ਅਧੂਰੀ ਚਿੱਠੀ | adhuri chithi

ਬੰਤੇ ਦੇ ਘਰੋਂ ਸਵੇਰੇ ਸਵੇਰੇ ਬੇਬੇ ਦੇ ਰੋਣ ਦੀ ਆਵਾਜ਼ ਆਉਣ ਲੱਗੀ।ਆਂਢ ਗੁਆਂਢ ਵੀ ਜਲਦੀ ਹੀ ਬੰਤੇ ਦੇ ਘਰ ਇਕੱਠਾ ਹੋ ਗਿਆ,ਜਦ ਜਾ ਕੇ ਵੇਖਿਆ ਤਾਂ ਬੰਤਾ ਜ਼ਮੀਨ ‘ਤੇ ਡਿੱਗਿਆ ਪਿਆ ਸੀ ‘ਤੇ ਬੇਬੇ ਬੰਤੇ ਦੇ ਸਿਰਹਾਣੇ ਬੈਠੀ ਰੋ ਰਹੀ ਸੀ।
ਜਿਵੇਂ ਜਿਵੇਂ ਬੰਤੇ ਦੀ ਮੌਤ ਦਾ ਪਤਾ ਲੱਗਦਾ ਗਿਆ, ਲੋਕ ਆਉਣ ਲੱਗ ਪਏ ‘ਤੇ ਫਿਰ ਬੰਤੇ ਦੀਆਂ ਬੀਤੇ ਸਮੇਂ ਦੀਆਂ ਗੱਲਾਂ ਹੋਣ ਲੱਗੀਆਂ।
“ਬਈ ਬੜਾ ਮਿਹਨਤੀ ਬੰਦਾ ਸੀ ਬੰਤਾ”
ਬਾਪੂ ਦੇ ਮਰਨ ਤੋਂ ਬਾਅਦ ਅਜਿਹਾ ਖੇਤੀ ਦੇ ਕੰਮ ਵਿੱਚ ਪਿਆ, ਬੰਤੇ ਨੇ ਮੁੜ ਸਿਰ ਉਤਾਂਹ ਨਾ ਚੁੱਕਿਆ।
ਕੰਮਕਾਰ ਨੂੰ ਬੜਾ ਸੁਚੱਜਾ ਸੀ ‘ਤੇ ਫੇਰ ਬੰਤੇ ਦਾ ਵਿਆਹ ਹੋ ਗਿਆ।ਘਰ ਇੱਕ ਪੁੱਤ ਨੇ ਜਨਮ ਲਿਆ ‘ਤੇ ਇਸ ਤੋਂ ਬਾਅਦ ਤਾਂ ਬੰਤਾ ਹੋਰ ਵੀ ਕੋਹਲੂ ਦੇ ਬੈਲ ਵਾਂਗੂੰ ਜੂਝਦਾ ਰਿਹਾ।
ਪਿੰਡ ਵਿੱਚ ਲੱਗਦੇ ਮੇਲੇ ‘ਤੇ ਆਪਣੇ ਪੁੱਤ ਨੂੰ ਮੋਢਿਆਂ ‘ਤੇ ਬਿਠਾ ਸਾਰਾ ਮੇਲਾ ਘੁਮਾ ਦੇਣਾ। ਉਹਦਾ ਹਰ ਚਾਅ ਲਾਡ ਪੂਰਾ ਕਰਨਾ।
ਪਰ ਫਿਰ ਵੀ ਹੋਇਆ ਬਹੁਤ ਮਾੜਾ ਵਿਚਾਰੇ ਨਾਲ, ਸਾਰਾ ਬੁਢਾਪਾ ਰੁਲ ਖੁਲ ਕੇ ਕੱਢਿਆ ਬੰਤੇ ਨੇ।
ਬੰਦਾ ਕਮਾਉਂਦਾ ਕਿਸ ਦੀ ਖ਼ਾਤਰ।ਸਿਰਫ਼ ਆਪਣੀ ਔਲਾਦ ਲਈ, ਜੇਕਰ ਔਲਾਦ ਹੀ ਮਾੜੀ ਹੋ ਜਾਵੇ ਤਾਂ ਫਿਰ ਬੰਦਾ ਕੀ ਕਰ ਸਕਦਾ।
ਕੁਝ ਬੰਦਿਆਂ ਨੇ ਜਾ ਕੇ ਸਿਵਿਆਂ ਵਿੱਚ ਲੱਕੜਾਂ ਰੱਖ ਆਦੀਆਂ ।
