ਸੰਦੂਕ ਤੁਸੀਂ ਕੀ ਕਰਨਾ, ਇਸ ਦੀ ਲੱਕੜ ਸੁੱਕੀ ਏ,ਏਸੇ ਨੂੰ ਹੀ ਵੱਢ ਲਵੋ, ਪਰ ਮੈਂ ਨਹੀਂ ਮੰਨਿਆ। ਬੀਬੀ ਅਕਸਰ ਦੱਸਦੀ ਹੁੰਦੀ ਸੀ ਕਿ ਇਹ ਸੰਦੂਕ ਸੁੱਚਾ ਵੀਰ ਬੜੇ ਚਾਵਾਂ ਨਾਲ ਇਸ ਘਰੇ ਛੱਡ ਕੇ ਗਿਆ ਸੀ ‘ਤੇ ਉਹ ਬੀਬੀ ਦੇ ਸੰਦੂਕ ਨੂੰ ਮੈਂ ਰੰਗ ਰੋਗਨ ਕਰਵਾ ਅੱਜ ਨਵੀਂ ਕੋਠੀ ਵਿੱਚ ਰੱਖਣ ਲਈ ਕਿਹਾ ਸੀ।ਖੂੰਡੀ ਦੇ ਸਹਾਰੇ ਉੱਠ ਬੀਬੀ ਨੇ ਜਾਂ ਉਸ ਸੰਦੂਕ ਨੂੰ ਕਲਾਵੇ ਵਿੱਚ ਲੈ ਲਿਆ ਜਿਵੇਂ ਸੱਚੀ ਉਸ ਦਾ ਮਾਂ ਜਾਇਆ ਅੱਜ ਘਰ ਆ ਗਿਆ ਹੋਵੇ।
ਸੱਚਮੁੱਚ। ਜੋ ਚਲੇ ਜਾਂਦੇ ਨੇ’ ਕਦੇ ਭੁਲਾਏ ਨਹੀਂ ਜਾਂਦੇ।
ਕੁਲਵੰਤ ਘੋਲੀਆ
95172-90006