ਪੁੱਤ ਕਦ ਤੱਕ ਸੱਚਾਈ ਤੋਂ ਮੂੰਹ ਮੋੜੇਗਾ ,ਉਹ ਚਲੀ ਗਈ, ਕਦੇ ਵਾਪਿਸ ਨਹੀਂ ਆਵੇਗੀ।ਆਪਣਾ ਨਹੀਂ ,ਪਰ ਇਸ ਮਾਸੂਮ ਬਾਰੇ ਤਾਂ ਸੋਚ,ਬਿਨ ਮਾਵਾਂ ਤੋਂ ਧੀਆਂ ਅਧੂਰੀਆਂ ਹੀ ਹੁੰਦੀਆਂ ਨੇ,ਇੱਕ ਮਾਂ ਹੀ ਹੈ ਜੋ ਆਪਣੀ ਧੀ ਲਈ ਮਾਂ, ਬਾਪ, ਸਹੇਲੀ, ਬਣ ਹਰ ਫਰਜ਼ ਪੂਰਾ ਕਰਦੀ ਏ।ਅੱਜ ਤਾਂ ਇਹ ਨਿਆਣੀ ਏ, ਕੱਲ੍ਹ ਨੂੰ ਵੱਡੀ ਹੋਵੇਗੀ।ਸਵਾਲ ਕਰੇਗੀ ਪਰ ਉਸ ਸਮੇਂ ਤੇਰੇ ਕੋਲ ਇਸ ਦੇ ਸਵਾਲਾਂ ਦੇ ਜਵਾਬ ਨਹੀਂ ਹੋਣੇ ।ਆਪਣੇ ਅਤੇ ਆਪਣੀ ਧੀ ਦੇ ਭਲੇ ਲਈ ਮੇਰੀ ਮਨ ਤੂੰ ਦੂਜਾ ਵਿਆਹ ਕਰਵਾ ਲੈ।ਦੂਜੇ ਵਿਆਹ ਦਾ ਨਾਮ ਸੁਣਦੇ ਹੀ ਹਰਜੀਤ ਅੱਖਾਂ ਭਰ ਆਇਆ,ਨਹੀਂ ਮਾਂ, ਸੀਮਾ ਚਾਹੇ ਇਸ ਦੁਨੀਆਂ ਚ’ ਨਾ ਹੋਵੇ, ਪਰ ਮੇਰੇ ਲਈ ਅੱਜ ਵੀ ਉਹ ਮੇਰੇ ਕੋਲ ਹੀ ਹੈ।ਦੋ ਕੁ ਸਾਲ ਦੀ ਹੀ ਹੋਈ ਸੀ ਪਰੀ, ਜਦੋਂ ਕੈਂਸਰ ਦੀ ਬਿਮਾਰੀ ਨਾਲ ਸੀਮਾ ਦੀ ਮੌਤ ਹੋ ਗਈ।ਅੱਜ ਤਿੰਨ ਸਾਲ ਹੋ ਗਏ ਇਸ ਗੱਲ ਨੂੰ ਹਰਜੀਤ ਦੇ ਘਰ ਵਾਲੇ ਜ਼ੋਰ ਪਾਉਂਦੇ ਕੇ ਦੂਜਾ ਵਿਆਹ ਕਰਵਾ ਲੈ ਪਰ ਹਰਜੀਤ ਨਾ ਮੰਨਿਆ,ਪਰੀ ਵੀ ਹੋਰ ਬੱਚਿਆਂ ਨੂੰ ਵੇਖ ਵੇਖ ਮਾਂ ਮਾਂ ਆਖਦੀ ਫਿਰਦੀ ਰਹਿੰਦੀ।ਆਖਰ ਇੱਕ ਧੀ ਲਈ ਮਾਂ ਦੀ ਕਮੀ ਮਹਿਸੂਸ ਹੋਣਾ ਲਾਜ਼ਮੀ ਸੀ।ਪਰੀ ਰਾਤ ਨੂੰ ਆਪਣੇ ਪਾਪਾ ਨਾਲ ਹੀ ਸੌਂਦੀ,ਤੇ ਅਕਸਰ ਪੁੱਛਦੀ?
ਪਾਪਾ ਮੰਮੀ ਕਿੱਥੇ ਏ?