ਪਰ ਬੰਤੇ ਦੀ ਚਿਤਾ ਨੂੰ ਅੱਗ ਦੇਣ ਵਾਲਾ ਤਾਂ ਵਿਦੇਸ਼ਾਂ ਵਿੱਚ ਬੈਠਾ ਸੀ। ਆਖ਼ਰ ਪਿਉ ਨੂੰ ਅੱਗ ਪੁੱਤ ਨੇ ਹੀ ਦੇਣੀ ਸੀ।
ਸੱਥ ਵਿੱਚ ਬੈਠੇ ਬਾਬੇ ਸੱਜਣ ਨੂੰ ਵੀ ਪਤਾ ਲੱਗ ਗਿਆ ਕਿ ਬੰਤਾ ਗੁਜ਼ਰ ਗਿਆ।
ਬਾਬਾ ਸੱਜਣ ‘ਤੇ ਬੰਤਾ ਬਚਪਨ ਦੇ ਦੋਸਤ ਸਨ। ਇਕੱਠੇ ਹੀ ਖੇਡੇ ‘ਤੇ ਵੱਡੇ ਹੋਏ।ਛੋਟੀ ਹੀ ਉਮਰੇ ਬਾਪੂ ਦੇ ਗੁਜ਼ਰ ਜਾਣ ਤੋਂ ਬਾਅਦ ਬੰਤਾ ਸਕੂਲ ਵਿੱਚੋਂ ਹਟ ਗਿਆ,ਪਰ ਬਾਬਾ ਸੱਜਣ ਪੰਜ ਜਮਾਤਾਂ ਪੜ੍ਹ ਗਿਆ।
ਬਾਬਾ ਸੱਜਣ ‘ਤੇ ਬੰਤਾ ਦੋਵੇਂ ਹੀ ਭਰਾਵਾਂ ਵਾਂਗ ਰਹਿੰਦੇ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਬੰਤੇ ਦਾ ਪੁੱਤ ਵਿਦੇਸ਼ ਜਾਣ ਦੀ ਜਿੱਦ ਫੜ ਕੇ ਬੈਠ ਗਿਆ।ਬੰਤੇ ਨੇ ਬਥੇਰਾ ਸਮਝਾਇਆ, ਘੂਰਿਆ ਕੱਪਿਆ ਪਰ ਉਹ ਨਾ ਸਮਝਿਆ।
ਮੈਂ ਬੰਤੇ ਦੀ ਹਰ ਦਿਲ ਦੀ ਗੱਲ ਤੋਂ ਜਾਣੂ ਸੀ, ਉਸ ਦਾ ਦੁੱਖ ਕਦੇ ਮੈਥੋਂ ਛੁਪਿਆ ਨਹੀਂ ਸੀ।
ਉਹ ਹਰ ਰੋਜ਼ ਸ਼ਾਮ ਢਲੀ ਮੇਰੇ ਘਰ ਆ ਜਾਂਦਾ ‘ਤੇ ਇੱਕੋ ਗੱਲ ਆਖਦਾ।
ਯਾਰ ਸੱਜਣਾ ਤੈਨੂੰ ਤਾਂ ਪਤਾ ਈ ਐ, ਇਕੋ ਤਾਂ ਪੁੱਤ ਆ ਮੇਰਾ ‘ਤੇ ਫਿਰ ਆ ਸਾਰੀ ਜ਼ਮੀਨ ਤਾਂ ਇਹਦੀ ਏ,ਇੱਥੇ ਰਹਿ ਵਾਹੀ ਕਰਲਏ ਜਾਂ ਹੋਰ ਕੰਮ ਕਰ ਲਏ।ਵਿਦੇਸ਼ਾਂ ਵਿੱਚ ਕਿਹੜਾ ਪੈਸੇ ਦਰੱਖ਼ਤਾਂ ਨੂੰ ਲੱਗਦੇ ਆਂ, ਮਿਹਨਤ ਤਾਂ ਉੱਥੇ ਵੀ ਕਰਨੀ ਹੀ ਪੈਣੀ ਆਂ।
ਮੈਂ ਚੰਗੀ ਤਰ੍ਹਾਂ ਬੰਤੇ ਦਾ ਦੁੱਖ ਸਮਝਦਾ ਸੀ ,ਪਰ ਕੀ ਕੀਤਾ ਜਾ ਸਕਦਾ ਸੀ।