ਪੁੱਤ ਮੰਮੀ ਉਹ ਰੱਬ ਕੋਲ ਗਈ ਏ, ਹਰਜੀਤ ਹੱਥ ਅਸਮਾਨ ਵੱਲ ਕਰ ਦਿੰਦਾ,ਪਾਪਾ ਮੰਮੀ ਉੱਥੇ ਕੀ ਕਰਦੀ ਏ?ਪੁੱਤ ਮੰਮੀ ਉੱਥੇ ਤਾਰਾ ਬਣ ਗਈ ਏ ‘ਤੇ ਜਲਦੀ ਵਾਪਸ ਆ ਜਾਵੇਗੀ।ਮਾਸੂਮ ਜਿਹੀ ਪਰੀ ਸੱਚਮੁੱਚ ਤਾਰਿਆਂ ਵਿੱਚੋਂ ਆਪਣੀ ਮੰਮੀ ਨੂੰ ਲੱਭਦੀ ਰਹਿੰਦੀ ।ਧੀ ਨੂੰ ਝੂਠਾ ਦਿਲਾਸਾ ਦੇ ਹਰਜੀਤ ਵੀ ਤਾਰਿਆਂ ਦੀ ਦੁਨੀਆਂ ਵਿੱਚ ਗਵਾਚ ਜਾਂਦਾ।
ਅਕਸਰ ਹੀ ਪਰੀ ਰਾਤ ਨੂੰ ਉੱਠ ਕੇ ਵਿਹੜੇ ਵਿਚਕਾਰ ਜਾ ਖੜ੍ਹਦੀ,ਆਵਾਜ਼ਾਂ ਮਾਰਦੀ,ਮੰਮੀ ਮੰਮੀ ਮੈਂ ਇਧਰ ਖੜ੍ਹੀ ਆਂ ,ਆਹ ਵੇਖ ਤੇਰੀ ਪਰੀ,ਕਦੇ ਕਦੇ ਪਰੀ ਤਰਲਾ ਜਿਹਾ ਕਰਦੀ ‘ਤੇ ਕਦੇ ਕਦੇ ਮੰਮੀ ਨੂੰ ਗੁੱਸੇ ਨਾਲ ਕਹਿੰਦੀ,”ਤੈਨੂੰ ਪਤਾ ਨਹੀਂ ਲੱਦਦਾ।
ਅਚਾਨਕ ਹਰਜੀਤ ਦੀ ਅੱਖ ਖੁੱਲ੍ਹੀ, ਦੇਖਿਆ ਪਰੀ ਇਕੱਲੀ ਹੀ ਵਿਹੜੇ ਵਿੱਚ ਖੜ੍ਹੀ ਏਂ,ਪੁੱਤ ਕੀ ਗੱਲ ਹੈ, ਕਿਸ ਨੂੰ ਆਵਾਜ਼ਾਂ ਮਾਰ ਰਹੀ ਏ।ਪਾਪਾ ਮੰਮੀ ਆਈ ਸੀ ?ਤੁਸੀਂ ਕਿਹਾ ਸੀ ਨਾ ਮੰਮੀ ਤਾਰਾ ਬਣ ਗਈ ਏ ‘ਤੇ ਇੱਕ ਦਿਨ ਵਾਪਿਸ ਆਵੇਗੀ।ਅੱਜ ਸੱਚੀਂ ਮੰਮੀ ਤਾਰਾ ਬਣੀ ਰੱਬ ਕੋਲੋਂ ਵਾਪਸ ਆ ਰਹੀ ਸੀ,ਪਰ ਫਿਰ ਪਤਾ ਨਹੀਂ ਕਿੱਧਰ ਗੁਆਚ ਗਈ,ਮੈਨੂੰ ਪਤਾ ਏ ਮੰਮੀ ਘਰ ਭੁੱਲ ਗਈ ਤਾਂ ਹੀ ਤਾਂ ਮੈਂ ਆਵਾਜ਼ਾਂ ਮਾਰਦੀ ਆਂ।ਧੀ ਦੀ ਮਾਸੂਮੀਅਤ ਨੇ ਹਰਜੀਤ ਦਾ ਤ੍ਰਾਹ ਕੱਢ ਦਿੱਤਾ,ਹਉਕੇ, ਹੰਝੂ ਬੱਸ ਅੱਜ ਸਬਰ ਦਾ ਬੰਨ੍ਹ ਟੁੱਟ ਗਿਆ।ਕਿੰਨਾ ਚਿਰ ਹਰਜੀਤ ਧੀ ਨੂੰ ਗੱਲ ਲਾ ਰੋਈ ਗਿਆ।ਧੀਏ ਆਖਰ ਕਦ ਤੱਕ ਝੂਠ ਦਾ ਸਹਾਰਾ ਲਵਾਂਗੇ।
ਕਦੇ ਮਰੇ ‘ਤੇ “ਟੁੱਟਦੇ ਤਾਰੇ” ਦੀ ਘਰ ਵਾਪਸੀ ਨਹੀਂ ਹੁੰਦੀ।ਆਪਣੇ ਪਾਪਾ ਨੂੰ ਇਸ ਤਰ੍ਹਾਂ ਰੋਂਦੇ ਵੇਖ ਪਰੀ ਵੀ ਸਮਝ ਗਈ ਕਿ ਮੰਮੀ ਕਦੇ ਵਾਪਸ ਨਹੀਂ ਆਵੇਗੀ, ‘ਤੇ ਅੱਜ ਉਹ ਮਾਸੂਮ ਬਿਨ ਮਾਂ ਦੀ ਧੀ ਵੀ ਵਿਲਕ ਉੱਠੀ,ਸ਼ਾਇਦ ਉਹ ਵੀ “ਟੁੱਟਦੇ ਤਾਰੇ” ਦੀ ਸੱਚਾਈ ਜਾਣ ਗਈ ਸੀ।
95172-90006