‘ਤੇ ਫਿਰ ਮਜਬੂਰਨ ਬੰਤੇ ਨੂੰ ਕੁਝ ਜ਼ਮੀਨ ਵੇਚ ਆਵਦੇ ਪੁੱਤ ਨੂੰ ਵਿਦੇਸ਼ ਭੇਜਣਾ ਪਿਆ ‘ਤੇ ਇਹ ਆਖ ਗਿਆ ਕਿ ਮੈਂ ਛੇਤੀ ਆ ਜਾਵਾਂਗਾ ‘ਤੇ ਫਿਰ ਤੈਨੂੰ ‘ਤੇ ਬੇਬੇ ਨੂੰ ਵੀ ਆਪਣੇ ਨਾਲ ਵਿਦੇਸ਼ ਹੀ ਲੈ ਜਾਵਾਂਗਾ।
ਉਹ ਦਿਨ ‘ਤੇ ਅੱਜ ਦਾ ਦਿਨ ਬੰਤੇ ਦਾ ਪੁੱਤ ਵਾਪਸ ਨਾ ਆਇਆ।
ਪਰ ਬੰਤਾ ਇਸੇ ਆਸ ‘ਤੇ ਦਿਨ ਕਟੀ ਕਰ ਰਿਹਾ ਸੀ, ਕਿ ਉਸ ਦਾ ਪੁੱਤ ਜ਼ਰੂਰ ਵਾਪਸ ਆਵੇਗਾ।
ਪੁੱਤ ਤਾਂ ਨਾ ਆਇਆ ,ਪਰ ਇੱਕ ਚਿੱਠੀ ਜ਼ਰੂਰ ਆ ਗਈ ਸੀ।
ਬੰਤੇ ਨੂੰ ਜ਼ਿਆਦਾ ਪੜ੍ਹਨਾ ਲਿਖਣਾ ਤਾਂ ਆਉਂਦਾ ਨਹੀਂ ਸੀ।ਇਸ ਲਈ ਉਹ ਚਿੱਠੀ ਮੇਰੇ ਕੋਲ ਲੈ ਆਇਆ ‘ਤੇ ਕਹਿਣ ਲੱਗਾ। ਓਏ ਸੱਜਣਾਂ ਦੇਖ ਖਾ ਜ਼ਰਾ ਮੇਰੇ ਪੁੱਤ ਨੇ ਕਦੋਂ ਆਉਣਾ।
ਚਿੱਠੀ ਵੇਖ ਮੈਂ ਵੀ ਖੁਸ਼ ਸੀ, ਕਿ ਬੰਤਾ ‘ਤੇ ਬੇਬੇ ਆਪਣੇ ਪੁੱਤ ਕੋਲ ਚਲੇ ਜਾਣ। ਨਹੀਂ ਤਾਂ ਇੱਥੇ ਵਿਚਾਰਿਆਂ ਨੂੰ ਬੁਢਾਪਾ ਕੱਟਣਾ ਔਖਾ ਹੋ ਜਾਣਾ।
ਮੈਂ ਚਿੱਠੀ ਖੋਲ੍ਹ ਪੜ੍ਹਨੀ ਸ਼ੁਰੂ ਕਰ ਦਿੱਤੀ
ਬਾਪੂ ਜੀ ਮੈਂ ਇੱਥੇ ਰਾਜ਼ੀ ਖੁਸ਼ੀ ਹਾਂ’ਤੇ ਇੱਥੇ ਪੱਕੇ ਹੋਣ ਲਈ ਇੱਥੋਂ ਦੀ ਕੁੜੀ ਨਾਲ ਵਿਆਹ ਕਰਵਾ ਲਿਆ।ਬਾਪੂ ਪਿੰਡ ਗੇੜਾ ਵੱਜਣਾ ਹੁਣ ਬਹੁਤ ਔਖਾ।ਪਰ ਤੂੰ ਫ਼ਿਕਰ ਨਾ ਕਰੀਂ ਬਾਪੂ, ਮੈਂ ਪੈਸੇ ਸਮੇਂ ਸਿਰ ਭੇਜਦਾ ਰਹਾਂਗਾ।
ਚਿੱਠੀ ਸੁਣ ਬੰਤੇ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ ਕਿ ਹੁਣ ਉਹ ਕੀ ਕਰੇ।
ਆਪਣੇ ਪੁੱਤ ਨੂੰ ਮੋਢਿਆਂ ‘ਤੇ ਬਿਠਾ ਸਾਰਾ ਮੇਲਾ ਘੁੰਮਾਉਂਦੇ ਬੰਤਾ ਕਦੇ ਨਾ ਥੱਕਿਆ ਪਰ ਅੱਜ ਜਿਵੇਂ ਬੰਤੇ ਦੇ ਵਜੂਦ ‘ਤੇ ਭਾਰੀ ਬੋਝ ਪੈ ਗਿਆ ਹੋਵੇ।
ਬੰਤਾ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ ਪਰ ਮੂੰਹੋਂ ਕੋਈ ਸ਼ਬਦ ਨਹੀਂ ਸੀ ਨਿਕਲ ਰਿਹਾ।
ਬੰਤੇ ਦੀਆਂ ਅੱਖਾਂ ਭਰ ਆਈਆਂ ‘ਤੇ ਫਿਰ ਚਿੱਠੀ ਲੈ ਕੇ ਘਰ ਆ ਗਿਆ।
ਉਸ ਤੋਂ ਬਾਅਦ ਤਾਂ ਬੰਤਾ ਜਿਵੇਂ ਬਿਲਕੁਲ ਹਾਰ ਹੀ ਗਿਆ।ਪੁੱਤ ਦੇ ਵਿਯੋਗ ਵਿੱਚ ਬੰਤਾ ਦਿਨੋਂ ਦਿਨ ਘਟਦਾ ਗਿਆ ‘ਤੇ ਹੌਲੀ ਹੌਲੀ ਮੰਜੇ ‘ਤੇ ਪੈ ਗਿਆ।
ਇਕ ਦਿਨ ਫਿਰ ਬੰਤਾ ਹੌਲੀ ਹੌਲੀ ਖੂੰਡੀ ਦੇ ਸਹਾਰੇ ਤੁਰ ਕੇ ਮੇਰੇ ਕੋਲ ਆਇਆ।ਉਸ ਦੀਆਂ ਅੱਖਾਂ ਅੱਜ ਮੈਨੂੰ ਬੜਾ ਕੁਝ ਆਖ ਰਹੀਆਂ ਸੀ ‘ਤੇ ਫੇਰ ਇੱਕ ਕਾਗਜ਼ ‘ਤੇ ਪੈੱਨ ਮੈਨੂੰ ਫੜਾ ਦਿੱਤਾ।ਮੈਂ ਕਾਗਜ਼ ‘ਤੇ ਪੈੱਨ ਫੜ ਕੇ ਬੰਤੇ ਨੂੰ ਮੰਜੇ ‘ਤੇ ਹੀ ਬਿਠਾ ਲਿਆ।
ਮੈਂ ਬੰਤੇ ਦਾ ਹੱਥ ਫੜ ਕੇ ਤਲੀਆਂ ਨੂੰ ਆਪਣੇ ਹੱਥਾਂ ਨਾਲ ਮਲਿਆ ‘ਤੇ ਕਿਹਾ, ਕੀ ਗੱਲ ਬੰਤਿਆ ਠੀਕ ਤਾਂ ਹੈਂ।
ਚਿੱਠੀ ਲਿਖਣੀ ਆ ਸੱਜਣਾ ਪੁੱਤ ਨੂੰ ‘ਤੇ ਇੰਨਾ ਆਖ ਬੰਤੇ ਨੇ ਬੋਲਣਾ ਸ਼ੁਰੂ ਕਰ ਦਿੱਤਾ।
ਮੇਰੇ ਪੁੱਤਾ ਹੁਣ ਹੋਰ ਬੁੱਢੇ ਹੱਡਾਂ ਵਿੱਚ ਦਮ ਨਹੀਂ ,ਕੀ ਪਤਾ ਕਦ ਪੰਖੇਰੂ ਉੱਡ ਜਾਣ।ਸਾਡੇ ਬੁਢਾਪੇ ਦਾ ਆਖ਼ਰੀ ਸਹਾਰਾ ਪੁੱਤਾ ਬਸ ਤੂੰ ਹੀ ਹੈ।
ਕੀ ਲੈਣਾ ਅਜਿਹੀਆਂ ਕਮਾਈਆਂ ਤੋਂ ਕੇ ਪੁੱਤਾ, ਮਾਪੇ ਵਿਲਕਦੇ ਫਿਰਨ।ਆ ਜਾ ਮੇਰਾ ਪੁੱਤ ਘਰ, ਤੇਰੀ ਬੇਬੇ ਵੀ ਤੈਨੂੰ ਉਡੀਕਦੀ ਅੱਖੋਂ ਅੰਨ੍ਹੀ ਹੋ ਗਈ।ਨਾਲੇ ਪੁੱਤਾ ਅੱਗ ਵੀ ਸਾਨੂੰ ਤੂੰ ਹੀ ਦੇਣੀਆਂ ‘ਤੇ ਇੰਨਾ ਆਖ ਬੰਤੇ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ।ਉਸ ਤੋਂ ਹੋਰ ਕੁਝ ਵੀ ਬੋਲਿਆ ਨਾ ਗਿਆ ‘ਤੇ ਉਹ ਚਿੱਠੀ ਲੈ ਕੇ ਘਰ ਆ ਗਿਆ।
ਉਸ ਦਿਨ ਰਾਤ ਤਾਂ ਗੁਜ਼ਰ ਗਈ, ਪਰ ਸਵੇਰ ਨੂੰ ਬੰਤਾ ਗੁਜ਼ਰ ਗਿਆ।
‘ਤੇ ਹੁਣ ਜਦੋਂ ਬੰਤੇ ਦਾ ਕੋਈ ਵਾਰਸ ਨਾ ਆਇਆ ਤਾਂ ਮੈਨੂੰ ਕਿਹਾ ਗਿਆ। ਕਿ ਤੂੰ ‘ਤੇ ਬੰਤਾ ਭਰਾਵਾਂ ਵਾਂਗ ਰਹਿੰਦੇ ਸੀ। ਇਸ ਦੀ ਚਿਤਾ ਨੂੰ ਅੱਗ ਵੀ ਤੂੰ ਹੀ ਦੇ ਦੇ ‘ਤੇ ਫੇਰ ਬੰਤੇ ਦਾ ਆਖਰੀ ਇਸ਼ਨਾਨ ਕਰਵਾਇਆ ਗਿਆ। ਜਦ ਮੈਂ ਬੰਤੇ ਦੇ ਕੱਪੜੇ ਉਤਾਰੇ ਤਾਂ ਜੇਬ ਵਿੱਚ ਉਹੀ ਚਿੱਠੀ ਸੀ, ਜੋ ਕਿ ਸ਼ਾਇਦ ਬੰਤੇ ਦੇ ਹੰਝੂਆਂ ਨਾਲ ਸਲ੍ਹਾਬੀ ਹੋਈ ਪਈ ਸੀ।
ਮੈਂ ਉਹ ਚਿੱਠੀ ਆਪਣੀ ਮੁੱਠੀ ਵਿੱਚ ਘੁੱਟ ਫੜ ਲਈ।
ਬੰਤੇ ਨੂੰ ਸਿਵਿਆਂ ਵਿੱਚ ਲਿਜਾ ਕੇ ਲੱਕੜਾਂ ‘ਤੇ ਪਾ ਦਿੱਤਾ ‘ਤੇ ਮੈਂ ਬੰਤੇ ਦੀ ਚਿਤਾ ਨੂੰ ਅੱਗ ਦੇ ਦਿੱਤੀ, ਅਤੇ ਨਾਲ ਹੀ ਉਹ ਚਿੱਠੀ ਵੀ ਬੰਤੇ ਦੇ ਨਾਲ ਹੀ ਸਾੜ ਦਿੱਤੀ ।ਜੋ ਕਿ ਹੁਣ ਕਦੇ ਵੀ ਪੂਰੀ ਨਹੀਂ ਸੀ ਹੋਣ ਵਾਲੀ…….. ?
ਕੁਲਵੰਤ ਘੋਲੀਆ
95172-90006

One comment

Leave a Reply

Your email address will not be published. Required fields are marked *